ਇਕਬਾਲ ਸਿੰਘ ਲਾਲਪੁਰਾ
ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਉਨਾ ਦੇ ਨਾਂ ਨਾਲ ਜਿਉਂਦੀ ਹੈ, ਭਾਵ ਗੁਰੂਆਂ ਦੇ ਉਪਦੇਸ਼ ਤੇ ਆਦੇਸ਼ ਪੰਜਾਬੀ ਜੀਵਨ ਦੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ।
ਗੁਰੂ ਸਾਹਿਬਾਨ ਨੇ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥”, “ਜਉ ਤਉ ਪ੍ਰੇਮ ਖੇਲਣ ਕਾ ਚਾਊ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥”, “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥”, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਅਤੇ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥” ਦੇ ਹੁਕਮਾਂ ਨਾਲ ਸੰਤ ਸਿਪਾਹੀ ਦਾ ਸੁਮੇਲ ਮਨੁੱਖ, ਅਣਖੀਲੇ ਸ਼ੇਰ ਭਾਵ ਸਿੰਘ ਤੋਂ ਦੇਵਤੇ ਬਣਾ ਦਿੱਤੇ “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਿਨ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥” ਜੋ ਦੁਨੀਆ ਭਰ ਵਿੱਚ ਲੰਗਰ ਲਾਈ ਬੈਠੇ ਤੇ ਹਰ ਤਰਾਂ ਮਨੁੱਖਤਾ ਦੀ ਸੇਵਾ ਕਰਦੇ ਵੇਖੇ ਜਾਂਦੇ ਹਨ।
ਦੇਸ਼ ਕੌਮ ਦੀ ਅਣਖ ਤੇ ਅਜ਼ਾਦੀ ਲਈ ਇਹ ਸਵਾ ਲੱਖ ਨਾਲ ਇਕ ਵੀ ਲੜ ਜਾਂਦਾ ਹੈ, ਇਸ ਗੱਲ ਦਾ ਵੀ ਇਤਿਹਾਸ ਗਵਾਹੀ ਭਰਦਾ ਹੈ । ਰਾਜ ਸੰਕਲਪ ਵੀ ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥’ ਨਾਲ ਸਪਸ਼ਟ ਹੈ।
ਐਨੇ ਚੰਗੇ ਗੁਣਾ ਦੀ ਧਾਰਨੀ ਪੰਜਾਬੀ ਕੌਮ, 1839 ਈH ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ, ਲਗਾਤਾਰ ਗਿਰਾਵਟ ਵੱਲ ਹੈ। ਅੱਜ ਹਾਲਤ ਇਹ ਹੈ, ਕਿ ਆਰਥਿਕ ਤੌਰ ਤੇ ਦਿਵਾਲ਼ੀਏ, ਰਾਜਨੀਤਿਕ ਰੂਪ ‘ਚ ਹਾਰੇ ਹੋਏ, ਸਮਾਜਿਕ ਤੌਰ ‘ਤੇ ਜਾਤ-ਪਾਤ ਵਿਚ ਵੰਡੇ ਹੋਏ, ਮਨੁੱਖੀ ਵਿਕਾਸ ਲਈ ਕੇਵਲ ਵਿਦੇਸ਼ਾਂ ਵੱਲ ਤੱਕਦੇ ਤੇ ਪੂਰਨ ਰੂਪ ਵਿਚ ਨਸ਼ਿਆ ਵਿਚ ਗ਼ਲਤਾਨ ਨਜ਼ਰ ਆਉਂਦੇ ਹਨ। ਚੋਰੀ, ਡਕੈਤੀ, ਫਿਰੋਤੀਆਂ ਲਈ ਅਗਵਾਹ ਤੇ ਕਤਲਾਂ ਦੀ ਭਰਮਾਰ ਕਾਰਨ ਗੁਰੂਆਂ ਦੀ ਧਰਤੀ ਪੂਰੀ ਤਰਾਂ ਅਸੁਰੱਖਿਅਤ ਬਣੀ ਹੋਈ ਹੈ।
ਕੌਮਾਂ ਦੇ ਆਗੂ ਹੀਰੋ ਹੁੰਦੇ ਹਨ ਜਿਨ੍ਹਾਂ ਪਿੱਛੇ ਨੌਜਵਾਨ ਤੁਰਨਾ ਚਾਹੁੰਦੇ ਹਨ। ਪੰਜਾਬੀ ਰਾਜਾ ਪੋਰਸ ਤੋਂ ਬਾਅਦ, ਗੁਰੂ ਸਾਹਿਬਾਨ ਦੇ ਹੁਕਮ ਨਾਲ, ਖਾਲਸਾ ਰਾਜ ਕਾਇਮ ਕਰਨ ਵਾਲੇ, ਬਾਬਾ ਬੰਦਾ ਸਿੰਘ ਬਹਾਦੁਰ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲਿਆ, ਸਰਦਾਰ ਚੜ੍ਹਤ ਸਿੰਘ, ਬਾਬਾ ਦੀਪ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਬਘੇਲ ਸਿੰਘ ਤੇ ਫੇਰ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ, ਰਾਜਾ ਸ਼ੇਰ ਸਿਘ ਅਟਾਰੀਵਾਲਾ ਆਦਿ, ਅਜਿਹੇ ਆਗੂਆਂ, ਜਿਨ੍ਹਾਂ ਨੇ ਦਰ੍ਹਾ ਖ਼ੈਬਰ ਤੋਂ ਦਿੱਲੀ ਤੱਕ ਝੰਡੇ ਬੁਲੰਦ ਕੀਤੇ, ਦੀ ਵਿਰਾਸਤ ਨੂੰ ਲੋਕ ਭੁੱਲ ਰਹੇ ਹਨ ਤੇ ਅੱਜ ਇਹ ਨਾਇਕ ਫਿਲਮੀ ਐਕਟਰ ਜਾਂ ਅਪਰਾਧੀ ਬਣੇ ਹੋਏ ਹਨ, ਇਹਨਾ ਦੇ ਪਿਛੇ ਤੁਰਿਆ ਇਸੇ ਤਰਾਂ ਦਾ ਸਰਕਾਰੀ ਤੰਤਰ ਨਜ਼ਰ ਆਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦੁਰ ਤੇ ਮਹਾਰਾਜਾ ਰਣਜੀਤ ਸਿੰਘ ਆਦਿ ਅਸਲੀ ਸਿੱਖ ਨਾਇਕਾਂ ਦੇ ਚਰਿੱਤਰ ਤੇ ਜੀਵਨ ਤੇ ਦੋਸ਼ ਲਾ ਕੇ ਕੌਮ ਨੂੰ ਦਿਸ਼ਾ ਹੀਨ ਕਰ ਦਿੱਤਾ ਗਿਆ।
ਅਣਖ ਜਾ ਗੈਰਤ ਦੀ ਜਨਮ-ਘੁੱਟੀ ਨਾਲ ਪੈਦਾ ਹੋਈ ਇਸ ਕੌਮ ਵਿੱਚ ਵੰਡ ਪਾਉਣ ਲਈ ਵਿਰੋਧੀਆਂ ਨੇ, ਇਹਨਾ ਨੂੰ ਸੱਚ ਦੁਆਲੇ ਝੂਠ ਦੇ ਧੂੰਏਂ, ਦਾ ਭੰਬਲ-ਭੂਸਾ ਖੜ੍ਹਾ ਕਰ, ਕੌਮ ਨੂੰ ਦੋਫਾੜ ਕਰ, ਇੱਕ ਦੂਜੇ ਵਿਰੁੱਧ ਹੀ ਖੜੇ ਕਰ ਰੱਖਿਆ ਹੈ। ਮੁਗਲ, ਅਫਗਾਨੀ ਤੇ ਅੰਗਰੇਜ ਨੇ ਪਹਿਲਾਂ ਇਸੇ ਤਰ੍ਹਾਂ ਹੀ ਕੌਮ ਨੂੰ ਵੰਡਿਆ ਤੇ ਬੰਦਈ ਖਾਲਸਾ ਵਿਰੁੱਧ, ਤੱਤ ਖਾਲਸਾ, ਘੱਲੂਘਾਰਿਆਂ ਸਮੇਂ, ਇੱਕ ਮਿਸਲ ਦਾ ਅਬਦਾਲੀ ਹਮੈਤੀ ਹੋਣਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਲੀ ਫਤਹਿ ਤੋਂ ਰੋਕਣ ਲਈ, ਅੰਗਰੇਜ ਨੂੰ ਕਲਕੱਤੇ ਤੋਂ ਸੱਦਣ ਦਾ ਇਤਿਹਾਸ, ਇਸ ਗੱਲ ਦੀ ਗਵਾਹੀ ਭਰਦਾ ਹੈ।
1947 ਈH ਤੱਕ ਅੰਗਰੇਜ ਰਾਜ ਦੇ ਚਹੇਤੇ ਬਣੇ, ਅਸੂਲ ਰਹਿਤ ਰਾਜਕੁਮਾਰ, ਸਿਰ ਗੁੰਮ ਬਣ ਸਲਾਮੀਆਂ ਲੈਦੇ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਮੁੜ ਸਿੱਖ ਧਰਮ ਵੱਲ ਮੁੜਣ ਲਈ ਆਖਣ ਵਾਲੀ ਮਾਂ ਮਹਾਰਾਨੀ ਜਿੰਦ ਕੌਰ ਤੋਂ ਬਾਅਦ ਉਸਦੇ ਪੋਤਰੇ-ਪੋਤਰੀਆਂ ਨੂੰ ਸਿੱਖ ਧਰਮ ਵੱਲ ਮੁੜ ਲੈ ਕੇ ਆਉਣ ਵਾਲਾ ਕੋਈ ਨਹੀਂ ਸੀ।
ਇਸ ਦੌਰ ਵਿਚ ਗੈਰਤਵੰਦ ਤੇ ਬਹਾਦੁਰ ਸਿੱਖਾਂ ਨੂੰ ਦੁਨੀਆ ਭਰ ਵਿਚ ਕੇਵਲ ਲੜਨ ਮਰਨ ਲਈ ਅੰਗਰੇਜ਼ ਨੇ ਵਰਤਿਆ, ਜਾਂ ਫੇਰ ਮਜ਼ਦੂਰੀ ਕਰਾਉਣ ਲਈ ਕੀਨੀਆ, ਫੀਜ਼ੀ, ਹਾਂਗਕਾਂਗ ਆਦਿ ਦੇਸ਼ਾਂ ਵੱਲ ਤੋਰ ਦਿੱਤਾ, ਨਾ ਧਰਮ ਦਾ ਅਸੂਲ ਰਹਿਣ ਦਿੱਤਾ ਤੇ ਨਾ ਸਿੱਖੀ ਦਾ ਪ੍ਰਚਾਰ ਕਰਨ ਦਿੱਤਾ।
ਗੁਰੂਘਰਾਂ ਤੇ ਵੀ ਅੰਗਰੇਜ਼ ਸਰਕਾਰ ਨੇ ਪ੍ਰਬੰਧਕਾਂ ਰਾਹੀਂ ਕਬਜ਼ਾ ਕਰ ਲਿਆ। ਕੀ ਕਦੇ ਕਿਸੇ ਸੋਚਿਆ ਹੈ, ਕਿ ਅੰਗਰੇਜ਼ ਰਾਜ ਸਮੇਂ, ਪੰਜਾਬ ਵਿਚ ਹੀ ਕਿਉਂ, ਮੁੜ ਆਪਣੇ ਬਜ਼ੁਰਗਾਂ ਦੇ ਧਰਮ ਵੱਲ ਮੁੜਨ ਦੀ ਮੁਹਿੰਮ ਚਲਾਈ ਗਈ ਸੀ? ਸਵਾਮੀ ਵਿਵੇਕਾਨੰਦ ਤੇ ਪੰਡਤ ਮਦਨਮੋਹਨ ਮਾਲਵੀਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਤੇ ਚੱਲਣ ਲਈ, ਹਰ ਹਿੰਦੂ ਪਰਿਵਾਰ ਨੂੰ ਇਕ ਪੁੱਤਰ ਸਿੱਖ ਬਣਾਉਣ ਲਈ ਆਖ ਰਹੇ ਸਨ। ਕੁਝ ਪੰਜਾਬੀ ਨੌਜਵਾਨ ਤਾਂ ਫਰਾਂਸ ਤੇ ਰੂਸ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਸਿੱਖ ਸਰੂਪ ਵਿਚ ਹੋ ਕੇ ਵੀ ਸਿੱਖ ਧਰਮ ਦੇ ਅਸੂਲਾਂ ਤੋਂ ਬਾਗੀ ਹੋ ਗਏ ਸਨ ਤੇ ਅਜੇਹੇ ਅੱਜ ਵੀ ਬਹੁਤ ਤੁਰੇ ਫਿਰਦੇ ਹਨ।
ਗ਼ੈਰਤ ਤੇ ਅਣਖ ਜਗਾਉਣ ਲਈ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਤੇ ਕੌਮ ਅੱਗੇ ਪੰਥ ਤੇ ਝੂਠੇ ਹਮਲੇ ਦਾ ਖੌਫ ਖੜਾ ਕਰ ਲੜਨ ਮਰਨ ਨੂੰ ਤਿਆਰ ਕਰਨਾ ਬਹੁਤੇ ਆਗੂਆਂ ਦੀ ਨੀਤੀ ਰਹੀ ਹੈ। ਇਸ ਖੱਲਾ ਵਿਚ ਨਿੱਜੀ ਮੁਫ਼ਾਦ ਲਈ ਕੌਮ ਨੂੰ ਕੁਰਾਹੇ ਪਾ ਆਪਣਾ ਲਾਭ ਲੈਣ ਵਾਲੇ ਆਗੂ ਬਣਦੇ ਰਹੇ ਹਨ। ਇਹਨਾਂ ਕਾਰਨਾਂ ਕਰਕੇ ਕੌਮ ਦਿਸ਼ਾਹੀਨ ਹੋਈ ਤੇ ਨਿਸ਼ਾਨੇ ਤੋਂ ਕੋਹਾਂ ਦੂਰ ਚਲੇ ਗਈ।
1885 ਈ. ਵਿਚ ਏ. ਓ. ਹਊਮ ਨੇ ਕਾਂਗਰਸ ਪਾਰਟੀ ਅੰਗਰੇਜ ਰਾਜ ਨੂੰ ਇਖਲਾਕੀ ਮਾਨਤਾ ਦੇਣ ਲਈ ਬਣਾਈ ਸੀ ਤਾਂ ਜੋ ਲੋਕ ਆਪਣੀਆਂ ਸਮੱਸਿਆਵਾ ਅੰਗਰੇਜ ਅਫਸਰਾਂ ਕੋਲ ਲੈ ਕੇ ਜਾਣ ਤੇ ਇਹ ਚਰਚਾ ਹੋਵੇ ਕਿ ਅੰਗਰੇਜ ਚੰਗੇ ਇਨਸਾਨ ਤੇ ਨਿਆਂਕਾਰੀ ਪ੍ਰਬੰਧਕ ਹਨ ਤੇ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਇਸ ਦਿਸ਼ਾ ਵੱਲ ਕੰਮ ਕਰਦੀ ਰਹੀ ।
1920 ਤੋਂ 1925 ਈ ਤੱਕ ਗੁਰਦਵਾਰਾ ਪ੍ਰਬੰਧ ਵਿਚ ਸੁਧਾਰ ਲਈ ਲੜਦੇ, ਨਵੇਂ ਸਿੱਖ ਆਗੂ, ਕਾਂਗਰਸ ਦੀ ਝੋਲੀ ਪੈ ਗਏ ਤੇ ਕਦੇ ਕਾਂਗਰਸ ਨਾਲ ਤੇ ਕਦੇ ਵਿਰੋਧੀ ਹੁੰਦੇ 1958^59 ਈ ਤੱਕ ਪੁੱਜ ਗਏ। ਕਿਵੇਂ ਅੰਗਰੇਜ ਪੱਖੀ ਅਮੀਰ ਤਾਂ ਆਜ਼ਾਦੀ ਤੋਂ ਤੁਰੰਤ ਬਾਅਦ ਹੀ ਕਾਂਗਰਸੀ ਬਣ ਗਏ ਸਨ, ਇਸ ਬਾਰੇ ਵਿਚਾਰ ਨਹੀਂ ਹੋਇਆ। ਜਦੋਂ 1959 ਈH ਵਿਚ ਕਾਂਗਰਸ ਨੇ, ਗੁਰਦਵਾਰਾ ਪ੍ਰਬੰਧ ਤੇ ਕਬਜ਼ਾ ਕਰਨ ਤੇ ਮਾਸਟਰ ਤਾਰਾ ਸਿੰਘ ਵਰਗੇ ਸਿਰੜੀ ਸਿੱਖ ਨੂੰ, ਰਾਜਨੀਤੀ ਵਿਚੋਂ ਖਤਮ ਕਰਨ ਦੀ ਵਿਉਂਤਬੰਦੀ ਕੀਤੀ, ਤਾਂ ਗੁਰਦੁਆਰਾ ਸਾਹਿਬਾਨ ਤੇ ਡੇਰੇਦਾਰ ਬਾਬਿਆਂ ਦਾ ਕਬਜ਼ਾ ਕਰਾਉਣਾ ਆਰੰਭ ਹੋਇਆ, ਜਿਸ ਕਾਰਨ ਅੱਜ ਗੁਰਦੁਆਰਾ ਪ੍ਰਬੰਧ 1920 ਦੀ ਮਹੰਤਾਂ ਤੇ ਸਰਵਰਾਹਾਂ ਵਾਲੀ ਹਾਲਤ ਵਾਂਗ ਭ੍ਰਿਸ਼ਟ ਨਜ਼ਰ ਆਉਂਦਾ ਹੈ।
1967 ਈH ਵਿਚ ਅਕਾਲੀ ਦਲ ਪੰਜਾਬ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਵਿਰੋਧੀਆਂ ਦੇ ਨਾਲ ਜੁੜਿਆ ਤੇ ਸਰਕਾਰ ਬਣਾਈ। ਰਾਜਨੀਤਿਕ ਲਾਭ ਲਈ ਇਸ ਪਾਰਟੀ ਨੇ ਵੀ ਸਿੱਖ ਭਾਵਨਾਵਾਂ ਨਾਲ ਖੇਡਣ ਤੇ ਉਹਨਾਂ ਦੀ ਗ਼ੈਰਤ ਨੂੰ ਵੰਗਾਰਨ ਦਾ ਕੰਮ ਇੱਕ ਨੀਤੀ ਵਜੋਂ ਕੀਤਾ ਹੈ। ਪੰਜਾਬੀ ਬੋਲੀ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ, ਜਾਂ ਰਾਜਾਂ ਲਈ ਵੱਧ ਅਧਿਕਾਰ, ਕੇਵਲ ਸਿੱਖ ਮੰਗ ਵਜੋਂ ਪੇਸ਼ ਕਰ, ਪੰਜਾਬ ਵਿੱਚ ਗੱਦੀ ਪ੍ਰਾਪਤ ਕਰਨ ਲਈ ਵਰਤਿਆ ਹੈ। ਦਰਿਆਈ ਪਾਣੀ ਦਾ ਮਸਲਾ, ਚੰਡੀਗੜ੍ਹ ਤੇ ਭਾਖੜਾ ਡੈਮ ਮੈਨੇਜਮੈਂਟ ਦਾ ਮਸਲਾ ਤੇ ਪੰਜਾਬੀ ਬੋਲਦੇ ਇਲਾਕੇ ਸਭ ਪੰਜਾਬੀਆਂ ਲਈ ਮਹੱਤਵਪੂਰਨ ਹਨ। ਕੇਵਲ ਇਸਨੂੰ ਇੱਕ ਫ਼ਿਰਕੇ ਦੀ ਮੰਗ ਵਜੋਂ ਸੀਮਿਤ ਕਰਨਾ, ਕੇਵਲ ਭਾਵਨਾਵਾਂ ਭੜਕਾਉਣ ਲਈ ਹੀ ਰਿਹਾ ਹੈ। ਕੀ ਕਿਸਾਨ ਕੇਵਲ ਇੱਕ ਫਿਰਕੇ ਨਾਲ ਹੀ ਸੰਬੰਧਤ ਹਨ?
ਜਨੀਤੀ ਵਿਚ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਰਾਜਨੀਤਿਕ ਲਾਮਬੰਦੀ ਤੇ ਸਰਕਾਰ ਦਾ ਵਿਰੋਧ ਕਰਨਾ ਤੇ ਮੋਰਚੇ ਲਾਉਣੇ ਜਾ ਅੰਦੋਲਨ ਕਰਨੇ ਮਜਬੂਰੀ ਹੁੰਦੀ ਹੈ, ਜਿਸ ਕਾਰਨ ਹੀ ਸ੍ਰੋਮਣੀ ਅਕਾਲੀ ਦਲ ਵੱਲੋਂ 1982 ਈ. ਤੱਕ ਪੰਜਾਬ ਵਿਚ ਹਮੇਸ਼ਾ ਸ਼ਾਂਤੀਪੂਰਵਕ ਮੋਰਚੇ ਲੱਗਦੇ ਰਹੇ ਹਨ। ਪਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਮੋਰਚਿਆਂ ਦੀ ਦਿਸ਼ਾ ਬਦਲ ਕੇ, ਹਿੰਸਾ ਵੱਲ ਤੋਰਨ ਦਾ ਕੰਮ ਕੀਤਾ, ਜਿਸਦੀ ਗਵਾਹੀ ਸਰਦਾਰ ਜੀ.ਬੀ.ਐਸ. ਸਿੱਧੂ, ਸ੍ਰੀ ਐਮ.ਕੇ. ਧਰ ਆਦਿ ਦੀਆਂ ਲਿਖਤਾਂ ਵੀ ਭਰ ਦੀਆਂ ਹਨ। ਬਲਦੀ ਤੇ ਤੇਲ ਪਾਕਿਸਤਾਨ ਨੇ ਆਪਣੀ ਖੂਫੀਆ ਏਜੰਸੀ ਆਈHਐਸHਆਈH ਰਾਹੀਂ ਪਾ ਦਿੱਤਾ।
1970^71 ਈ. ਵਿਚ ਬਣੀ ਅਕਾਲੀ ਸਰਕਾਰ ਨੇ ਚੁਲਾ ਟੈਕਸ, ਜ਼ਮੀਨ ਦਾ ਮਾਮਲਾ ਮੁਆਫ ਕਰਨ ਆਦਿ ਦੇ ਹੁਕਮਾਂ ਨਾਲ ਮੁਫ਼ਤ ਦੀਆਂ ਰਉੜੀਆਂ ਵੰਡਣ ਦੀ ਪਿਰਤ ਪਾਈ ਤੇ ਗ਼ੈਰਤ ਅਣਖ ਨਾਲ ‘ਘਾਲਿ ਖਾਇ ਕਿਛੁ ਹਥਹੁ ਦੇਇ॥’ ਦੇ ਜੀਵਨ ਵਾਲੇ, ਹੱਥ ਵਿਚ ਠੂਠਾ ਫੜ ਰਾਸ਼ਨ ਵਾਲੀ ਲਾਇਨਾ ਵਿਚ ਖੜੇ੍ਹ ਨਜ਼ਰ ਆਉਣ ਲੱਗ ਪਏ ਹਨ। ਪਹਿਲਾਂ ਪੰਜਾਬ ਦਾ ਨਾ ਕੋਈ ਗਰੀਬ ਭੁੱਖਾ ਮਰਦਾ ਸੀ, ਨਾ ਕਿਸੇ ਦੀ ਧੀ ਵਿਆਹਉਣ ਤੋਂ ਰਹਿੰਦੀ ਸੀ ਨਾ ਹੀ ਕੋਈ ਬੱਚਾ ਪੜ੍ਹਾਈ ਤੋਂ ਰਹਿੰਦਾ ਸੀ। ਇਹ ਰਿਉੜੀਆਂ ਵੰਡਣ ਦੇ ਕੰਮ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਕੰਗਾਲ ਬਣਾ ਲੋਕਾਂ ਨੂੰ, ਖੁਦ ਕਸ਼ੀਆਂ ਦੇ ਰਾਹ ਪਾ ਦਿੱਤਾ। ਨਤੀਜਾ ਹੈ ਕਿ ਨੌਜਵਾਨ ਕੰਮ ਕਰਨਾ ਭੁੱਲ ਚੁੱਕਾ ਹੈ ਇਸੇ ਲਈ ਨਸ਼ੇ ਤੇ ਅਪਰਾਧ ਵੱਧ ਰਹੇ ਹਨ। ਪਰ ਸਿੱਖ ਧਾਰਮਿਕ ਮਸਲੇ ਅਣਦੇਖੇ ਕਰਨ, ਗੁਰਦੁਆਰਾ ਪ੍ਰਬੰਧ ਵਿਚ ਭ੍ਰਿਸ਼ਟਾਚਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਨੌਜਵਾਨਾਂ ਤੇ ਗੋਲੀ ਚਲਾ ਕੇ ਕਤਲ ਕਰਨ ਵਾਲੇ ਅਫਸਰਾਂ ਦੇ ਨਾਲ ਖੜੇ ਹੋਣ ਕਾਰਨ ਹਾਸ਼ੀਏ ਤੇ ਜਾ ਚੁੱਕਾ ਹੈ। ਇਸ ਮਕੜਜਾਲ ਵਿਚ ਫਸੇ ਸਿੱਖਾਂ ਨੂੰ ਨਿਕਲਣ ਦਾ ਰਸਤਾ ਚਾਹੀਦਾ ਹੈ।
ਹੱਥ ਨਾਲ ਮੇਹਨਤ ਕਰਨੀ ਛੱਡ ਚੁੱਕੇ, ਨਸ਼ਿਆਂ, ਬੇਰੋਜ਼ਗਾਰੀ, ਬੇਇਨਸਾਫੀ ਤੇ ਅਪਰਾਧ ਵਿਰਤੀ ਵਿਚ ਫਸੇ, ਪੰਜਾਬੀ ਨੋਜਵਾਨਾਂ ਨੂੰ ਹਾਲਾਤਾਂ ਨੇ, ਆਪਣਾ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਜਾਇਜ ਤੇ ਨਜਾਇਜ ਤਰੀਕਿਆਂ ਨਾਲ ਬਾਹਰ ਭੱਜਦਾ, ਉਹ ਵੀਜ਼ੇ ਲਈ, ਦੁਕਾਨਾਂ ਖੋਲੀ ਬੈਠੇ ਜਾਂ ਪੈਸੇ ਲੈ ਕੇ ਰਾਜਨੀਤਿਕ ਸ਼ਰਨ ਵਿਚ ਮਦਦ ਕਰਨ ਵਾਲਿਆਂ ਠਗਾਂ ਦੇ ਹੱਥ ਚੜ੍ਹਿਆ, ਭਾਰਤ ਵਿਰੋਧੀ ਵਿਦੇਸ਼ੀ ਏਜੰਸੀਆਂ ਦੀ ਝੋਲੀ ਜਾ ਡਿੱਗਦਾ ਹੈ। ਜਿਸ ਕਾਰਨ ਰਾਜਸੀ ਸ਼ਰਨ ਪ੍ਰਾਪਤੀ ਲਈ ਲੱਗਿਆ ਖਾਲਿਸਤਾਨੀ ਨਾਰੇ ਮਾਰਦਾ ਨਜ਼ਰ ਆਉਂਦਾ ਹੈ। ਇਹ ਰੁਝਾਨ ਪੰਜਾਬ ਤੇ ਸਿੱਖ ਕੌਮ ਲਈ ਅਤਿ ਖ਼ਤਰਨਾਕ ਹੈ।
ਵੱਡੀ ਗਿਣਤੀ ਵਿਚ ਸਿੱਖ ਪੰਜਾਬ ਸਮੇਤ ਦੇਸ਼ ਦੇ ਹਰ ਸੂਬੇ ਵਿਚ ਵਸਦਾ ਹੈ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ। ਇਹਨਾਂ ਵਿਦੇਸ਼ੀ ਵਸਦੇ ਪੰਜਾਬੀਆਂ ਵਿਚੋਂ ਵੀ ਭਾਰਤ ਵਿਰੋਧੀ ਵਿਦੇਸ਼ੀ ਏਜੰਟਾਂ ਦੀ ਗਿਣਤੀ ਤਾਂ ਮੁੱਠੀ ਭਰ ਵੀ ਨਹੀਂ ਹੈ, ਪਰ ਸਮੱਸਿਆ ਬਣਦੀ ਹੈ, ਜਦੋਂ ਦੇਸ਼^ਵਿਦੇਸ਼ ਵਿੱਚ ਵਸਦੇ ਭਲੇ ਲੋਕ ਡਰਦੇ ਚੁੱਪ ਹੋ ਜਾਂਦੇ ਹਨ ਤੇ ਇਹਨਾਂ ਵਿਰੁੱਧ ਲਾਮਬੰਦ ਨਹੀ ਹੁੰਦੇ।
ਕੀ ਕੋਈ ਅਜਿਹਾ ਦੇਸ਼ ਹੈ, ਜਿੱਥੇ ਨਸਲ ਤੇ ਧਰਮ ਕਾਰਨ ਭੇਦ ਭਾਵ ਨਾ ਹੋਵੇ? ਪਰ ਕੇਵਲ ਭਾਰਤ ਵਿਚ ਹੋਈ, ਇਕ ਇਕੱਲੀ ਘਟਨਾ ਨੂੰ ਹੀ, ਦੁਨੀਆਂ ਭਰ ਵਿਚ ਕਿਉਂ ਭੰਡਿਆਂ ਜਾਂਦਾ ਹੈ? ਵਿਦੇਸ਼ ਵਿਚ ਬੈਠਾ ਪ੍ਰਵਾਸੀ ਕਿਉਂ ਸੱਚ ਜਾਨਣ ਜਾ ਪੀੜਤ ਨਾਲ ਖੜੇ ਹੋਣ ਦੀ ਥਾਂ, ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੀਤ ਗਾਉਣ ਲੱਗ ਜਾਂਦਾ ਹੈ?
ਦੁਜੇ ਪਾਸੇ ਮੁੱਠੀ ਭਰ ਲੋਕ ਜੋ ਭਾਰਤ ਦੇ ਨਾ ਸ਼ਹਿਰੀ ਹਨ ਨਾ ਵੋਟਰ, ਉਹ ਕਦੇ ਵਿਦੇਸ਼ੀ ਸ਼ਹਿ ਤੇ ਜਨਮਤ ਕਰਾਉਣ ਦੀ ਗਲ ਕਰਦੇ ਹਨ, ਕਦੇ ਭਾਰਤੀ ਸਿਫ਼ਾਰਤ ਖਾਨਿਆ ਤੇ ਹਮਲਾ ਕਰਨ ਦੀ। ਜੇਕਰ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਅਸਟ੍ਰੇਲੀਆ ਆਦਿ ਦੇਸ਼ਾਂ ਦੀ ਧਰਤੀ ਤੇ ਖਾਲਿਸਤਾਨ ਬਣਾਉਣਾ ਹੈ ਤੇ ਉੱਥੋਂ ਦੇ ਲੋਕਾਂ ਦੀ ਸੇਵਾ ਕਰੋ, ਜੇਕਰ ਖਾਲਸਾ ਦੀ ਰਾਜਧਾਨੀ ਲਾਹੌਰ ਫ਼ਤਹਿ ਕਰਨੀ ਹੈ ਤਾਂ ਉੱਥੋਂ ਦੇ ਲੋਕਾਂ ਨਾਲ ਗੱਲ ਕਰੋ, ਜੋ 1947 ਈ. ਵਿਚ ਦੇਸ਼ ਦੀ ਵੰਡ ਸਮੇਂ ਜ਼ਮੀਨ ਨਾਲ ਜੁੜੇ ਰਹਿਣ ਲਈ ਆਪਣਾ ਧਰਮ ਛੱਡ ਗਏ ਹਨ। ਸ਼ਾਇਦ ਉਹ ਮੁੜ ਸਿੰਘ ਬਣ ਜਾਣ।
ਪਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ, ਕੇ ਪੰਜਾਬ ਦੇ ਵਸਦੇ ਲੋਕਾਂ ਦੇ ਨਾਂ ਤੇ ਵਿਦੇਸ਼ੀ ਏਜੰਟ ਬਣ ਭਾਰਤ ਦਾ ਨੁਕਸਾਨ ਕਰੋ। ਜੇਕਰ ਹਿੰਮਤ ਹੈ ਤੇ ਵਿਦੇਸ਼ੀ ਨਾਗਰਿਕਤਾ ਛੱਡ ਭਾਰਤ ਆ ਕੇ ਪੰਜਾਬੀਆਂ ਦੀ ਸੇਵਾ ਕਰੋ, ਲੋਕ ਜੇਕਰ ਤੁਹਾਡੀ ਸੇਵਾ ਪ੍ਰਵਾਨ ਕਰਨਗੇ, ਤਾਂ ਤੁਹਾਨੂੰ ਚੁਣ ਕੇ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਭੇਜ ਦੇਣਗੇ, ਜਿੱਥੇ ਖੜ੍ਹੇ ਹੇ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰੋ।
ਗੁਰੂ ਸਾਹਿਬਾਨ ਨੇ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਦਾ ਹੁਕਮ ਦਿੱਤਾ ਹੈ, ਪਰ ਕੌਮ ਨੂੰ ਅਣਖ ਦੇ ਨਾਂ ਤੇ ਗੁਮਰਾਹ ਕਰਨ ਵਾਲਿਆਂ ਨੇ ਤਾਂ ਸੰਤ ਸਿਪਾਹੀ ਦਾ ਤਖ਼ੱਲਸ ਹੀ ਉਗਰਵਾਦੀ ਬਣਾ, ਦੇਸ਼ ਵਿਦੇਸ਼ ਵਿਚ ਬਦਨਾਮ ਕਰ ਦਿੱਤਾ ਹੈ। ਪਰ ਪਿਛਲੇ ਤਕਰੀਬਨ 174 ਸਾਲ ਵਿੱਚ ਅੰਗਰੇਜ਼ ਨੇ ਕੌਮ ਨੂੰ ਸਿਧਾਂਤ ਨਾਲ ਤੋੜਿਆ ਤੇ ਫਿਰ ਰਾਜਨੀਤਿਕ ਆਗੂਆਂ ਨੇ ਭਾਵਨਾਵਾਂ ਭਟਕਾ ਕੇ ਸ਼ੇਰਾਂ ਦੀ ਕੌਮ ਨੂੰ ਭੰਬਲਭੂਸੇ ਪਾ ਦਿੱਤਾ ਹੈ।
ਪੰਜਾਬ ਨੂੰ ਇਸ ਭੰਬਲ ਭੂਸੇ ਵਿਚੋਂ ਕੋਣ ਕਢੇ? ਇਸ ਲਈ ਉੱਦਮ ਕਰਨ ਦੀ ਜ਼ਰੂਰਤ ਹੈ। ਇਸ ਕੌਮ ਦੀ ਅਣਖ ਗ਼ੈਰਤ ਨੂੰ ਲਲਕਾਰ ਦਾ ਝੂਠਾ ਬਹਾਨਾ ਘੜ ਕੌਮ ਨੂੰ ਬੇਲੋੜੀ ਲੜਾਈ ਵੱਲ ਪ੍ਰੇਰਿਤ ਕਰ, ਜਾਨ-ਮਾਲ ਦਾ ਨੁਕਸਾਨ ਕਰਵਾ, ਰਾਜਸੀ ਲਾਹਾ ਲੈਣ ਵਾਲਿਆਂ ਵਾਰੇ ਕੌਮ ਨੂੰ ਸੁਚੇਤ ਕੌਣ ਕਰੇ? ਹੀਰੋ ਕੌਣ ਹੋਵੇ? ਪੰਜਾਬ ਦੇ ਪਿਛਲੇ 50-52 ਸਾਲ ਵਿਚ ਬਣੇ ਬਹੁਤੇ ਮੰਤਰੀਆਂ ਜਾਂ ਮੁੱਖ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੋਣ? ਇਸੇ ਕਾਰਨ ਰਾਜਸੀ ਤਾਕਤ ਮਿਲਣ ਤੇ ਇਹ, ਆਪਣੀ ਜਾਨ ਬਚਾਉਣ ਲਈ, ਵਿਰੋਧੀ ਤੇ ਦੋਸ਼ ਲਾ ਬਦਨਾਮ ਕਰ, ਰਾਜਸੀ ਪਿੜ ਖਾਲੀ ਕਰਾਉਣ ਲਈ ਪੁਲਿਸ ਤੇ ਸਰਕਾਰੀ ਤੰਤਰ ਦੇ ਇਨਸਾਫ ਕਰਨ ਲਈ ਗਾਇਡ ਬਨਣ ਦੀ ਥਾਂ, ਅਧਿਕਾਰੀਆਂ ਦੇ ਤੋਤੇ ਬਣ ਜਾਂਦੇ ਰਹੇ ਹਨ ਜਾਂ ਆਪੇ ਮੁਦਈ, ਤਫਤੀਸ਼ੀ, ਗਵਾਹ ਤੇ ਜੱਜ ਬਣ ਲੋਕਾਂ ਸਾਮ੍ਹਣੇ ਪੇਸ਼ ਹੁੰਦੇ ਹਨ। ਅੱਜ ਪੰਜਾਬ ਨੂੰ ਇਮਾਨਦਾਰ, ਇਨਸਾਫ ਪਸੰਦ, ਗੁਰਮੁੱਖ, ਸੁਰੱਖਿਆ ਤੇ ਵਿਕਾਸ ਦਾ ਹੀਰੋ ਬਣ ਲੋਕਾਂ ਦੀ ਸੇਵਾ ਕਰਨ, ਕਰਨੀ ਤੇ ਕਥਨੀ ਵਾਲੇ ਗੁਰਮੁਖ ਆਗੂਆਂ ਦੀ ਕਮੀ ਤੇ ਲੋੜ ਮਹਿਸੂਸ ਹੁੰਦੀ ਹੈ।
ਪੰਜਾਬ ਭੈ ਰਹਿਤ ਤੇ ਵਿਚਾਰ ਪ੍ਰਧਾਨ, ਦੂਰ ਅੰਦੇਸ਼ ਤੇ ਜਾਗ੍ਰਿਤ ਸਮਾਜ ਦੀ ਮਿਸਾਲ ਕਿਵੇਂ ਬਣੇ< ਇਸ ਲਈ ਪੰਜਾਬੀਆਂ ਨੂੰ ਵਿਰੋਧੀਆਂ ਵਲੋਂ ਪੈਦਾ ਕੀਤੇ ਜਾ ਰਹੇ ਅਣਖ ਗ਼ੈਰਤ ਤੇ ਹੋ ਰਹੇ ਝੂਠੇ ਡਰ ਦੇ ਭਰਮ ਦੀ, ਉਲਝਣਾ ਵਿੱਚੋਂ ਨਿਕਲ, ਸੱਚ ਤੇ ਕੇਵਲ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਗਲਬਾਤ ਰਾਹੀਂ ਤਰਕ ਨਾਲ, ਦੁਵੇਸ਼ ਛੱਡ ਵਿਕਾਸ ਦਾ ਮਾਰਗ ਫੜਨਾ ਚਾਹੀਦਾ ਹੈ। ਭਾਰਤ ਦੀ ਧਰਤੀ ਤੇ ਧਰਮ ਜਾ ਸਿੱਖ ਕੌਮ ਨੂੰ ਕੋਈ ਖ਼ਤਰਾ ਨਹੀ ਹੈ।
ਗੁਰਮਤ ਪ੍ਰੇਮ, ਬਹਾਦੁਰੀ ਤੇ ਚੜਦੀਕਲਾ ਦੀ ਗੱਲ ਕਰਦੀ ਹੈ ਪੰਜਾਬੀਆਂ ਨੂੰ ਇਹ ਹੀ ਮਾਰਗ ਧਾਰਨ ਕਰਨਾ ਚਾਹੀਦਾ ਹੈ। ਗੁਰਮਤਿ ਦੇ ਪ੍ਰੇਮ ਮਾਰਗ ਤੇ ਚਲਦਿਆਂ ਸਹਿਜੇ ਹੀ ‘ਮਾਣਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ॥ ਦੀ ਸਥਿਤੀ ਬਣਦੀ ਹੈ।
(ਇਕਬਾਲ ਸਿੰਘ ਲਾਲਪੁਰਾ ਚੈਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ ਮੋਬਾ: 8368444444)
test