ਅਜੈਵੀਰ ਸਿੰਘ ਲਾਲਪੁਰਾ
ਪੰਜਾਬੀ ਸਭਿਆਚਾਰ ਦਾ ਇਕ ਖ਼ੂਬ ਸੂਰਤ ਅੰਗ ਹਨ ਭੰਡ !! ਭੰਡਾਂ ਦੀ ਕੌਈ ਜਾਤ ਜਾ ਧਰਮ ਨਹੀਂ ਹੁੰਦਾ ,ਉਹ ਕੇਵਲ ਸਮਾਜ ਵਿੱਚ ਹਾਸੇ ਠੱਠੇ ਤੇ ਖੁਸ਼ੀਆਂ ਵੰਡਦੇ ਆਪਣੀ ਰੋਜੀ ਰੋਟੀ ਕਮਾਉਂਦੇ ਹਨ !!
ਵਿਆਹ ਸ਼ਾਦੀਆਂ ਤੇ ਖੁਸ਼ੀਆਂ ਦੇ ਸਮਾਗਮ ,ਉਨਾ ਦੀ ਹਾਜ਼ਰੀ ਬਿਨਾ ਅਧੂਰੇ ਹੁੰਦੇ ਹਨ !! ਉਨਾ ਵੱਲੋਂ ਦਿਲ ਪਰਚਾਵੇ ਲਈ ਕੀਤੀਆਂ ਜਾਂਦੀਆਂ ਜੁਗਤਾਂ ਤੇ ਮਖੌਲ ਸਚਾਈ ਤੋਂ ਕੋਹਾਂ ਦੂਰ ਹੁੰਦੇ ਹਨ !! ਇਕੱਠੇ ਆ ਕੇ ਉਹ ਇਕ ਦੂਜੇ ਦੀਆਂ ਮਾਂਵਾਂ , ਭੈਣਾਂ , ਬਜ਼ੁਰਗਾਂ ਤੇ ਪਰਿਵਾਰਕ ਮੈਬੰਰਾ ਤੇ ਤਨਜ ਕੱਸਦੇ ਇਕ ਦੂਜੇ ਦੇ ਲਿਤਰ ਆਪਸ ਵਿੱਚ ਵੀ ਬਦਲ ਬਦਲ ਕੇ ਮਾਰਦੇ ਹਨ !!
ਤਮਾਸ਼ਾ ਵੇਖਣ ਵਾਲਾ ਖੁਸ਼ ਹੋ ਕੇ ,ਆਪਣੀ ਜੇਬ ਖਾਲ਼ੀ ਕਰ ,ਉਨਾ ਦੇ ਹੱਥ ਤੇ ਰੱਖਦੇ ਹਨ ਤੇ ਉਹ ਦੁਆਵਾਂ ਦਿੰਦੇ ਚਲੇ ਜਾਂਦੇ ਹਨ ਤੇ ਅਗਲੇ ਖੁਸ਼ੀ ਦੇ ਮੌਕੇ ਤੇ ਉਨਾ ਦਾ ਇੰਤਜਾਰ ਕਰੀਦਾ ਹੈ !!
ਹੁਣ ਇਹ ਹੱਸਣ ਹਸਾਉਣ ਦਾ ਕੰਮ ਟੈਲੀਵੀਜ਼ਨ ਤੇ ਫਿਲਮਾ ਵਿੱਚ ਵੀ ਪੇਸ਼ਾ ਬਣ ਗਿਆ ਹੈ !!
ਪੰਜ ਸਾਲ ਵਾਦ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ , ਇਹ ਵੀ ਅਜ਼ਾਦੀ ਦਾ ਤਿਉਹਾਰ ਹੈ , ਖੁਸ਼ੀ ਤਾਂ ਮਨਾਉਣੀ ਚਾਹੀਦੀ ਹੈ !!
ਇਸ ਵਿੱਚ ਵੀ ਭੰਡ ਆਉਂਦੇ ਹਨ ਪਰ ਪਾਰਟੀ ਲੀਡਰ ਜਾ ਉਮੀਦਵਾਰ ਰੂਪ ਵਿੱਚ !!
ਇਕ ਦੂਜੇ ਦੇ ਪੋਤੜੇ ਵੀ ਫਰੋਲੇ ਜਾਂਦੇ ਹਨ , ਗਾਲਾਂ ਵੀ ਕਡੀਆਂ ਜਾਂਦੀਆਂ ਤੇ ਨਸ਼ੇ ਵੀ ਵੰਡੇ ਜਾਂਦੇ ਹਨ , ਕਾਰਵਾਈ ਕਰਨ ਦੀਆਂ ਧਮਕੀਆਂ ਤੇ ਸੁਨਹਿਰੇ ਭਵਿਖ ਦੇ ਵਾਇਦੇ ਵੀ ਕੀਤੇ ਜਾਂਦੇ !! ਨਸ਼ੇ , ਪੈਸੇ ਤੇ ਝੂਠ ਦੇ ਧੂੰਏਂ ਨਾਲ ਵੋਟਰ ਸੱਚ ਤੇ ਝੂਠ ਪਛਾਣਨ ਵਿੱਚ ਮਾਰ ਖਾ ਜਾਂਦਾ ਹੈ ਤੇ ਪੰਜ ਸਾਲ ਹੱਥ ਮਲਦਾ ਪਛਤਾਉਂਦਾ ਹੈ !!
ਪੰਜਾਬ ਪਿਛਲੇ ਸਤਰ ਸਾਲ ਤੋਂ ਅੰਦੋਲਨਾਂ ਦਾ ਕੇਂਦਰ ਹੈ , ਕਦੇ ਪੰਜਾਬੀ ਬੋਲੀ , ਕਦੇ ਪੰਜਾਬੀ ਸੂਬਾ , ਕਦੇ ਮਹਾਂ ਪੰਜਾਬ , ਕਦੇ ਪਵਿੱਤਰ ਸ਼ਹਿਰ ,ਕਦੇ ਧਰਮ ਯੁੱਧ ਮੋਰਚਾ , ਕਦੇ ਨਹਿਰੀ ਪਾਣੀ , ਪੰਜਾਬੀ ਬੋਲਦੇ ਇਲਾਕੇ , ਭਾਖੜਾ ਡੈਮ ਦਾ ਕੰਟਰੋਲ , ਚੰਡੀਗੜ੍ਹ , ਕਦੇ ਖਾਲਿਸਤਾਨ ਤੇ ਕਦੇ ਕੇੰਦਰੀ ਖੇਤੀ ਕਾਨੂੰਨ ਆਦਿ ਆਦਿ !! ਪਰ ਕਿਸੇ ਮੋਰਚੇ ਤੇ ਫ਼ਤਿਹ ਪ੍ਰਾਪਤ ਨਹੀਂ ਕੀਤੀ ,ਪੰਜਾਬ ਜੋ ਗੁਰਾਂ ਦੇ ਨਾਂ ਤੇ ਜਿਉਂਦਾ ਹੈ , ਇਸ ਕਾਰਨ ਧਰਮ ਤੇ ਜਾਤੀ ਦੇ ਆਧਾਰ ਤੇ ਅੱਜ ਵੰਡਿਆ ਨਜ਼ਰ ਆਉਂਦਾ ਹੈ !!
ਪੰਜਾਬ ਦੇ ਵੱਡੇ ਮੁੱਦੇ ਵਿੱਦਿਆ , ਰੋਜ਼ਗਾਰ , ਖੇਡਾਂ , ਬਉਪਾਰ , ਕਾਰਖ਼ਾਨੇ , ਖੇਤੀ ਤੇ ਸੰਬੰਧਤ ਧੰਦੇ ,ਕਿਸੇ ਦੇ ਏਜੰਡੇ ਤੇ ਨਹੀਂ ਹਨ !!
ਵਿੱਦਿਆ ਤੇ ਰੋਜ਼ਗਾਰ ਲਈ ,ਨੋਜਵਾਨ ਮਾਂ ਬਾਪ ਦਾ ਸਰਮਾਇਆ ਲੁਟਾ ਤੇ ਪੈਲੀ ਵਿਕਾ ਕੇ ਵਿਦੇਸ਼ ਵੱਲ ਤੁਰ ਪਿਆ ਹੈ !! ਕੇਂਦਰੀ ਸੇਵਾ ਵਿਚ ਪੰਜਾਬੀ ,ਆਈ ਏ ਐਸ ਤੇ ਹੋਰ ਅਫਸਰ ਤਾਂ ਨਾਂ ਦੇ ਬਰਾਬਰ ਹੀ ਹਨ ਤੇ ਨਾ ਹੀ ਨਵੇ ਚੁਣੇ ਜਾ ਰਹੇ ਹਨ , ਸਿਤਮ ਹੈ ਫੌਜ ਦੀ ਸਿੱਖ ਰੈਜੀਮੈਂਟ ਲਈ ਵੀ ਯੋਗ ਨੋਜਵਾਨ ਨਹੀਂ ਮਿਲ ਰਹੇ !!
ਵਿੱਦਿਆ ਜਾਂ ਤਾਂ ਵਿਉਪਾਰ ਬਣ ਗਈ ਹੈ ਜਾ ਦਰਜਾ ਤੀਜਾ ਨੋਕਰੀ ਤੋਂ ਉਤੇ ਲਈ ਤਿਆਰ ਨਹੀਂ ਕਰਦੀ !!
ਵਿਦੇਸ਼ਾਂ ਵਿੱਚ ਬਚਿਆਂ ਦੀ ਜੀਵਨ ਪ੍ਰਤੀ ਸੋਚ ਤੇ ਨਜ਼ਰੀਆ ਬਦਲਣ ਦਾ ਯਤਨ ਹੋ ਰਿਹਾ ਹੈ ,ਪਰ ਪੰਜਾਬ ਵਿੱਚ ਉਹ ਨਾਨਕ ਨਾਮ ਚੜਦੀ ਕਲਾ ਦੇ ਰਾਹ ਚੱਲਣ ਦੀ ਥਾਂ , ਬੱਚੇ ਨਸ਼ਿਆਂ ਵਿੱਚ ਗ਼ਲਤਾਨ ਹੋ ਬਿਮਾਰ ਤੇ ਬਦਨਾਮ ਹੋ ਰਹੇ ਹਨ !!
ਨਸ਼ੇ ਇਕ ਬਿਉਪਾਰ ਬਣ ਚੁੱਕਾ ਹੈ !!ਸ਼ਰਾਬ ਦਾ ਕੰਮ ਸਰਕਾਰ ਦੀ ਪੁਸ਼ਤਪਨਾਹੀ ਨਾਲ ਸੈੰਡੀਕੇਟ ਕਰ ਰਹੀ ਹੈ ਤੇ ਦੂਜੇ ਸੂਬਿਆਂ ਵਾਂਗ ਕਮਾਈ ਤਾਂ ਕੀ ਹੋਣੀ ਸੀ ,ਪਿਛਲੇ ਸਾਲ ਜਾਲੀ ਸ਼ਰਾਬ ਨਾਲ 200 ਤੋਂ ਵੱਧ ਬੰਦੇ ਮਾਝੇ ਦੀ ਧਰਤੀ ਤੇ ਮਰੇ ,ਪਰ ਅਸਲ ਦੋਸ਼ੀ ਤੇ ਜਾਲੀ ਫ਼ੈਕਟਰੀਆਂ ਵਾਲੇ ਨਾ ਕਿਸੇ ਫੜੇ ਨਾ ਫੜਣੇ ਹਨ ?
ਰੋਜ਼ਗਾਰ ਜਾਂ ਇੰਡਸਟਰੀ ਤੋਂ ਮਿਲ ਸਕਦਾ ਹੈ ਜਾਂ ਖੇਤੀ ਬਾੜੀ ਤੇ ਉਸ ਨਾਲ ਸੰਬੰਧਤ ਉਦਯੋਗ ਨਾਲ ,ਸਰਕਾਰਾਂ ਤਾਂ ਦੋ ਫੀਸਦੀ ਤੋ ਜ਼ਿਆਦਾ ਲੋਕਾਂ ਨੂੰ ਸਰਕਾਰੀ ਮੁਲਾਜ਼ਮਤ ਵਿੱਚ ਰੋਜ਼ਗਾਰ ਨਹੀ ਦੇ ਸਕਦੀਆਂ !! ਪਰ ਪੁਰਾਣੀਆਂ ਫ਼ੈਕਟਰੀਆਂ ਤੇ ਕਾਰਖ਼ਾਨੇ ਪੰਜਾਬ ਸਰਕਾਰ ਦੀਆਂ ਨੀਤੀਆਂ , ਲਾਲ ਝੰਡੇ ਵਾਲੇ ਤੇ ਦੇਸ਼ ਤੋ ਵੱਖ ਹੋਣ ਦੀ ਗੱਲ ਕਰਨ ਵਾਲੇ ਲੋਕਾਂ ਨੇ ਬੰਦ ਕਰਵਾ ਦਿਤਿਆਂ ਹਨ! ਨਵੀਂਆਂ ਫ਼ੈਕਟਰੀਆਂ ਲਾਉਣ ਜਾ ਲੁਆਉਣ ਲਈ ਨਾ ਕਿਸੇ ਦੀ ਇੱਛਾ ਹੈ ਨਾ ਹੀ ਕਿਸੇ ਯਤਨ ਕਰਨਾ ਹੈ ?
ਰੇਤ ਬਜਰੀ , ਗ਼ੈਰ ਕਾਨੂੰਨੀ ਖਨਣ ਜੋ ਪੰਜਾਬ ਦਾ ਕੁਦਰਤੀ ਸਰਮਾਇਆ ਲੁੱਟ ਰਿਹਾ ਹੈ ,ਪਿਛਲੇ 25/30 ਸਾਲ ਤੋਂ ,ਗੁੰਡਾ ਪਰਚੀ ਲਾਉਣ ਤੇ ਲਵਾਉਣ ਵਾਲੇ ਲੋਕਾਂ ਦੇ ਹੱਥ ਵਿੱਚ ਹੈ , ਜੇ ਸਰਕਾਰ ਇੰਨਾਂ ਗੁੰਡਿਆਂ ਨੂੰ ਰੋਕਦੀ ਨਹੀਂ ,ਤਾਂ ਸਾਫ਼ ਜ਼ਾਹਰ ਹੈ ਕਿ ਸਰਕਾਰਾਂ ਹੀ ਇੰਨਾਂ ਗੁੰਡਿਆਂ ਦੀਆ ਬਣਦੀਆਂ ਹਨ ,ਜਿਨਾ ਸੁਪਰੀਮ ਤੇ ਹਾਈ ਕੋਰਟਾਂ ਦਾ ਹੁਕਮ ਤਾਂ ਕੀ ਮੰਨਣਾ ਸੀ , ਵਿਰੋਧ ਕਰਨ ਵਾਲ਼ਿਆਂ ਅਮਨ ਪਸੰਦ ਲੋਕਾਂ ਤੇ ਹੀ ਤਸ਼ਦੱਦ ਕਰਵਾ ਰਹੀਆਂ ਸਨ ਤੇ ਹਨ ਵੀ !! ਇਸ ਨਾਲ ਦਰਿਆ ਤੇ ਨਦੀਆਂ ਦੇ ਨੇੜੇ ਦੀਆਂ ਜ਼ਮੀਨਾਂ ਬੰਜਰ ਬਣ ਰਹੀਆਂ ਹਨ !! ਸਸਤੇ ਰੇਤ ਦੀ ਗੱਲ ਵੀ ਅੱਜ ਤੱਕ ਭੰਡਾਂ ਦੀ ਗੱਪ ਤੇ ਦਿਲ-ਪਰਚਾਵਾ ਹੀ ਹੈ !!
ਤਰੱਕੀ ਦਾ ਕੇਵਲ ਇਕ ਹੀ ਰਾਹ ਹੈ ਸਖ਼ਤ ਮੇਹਨਤ ਤੇ ਦ੍ਰਿੜ੍ਹ ਸੰਕਲਪ , ਹਰ ਇਕ ਇਸੇ ਰਾਹ ਤੁਰਕੇ ਅੱਗੇ ਵਧਦਾ ਹੈ , ਜਿਸ ਵਾਰੇ ਵਿਅਕਤੀਗਤ ਚਰਚੇ ਨਹੀਂ ਕਰਨੇ ਚਾਹੀਦੇ ,ਪਰ ਇਹ ਤਾਂ ਦਸ ਦਿਉ ਕਿ ਇੰਪਰੂਵਮੈਂਟ ਟਰਸਟ ਘੁਟਾਲੇ ਦੇ ਦੋਸ਼ੀ ਕੌਣ ਕੌਣ ਸਨ ਤੇ ਕਿਵੇਂ ਮੁੱਖ ਮੰਤਰੀ ਬਣ ਇਸ ਨੂੰ ਖ਼ਾਰਜ ਕਰਵਾਇਆ ਗਿਆ ? ਕੀ ਇਸਦੀ ਦੁਬਾਰਾ ਇੰਕੁਆਰੀ ਹੋਵੇਗੀ ਤੇ ਦੋਸ਼ੀਆਂ ਨੂੰ ਸਜ਼ਾ ਹੋਵੇਗੀ?
ਕੀ ESI ਹਸਪਤਾਲ ਵਿੱਚ ਹੋਏ ਕਈ ਸੋ ਕਰੋੜ ਦੇ ਘੁਟਾਲੇ ਨਾਲ ਸੰਬੰਧਤ ਲੋਕ ਫੜੇ ਜਾਣਗੇ ?
ਰਾਜੇ ਦੀ ਸਭ ਤੋਂ ਵੱਡੀ ਤਪੱਸਿਆ ਤੇ ਦਾਨ ,ਕੇਵਲ ਇੰਸਾਫ ਦੇਣਾ ਹੈ , ਜਿਸ ਵਾਰੇ ਗੁਰੂ ਬਾਬਾ ਦਾ ਹੁਕਮ ਉਸ ਦੇ ਅੰਗ 1240 ਉਤੇ ਸ਼ਿਸ਼ੋਭਤ ਹੈ !! ਵਦ ਕਿਸਮਤੀ ਨਾਲ ਆਮ ਵਿਅਕਤੀ ਤਾਂ ਕੀ, ਗੁਰੂ ਬਾਬੇ ਦੀ ਬੇਅਦਬੀ ਕਰਨ , ਅੰਗ ਪਾੜਨ ਵਾਲ਼ਿਆਂ ਤੇ ਦਸਮ ਪਿਤਾ ਦੀ ਅੰਮ੍ਰਿਤ ਦੀ ਦਾਤ ਦਾ ਮਾਖੌਲ ਬਣਾਉਣ ਵਾਲ਼ਿਆਂ ਦੇ ਪਿੱਛ ਖੜ ,ਸਰਕਾਰਾਂ ਨੇ ਕਰੀਬ 14 ਸਾਲ ਤੋਂ ਗੁਰੂ ਬਾਬਾ ਜੀ ਨੂੰ ਹੀ ਸਤਿਕਾਰ ਤੇ ਇਨਸਾਫ ਨਹੀਂ ਦਿੱਤਾ !!
ਨਾ ਨਸ਼ਿਆਂ ਦੇ ਬਉਪਾਰੀਆਂ ਵਾਰੇ ਬੰਦ ਲਿਫ਼ਾਫ਼ੇ ਅਦਾਲਤ ਵਿੱਚ ਖੋਲਣ ਦਾ ਕੌਈ ਯਤਨ ਹੋਇਆ ਹੈ !!
ਆਮ ਆਦਮੀ ਕਿੱਥੋਂ ਇਨਸਾਫ ਲੈ ਲਵੇਗਾ !!
ਜਦੋਂ ਮੁੱਖ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗਵਾਹੀ ਤੋਂ ਮੁਕਰਣ ਵਾਲੇ ,ਤਰੱਕੀਆਂ ਲੈ ਜਾਣ ਤੇ ਜੱਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰੀ ਬਦਲੇ ਉਸ ਤੇ ਕਾਨੂੰਨੀ ਮਿੱਟੀ ਪਾ ਦੇਵੇ ,ਕੋਈ ਸੁਪਰੀਮ ਕੋਰਟ ਵੀ ਅਪੀਲ ਨਾ ਕਰੇ , ਫੇਰ ਪਾਪ ਕੀ ਜੰਝ ਦੀ ਗੱਲ ਬਾਬੇ ਨੇ ਠੀਕ ਕੀਤੀ ਲਗਦੀ ਹੈ , ਜੋ ਲੋਕ ਰਾਜ ਵਿੱਚ ਵੀ ਸੱਚ ਹੈ ,ਪਰ ਕੀ ਕੋਈ ਮਰਦ ਅੰਗਮੜਾ ਜਾਗੇਗਾ !!
ਹੁਣੇ ਭਾਰਤ ਦੇ ਸਿੱਖ ਪ੍ਰੇਮੀ ਪ੍ਰਧਾਨ ਮੰਤਰੀ ਜੀ ਨੇ ਤਿੰਨ ਕੇੰਦਰੀ ਖੇਤੀ ਕਾਨੂੰਨ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ ! ਖੇਤੀ ਘਾਟੇ ਦਾ ਕਾਰੋਵਾਰ ਹੈ , ਪਰ ਇਸ ਤੋ ਬਿਨਾ ਜੀਵਨ ਵੀ ਸੰਭਵ ਨਹੀਂ !! ਪੰਜਾਬ ਵਿਚ ਰਾਜ ਕਰਦੀ ਤੇ ਵਿਰੋਧੀ ਪਾਰਟੀਆਂ ਨੇ ਵਿਧਾਨ ਸਭਾ ਵਿੱਚ ਇਕੱਠੇ ਹੋਕੇ ,ਕੇਂਦਰੀ ਕਾਨੂੰਨ ਰੱਦ ਕਰਨ ਦਾ ਬਿਲ ਪਾਸ ਕੀਤਾ , ਅੰਦੋਲਨ ਕਰਦਿਆਂ ਇੰਨਾਂ ਮੁਤਾਬਕ 700 ਕਿਸਾਨ ,’ਪੁਲਿਸ ਤਸ਼ਦੱਦ ਤੋ ਬਿਨਾ ,ਹੋਰ ਕਾਰਨਾਂ ਕਰਕੇ ਮਰ ਗਏ !! ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਸ ਨੂੰ ਕੇਂਦਰ ਬਨਾਮ ਸਿੱਖ ਮੁੱਦਾ ਬਣਾਉਣ ਦਾ ਯਤਨ ਹੋਇਆ ਦੱਸਦੇ ਹਨ , ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਘਿਰਾਉ ਕਰ ਕੇ ਖ਼ੂਬ ਪਰੇਸ਼ਾਨ ਕੀਤਾ ਗਿਆ !!
ਇਹ ਸੱਚ ਹੈ ਕਿ ਖੇਤੀ ਸੂਬੇ ਦੀਆਂ ਸਰਕਾਰਾਂ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ, ਪਰ ਇਸ ਅੰਦੋਲਨ ਨਾਲ
ਪੰਜਾਬ ਧਾਰਮਿਕ , ਸਮਾਜਿਕ ਰੂਪ ਵਿੱਚ ਵੰਡਿਆ ਜਾ ਚੁੱਕਾ ਹੈ ਤੇ ਇਕ ਬੇਇਤਬਾਰੀ ਦਾ ਮਾਹੌਲ ਪੈਦਾ ਹੋ ਚੁੱਕਾ ਹੈ , ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਨੇ ਵੀ ਇਸ ਤੋ ਲਾਹਾ ਲੈਣ ਦੀ ਕੋਈ ਘੱਟ ਕੋਸ਼ਿਸ਼ ਨਹੀਂ ਕੀਤੀ !! ਜਿਸ ਨੂੰ ਛਡੀਏ !!
ਅਜੇ ਪੰਜਾਬ ਵਿਧਾਨ ਸਭਾ ਦਾ ਕਾਰਜ ਕਾਲ ਬਾਕੀ ਹੈ !! ਜੂਨ 2020 ਇ ਵਿੱਚ ਖੇਤੀ ਆਰਡੀਨੈਂਸ ਪਾਸ ਹੋਏ ਸਨ , ਉਦੋਂ ਹੀ ਵਿਰੋਧੀ ਪਾਰਟੀਆਂ ਨੇ ਅੰਨਦੋਲਨ ਆਰੰਭ ਕਰ ਦਿੱਤਾ ਸੀ , ਕੋਈ ਪਾਰਟੀ ਦਿੱਲੀ ਵਿਧਾਨ ਸਭਾ ਵਿੱਚ ਪ੍ਰੋੜ੍ਹਤਾ ਕਰਕੇ, ਫੇਰ ਮੁੱਕਰ ਗਈ , ਕਿਸੇ ਪਾਰਟੀ ਨੂੰ ਜੂਨ ਤੋ ਸਤੰਬਰ ਤੱਕ ਇਸ ਵਿੱਚ ਕੋਈ ਮਾੜੀ ਗੱਲ ਨਜ਼ਰ ਨਹੀਂ ਆਈ ,ਪਰ ਫੇਰ ਉਹ ਵੀ ਤਖ਼ਤਾਂ ਤੋਂ ,ਰਾਜਨੀਤੀ ਲਈ ਮਾਰਚ ਕਡਣ ਤੁਰ ਪਏ !! ਮੇਰਾ ਸਵਾਲ ਇੰਨਾਂ ਤਿੰਨਾਂ ਤੇ ਲਾਲ ਝੰਡੇ ਵਾਲ਼ਿਆਂ ਨੂੰ ਹੈ , ਹੁਣ ਕੇਂਦਰੀ ਕਾਨੂੰਨ ਵਾਪਸ ਹੋ ਗਏ ਹਨ , ਆਪ ਡੇਡ ਸਾਲ ਲੋਕਾਂ ਨੂੰ ਭਟਕਾਦੇਂ ਰਹੇ ਹੋ, ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ , ਆਪ ਨੇ ਖੇਤੀ ਨੂੰ ਲਾਹੇਵੰਦ ਧੰਧਾ ਬਣਾਉਣ ਲਈ ਵਿਚਾਰ ਚਰਚਾ ਕਰਕੇ ਨਿਤੀ ਵੀ ਬਣਾਈ ਹੋਵੇਗੀ , ਆਪ ਜੀ ਦੀ ਮਦਦ ਕਰਨ ਵਾਲੇ ਰਟਾਇਰਡ ਨੋਕਰਸ਼ਾਹਾਂ ਤੇ ਖੇਤੀ ਵਿਗਿਆਨੀਆਂ ਨੇ ਨੋਕਰੀ ਵਿੱਚ ਤੇ ਹੁਣ ਲੰਬੇ ਤਜਰਬੇ ਤੇ ਖੌਜ ਰਾਹੀਂ ,ਆਪਨੂੰ ਕਿਸਾਨ ਦੀ ਖ਼ੁਸ਼ਹਾਲੀ ਦੇ ਸਾਰੇ ਨੁਕਤੇ ਸਮਝਾ ਦਿੱਤੇ ਹੋਣਗੇ , ਕ੍ਰਿਪਾ ਕਰੋ ਵਿਧਾਨ ਸਭਾ ਸਤਰ ਤੁਰੰਤ ਬੁਲਾ ਕੇ ਆਪਣੀ ਖੇਤੀ ਨੀਤੀ ਲਾਗੂ ਕਰ ਦਿਉ , ਉਪਜ ਵਧਣ ਦਾ ਤਰੀਕਾ , ਵੇਚਣ ਲਈ ਨੇੜੇ ਦੀ ਮੰਡੀ , ਉਚਿਤ ਭਾ ਤੇ ਸਾਂਭ ਸੰਭਾਲ਼ ਦਾ ਪ੍ਰਬੰਧ ਆਪ ਹੀ ਸਪਸ਼ਟ ਕਰ ਦਿਉ , ਕੇਂਦਰ ਤੋ ਘੱਟੋ ਘੱਟ ਕੀਮਤ ਕੀ ਮੰਗਣੀ ਹੈ , ਉਸ ਤੋ ਕਿਤੇ ਵੱਧ ਕੀਮਤ ਲੈਣ ਦਾ ਢੰਗ ਵੀ ਦਸ ਦਿਉ !!ਪੰਜਾਬ ਤੁਹਾਡਾ ਰਿਣੀ ਰਹੇਗਾ !!
ਪਰ ਮੈਨੂੰ ਪਤਾ ਹੈ ਭੰਡ ਲਪੋਟ ਸੰਖ ਹੁੰਦੇ ਹਨ , !! ਆਪ ਨਾ ਦੇ ਚੁਰੂ ਭਰ ਪਾਣੀ !! ਤਿਹ ਨਿੰਦਾ ਜਿਨ ਗੰਗਾ ਆਣੀ !! ਵਾਲੀ ਗੱਲ ਨਾਲ ਕੰਮ ਗੁਮਰਾਹ ਕਰਨ ਤੱਕ ਸੀ !!
ਤਮਾਸ਼ਾ ਚੰਗਾ ਰਿਹਾ ਡੇਡ ਸਾਲ ਲੋਕਾਂ ਨੂੰ ਬਹਿਕਾ ਕੇ ਚੰਗਾ ਸਮਾਂ ਪਾਸ ਕੀਤਾ ਹੈ !! ਲੈਣ ਦੇਣ ਨੂੰ ਕਿਸੇ ਕੋਲ ਕੁਝ ਨਹੀਂ ਲਗਦਾ !!
ਹੁਣ ਚੋਣਾਂ ਨੇੜੇ ਹਨ 2 . 83 ਲੱਖ ਕਰੋੜ ਕਰਜ਼ੇ ਵਾਲੇ ਪੰਜਾਬ ਰਾਜ ,ਦੇ ਲੋਕਾਂ ਨੂੰ ਝੂਠ ਦੀਆ ਪੰਡਾਂ ਚੁੱਕਾ ਕੇ , ਦਾਨੀਆਂ ਨੂੰ ਰੋਟੀ ਲਈ ਠੂਠਾ ਫੜਾ , ਪੰਜਾਬ ਨੂੰ ਮਾਨਸਿਕ ਤੇ ਆਰਥਿਕ ਰੂਪ ਵਿੱਚ ਕੰਗਾਲ ਬਣਾ ਕੇ ,ਅਗਲੇ ਪੰਜ ਸਾਲ ਮੇਜ਼ਾਂ ਕਰਨ ਦੀਆਂ ਜੁਗਤਾਂ ਤੇ ਬਉੰਤਾ ਬਣ ਰਹੀਆਂ ਹਨ !!
ਰੱਬ ਪੰਜਾਬ ਦਾ ਭਲਾ ਕਰੇ !!
test