25 ਮਈ, 2023 – ਜਲੰਧਰ: ਜਲੰਧਰ-ਪਠਾਨਕੋਟ ਰੋਡ ਤੋਂ 15 ਕਿਲੋਮੀਟਰ ਦੂਰ ਪਿੰਡ ਬਿਆਸ ’ਚ ਮਹਾਰਿਸ਼ੀ ਵੇਦ ਵਿਆਸ ਜੀ ਨੇ ਚਾਰ ਵੇਦਾਂ ਦੀ ਰਚਨਾ ਕੀਤੀ, ਜਿਥੇ ਅੱਜ ਵੀ 5500 ਸਾਲ ਪੁਰਾਣਾ ਤਪਅਸਥਾਨ ਕੁੰਡ ਮੌਜੂਦ ਹੈ। ਇਹ ਕੁੰਡ ਮਹਾਰਿਸ਼ੀ ਵੇਦ ਵਿਆਸ ਮਹਾਕੁੰਡ ਸਭਾ ਮੰਦਰ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਨੂੰ ਹੋਰ ਸੁੰਦਰ ਬਣਾਉਣ ਲਈ ਨਿਰਮਾਣ ਜਾਰੀ ਹੈ। ਇਥੋਂ ਪੱਛਮ ਵੱਲ ਨੂੰ ਜਾਂਦੀ ਵਿਪਾਸਾ ਨਦੀ ਜਿਸ ਨੂੰ ਬਿਆਸ ਦਰਿਆ ਵੀ ਕਿਹਾ ਜਾਂਦਾ ਹੈ, ਦੇ ਕੰਡੇ ’ਤੇ ਮਹਾਰਿਸ਼ੀ ਵਿਆਸ ਜੀ ਨੇ ਪਿੱਪਲ ਹੇਠਾਂ ਬੈਠ ਕੇ ਚਾਰ ਵੇਦਾਂ ਰਿਗਵੇਦ, ਯਜੂਰਵੇਦ, ਸਾਮਵੇਦ ਤੇ ਅਥਰਵਵੇਦ ਦੀ ਰਚਨਾ ਕੀਤੀ। ਰਾਜ ਸਭਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਵੀ ਮਹਾਰਿਸ਼ੀ ਵੇਦ ਵਿਆਸ ਕੁੰਡ ਮੰਦਰ ਦੇ ਦਰਸ਼ਨ ਕੀਤੇ ਤੇ ਕੇਂਦਰ ਦੇ ਵਿਕਾਸ, ਸੈਰ-ਸਪਾਟਾ ਤੇ ਸੰਸਕ੍ਰਿਤੀ ਮੰਤਰੀ ਕਿਸ਼ਨ ਰੈਡੀ ਨੂੰ ਮੰਦਰ ਨੂੰ ਤੀਰਥ ਵਜੋਂ ਵਿਕਸਤ ਕਰਨ ਲਈ ਪੱਤਰ ਲਿਖਿਆ। ਪੱਤਰ ’ਚ ਕਿਹਾ ਕਿ ਮੰਤਰਾਲਾ ਇਸ ਸਥਾਨ ਦੀ ਪ੍ਰਾਚੀਨਤਾ ਦੀ ਸੱਚਾਈ ਦੀ ਖੋਜ ਕਰਵਾ ਕੇ ਗੋਦ ਲਵੇ। ਇਹ 5500 ਸਾਲ ਪੁਰਾਣਾ ਸਥਾਨ ਅਜੇ ਵੀ ਸੁਰੱਖਿਅਤ ਹੈ ਤੇ ਪੰਜਾਬ ਦੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ। ਪਿੰਡ ਵਾਸੀ ਕੋਈ ਵੀ ਸ਼ੁੱਭ ਕਾਰਜ ਇਸ ਕੁੰਡ ’ਤੇ ਮੱਥਾ ਟੇਕਣ ਉਪਰੰਤ ਹੀ ਸ਼ੁਰੂ ਕਰਦੇ ਹਨ। ਇਸ ਤੋਂ ਇਲਾਵਾ ਮੰਦਰ ’ਚ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਪਰ ਲੋਹੜੀ, ਮਾਘੀ, ਵਿਆਸ ਪੂਜਾ ਖਾਸ ਤੌਰ ’ਤੇ ਮਨਾਈ ਜਾਂਦੀ ਹੈ। ਗੁਰ ਪੂਰਨਿਮਾ ਮੌਕੇ ਸ਼੍ਰੀਮਦ ਭਗਵਤ ਕਥਾ ’ਤੇ ਭੰਡਾਰਾ ਲਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਵੇਦ ਵਿਆਸ ਜੀ ਦਾ ਜਨਮ ਹੋਇਆ ਸੀ। ਇਸ ਦਿਨ ਨੂੰ ਔਰਤਾਂ ਦੀਵੇ ਬਾਲ਼ ਕੇ ਮੰਗਲ ਗੀਤ ਗਾਉਂਦੀਆਂ ਹਨ।
ਦੋ ਹਜ਼ਾਰ ਸਾਲ ਪਹਿਲਾ ਵੱਸਿਆ ਪਿੰਡ
ਪਿੰਡ ਵਾਸੀ ਬਜ਼ੁਰਗ ਰਤਨ ਚੰਦ ਰਿਸ਼ੀ (95 ਸਾਲ) ਮੁਤਾਬਕ ਉਨ੍ਹਾਂ ਦੇ ਬਜ਼ੁਰਗ ਦੱਸਦੇ ਸਨ ਕਿ ਦੋ ਹਜ਼ਾਰ ਸਾਲ ਪਹਿਲਾ ਇਹ ਪਿੰਡ ਵੱਸਿਆ ਹੈ। ਇਸ ਵਕਤ ਪਿੰਡ ਦੀ ਆਬਾਦੀ 8 ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਦਾ ਬਚਪਨ ਵੀ ਇਸ ਪਿੰਡ ’ਚ ਹੀ ਗੁਜ਼ਰਿਆ ਹੈ। ਰਿਸ਼ੀ ਨੇ ਦੱਸਿਆ ਕਿ ਮਹਾਰਿਸ਼ੀ ਜੀ ਨੇ ਦਰਿਆ ਕੰਢੇ ਪਿੱਪਲ ਦੇ ਦਰਖਤ ਥੱਲੇ੍ਹ ਹੀ ਵੇਦਾਂ ਦੀ ਰਚਨਾ ਕੀਤੀ ਤੇ ਦੂਰ-ਦੁਰਾਡੇ ਤੋਂ ਭਗਤ ਉਨ੍ਹਾਂ ਦੇ ਆਸ਼ਰਮ ’ਚ ਆਉਂਦੇ ਸਨ। ਦਰਿਆ ਦੇ ਵਹਾਅ ਕਾਰਨ ਭਗਤਾਂ ਨੂੰ ਆਉਣ ’ਚ ਮੁਸ਼ਕਲਾਂ ਵੀ ਆਉਂਦੀਆਂ ਸਨ। ਭਗਤ ਕਈ ਵਾਰ ਰਿਸ਼ੀ ਜੀ ਨੂੰ ਕਹਿ ਵੀ ਦਿੰਦੇ ਸਨ ਕਿ ਇਥੇ ਆਈਏ ਕਿਵੇਂ ਇਥੇ ਤਾਂ ਜਗ੍ਹਾ ਵੀ ਨਹੀਂ ਮਿਲਦੀ ਤਾਂ ਮਹਾਰਾਜ ਨੇ ਕਿਹਾ ਆਉਣਾ ਸ਼ੁਰੂ ਤਾਂ ਕਰੋਗੇ ਜਗ੍ਹਾ ਖੁਦ-ਬ-ਖੁਦ ਬਣ ਜਾਵੇਗੀ। ਉਸ ਦਿਨ ਤੋਂ ਦਰਿਆ ਨੇ ਆਪਣਾ ਰਸਤਾ ਬਦਲਣਾ ਸ਼ੁਰੂ ਕਰ ਦਿੱਤਾ।
ਚਾਰ ਵੇਦਾਂ ’ਤੇ ਆਧਾਰਿਤ ਹੀ ਬਣਾਇਆ ਜਾਵੇਗਾ ਚਾਰ ਮੰਜ਼ਿਲਾਂ ਤੀਰਥ ਅਸਥਾਨ
ਰਤਨ ਚੰਦ ਰਿਸ਼ੀ ਨੇ ਕਿਹਾ ਕਿ ਮਹਾਰਿਸ਼ੀ ਨੇ ਇਥੇ ਚਾਰ ਵੇਦਾਂ ਦੀ ਰਚਨਾ ਕੀਤੀ ਸੀ ਤੇ ਯੁੱਗ ਵੀ ਚਾਰ ਹੀ ਹਨ। ਇਸ ਲਈ ਚਾਰ ਮੰਜ਼ਿਲਾ ਤੀਰਥ ਸਥਾਨ ਬਣਾਇਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਇਤਿਹਾਸਕ ਸਥਾਨ ਦੇ ਦਰਸ਼ਨਾਂ ਦੇ ਨਾਲ-ਨਾਲ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ। ਪਹਿਲੀ ਮੰਜ਼ਿਲ ’ਚ ਕਲਯੁੱਗ, ਦੂਸਰੀ ’ਚ ਤ੍ਰੇਤਾ ਯੁੱਗ, ਤੀਜ਼ੀ ’ਚ ਦੁਆਪਰ ਯੁੱਗ ਤੇ ਚੌਥੀ ਮੰਜ਼ਿਲ ’ਚ ਸਤਯੁੱਗ ਦਾ ਨਿਰਮਾਣ ਕੀਤਾ ਜਾਵੇਗਾ। ਹਰੇਕ ਮੰਜ਼ਿਲ ’ਚ ਉਸ ਯੁੱਗ ’ਚ ਆਏ ਰਿਸ਼ੀ, ਮਹਾਰਿਸ਼ੀਆਂ ਤੇ ਗੁਰੂ ਅਵਤਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਆਸ ਮੰਦਰ ਤੋਂ ਚਾਰ ਕਿਲੋਮੀਟਰ ਦੂਰ ਅਲਾਵਲਪੁਰ-ਆਦਮਪੁਰ ਮਾਰਗ ਸਥਿਤ ਹੈ, ਜਿੱਥੇ ਭੀਸ਼ਮ ਪਿਤਾਮਾ ਦਾ ਪ੍ਰਾਚੀਨ ਮੰਦਰ ਹੈ। ਮੰਦਰ ਤੋਂ 16 ਕਿਲੋਮੀਟਰ ਦੂਰ ਪਠਾਨਕੋਟ ਰੋਡ ’ਤੇ ਚੌਲਾਂਗ ਨੇੜੇ ਜਹੂਰਾ (ਕਲਿਆਣਪੁਰ) ਆਉਂਦਾ ਹੈ। ਇੱਥੇ ਰਾਜਾ ਜਨਮੇਜਾ (ਰਾਜਾ ਪਿ੍ਰਕਸ਼ਤ ਦੇ ਪੁੱਤਰ ਤੇ ਅਰੁਜਨ ਦੇ ਪੜਪੋਤੇ) ਦਾ ਕਿਲ੍ਹਾ ਅਜੇ ਤੱਕ ਮਿੱਟੀ ਦੇ ਢੇਰ ’ਚ ਦੱਬਿਆ ਹੋਇਆ ਹੈ। ਮਹਾਭਾਰਤ ਸਮੇਂ ਉਕਤ ਸਥਾਨ ‘ਵਿਰਾਟ’ ਨਗਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਥੇ ਪਾਂਡਵਾਂ ਨੇ ਬਨਵਾਸ ਦੇ ਆਖਰੀ ਸਾਲ ’ਚ ਭੇਸ ਬਦਲ ਕੇ ਰਾਜਾ ਵਿਰਾਨ ਕੋਲ ਨੌਕਰੀ ਕੀਤੀ ਸੀ ਤੇ ਸਾਰੇ ਪਾਂਡਵ ਮਹਾਯੋਧਾ ਮਹਾਰਿਸ਼ੀ ਵੇਦ ਵਿਆਸ ਕੋਲੋਂ ਆਸ਼ੀਰਵਾਦ ਲੈਂਦੇ ਸਨ।
ਨੌਜਵਾਨਾਂ ਨੂੰ ਸੰਸਕ੍ਰਿਤੀ ਨਾਲ ਜੋੜਨ ਲਈ ਬਣਾਈ ਜਾਵੇਗੀ ਇਤਿਹਾਸਕ ਲਾਇਬੇ੍ਰਰੀ
ਮੰਦਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੰਦਰ ਦਾ ਨਿਰਮਾਣ ਕਾਰਜ ਜਾਰੀ ਹੈ, ਮੌਜੂਦਾ ਸਮੇਂ ਸ਼ਿਵ ਮੰਦਰ ਦਾ ਕਾਰਜ ਚੱਲ ਰਿਹਾ ਹੈ। ਨੌਜਵਾਨਾਂ ਨੂੰ ਆਪਣੀ ਸੰਸਕਿ੍ਰਤੀ ਨਾਲ ਜੋੜੀ ਰੱਖਣ ਲਈ ਇਤਿਹਾਸਿਕ ਲਾਇਬੇ੍ਰਰੀ ਬਣਾਈ ਜਾਵੇਗੀ, ਜਿੱਥੇ ਨੌਜਵਾਨਾਂ ਨੂੰ ਚਾਰੇ ਵੇਦ ਮਿਲਣਗੇ। ਉਸਾਰੀ ਲਈ ਡਿਜ਼ਾਈਨ ਮਾਡਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਦੌੜਾਕ ਫ਼ੌਜਾ ਸਿੰਘ ਵੀ ਇਸੇ ਪਿੰਡ ਦੇ ਵਾਸੀ ਹਨ। ਉਹ ਦੱਸਦੇ ਹਨ ਕਿ ਜਿੱਥੇ ਪਿੰਡ ਬਿਆਸ ’ਚ ਮੰਦਰ ਕੁੰਡ ਹੈ ਉਸ ਨੇੜੇ ਹੀ ਵੱਡ ਆਕਾਰ ਦਾ ਬੋਹੜ ਦਾ ਦਰੱਖਤ ਹੁੰਦਾ ਸੀ। ਪਿੰਡ ਦੇ ਬਜ਼ੁਰਗਾਂ ਮੁਤਾਬਕ ਕਈ ਸੌ ਸਾਲ ਪਹਿਲਾਂ ਇਸੇ ਦਰਖਤ ’ਤੇ ਕਿਸ਼ਤੀਆਂ ਨੂੰ ਬੰਨ੍ਹਣ ਲਈ ਵੱਡੇ ਕੁੰਡੇ ਲੱਗੇ ਹੁੰਦੇ ਸਨ।
—
1993 ’ਚ ਹੋਂਦ ’ਚ ਆਈ ਮਹਾਕੁੰਡ ਕਮੇਟੀ
ਮਹਾਰਿਸ਼ੀ ਵੇਦ ਵਿਆਸ ਕੁੰਡ ਸਭਾ 1993 ’ਚ ਬਣਾਈ ਜਿਸ ਨੂੰ 4 ਮਈ 1994 ਨੂੰ ਰਜਿਸਟਰਡ ਕਰਵਾਇਆ ਗਿਆ। ਸਭਾ ਵੱਲੋਂ ਹੀ ਮੰਦਰ ਦਾ ਵਿਕਾਸ ਤੇ ਉਸਾਰੀ ਕਰਵਾਈ ਜਾ ਰਹੀ ਹੈ। ਸਭਾ ਦੇ 21 ਮੈਂਬਰਾਂ ’ਚ ਪ੍ਰਧਾਨ ਅਸ਼ਵਨੀ ਕੁਮਾਰ, ਚੀਫ ਪੈਟਰਨ ਉੱਘੇ ਪੱਤਰਕਾਰ ਇਰਵਿਨ ਖੰਨਾ, ਵਾਈਸ ਪੈਟਰਨ ਬਿਜਲੀ ਬੋਰਡ ਦੇ ਸੇਵਾਮੁਕਤ ਐਡੀਟਰ ਰਤਨ ਚੰਦ ਰਿਸ਼ੀ, ਜਨਰਲ ਸਕੱਤਰ ਮੋਹਿਤ ਸ਼ਰਮਾ, ਖਜ਼ਾਨਚੀ ਪੰਨਾ ਲਾਲ, ਉਤਸਵ ਇੰਚਾਰਜ ਰਾਜ ਕੁਮਾਰ, ਕਮੇਟੀ ਮੈਂਬਰ ਵਿਜੇ ਕੁਮਾਰ, ਰਾਜਾ ਸ਼ਰਮਾ, ਅਜੇ ਕੁਮਾਰ, ਰਾਕੇਸ਼ ਰਿਸ਼ੀ, ਨਰਿੰਦਰ ਕੁਮਾਰ, ਕੁਲਦੀਪ ਕੁਮਾਰ, ਪਲਵਿੰਦਰ ਸਿੰਘ, ਸਹਿਯੋਗੀ ਸਾਬਕਾ ਪੰਚ ਕੁਲਵੰਤ ਕੌਰ, ਗੁਰਜੀਤ ਸਿੰਘ, ਮਨਿੰਦਰ ਸਿੰਘ, ਗੁਰਮੇਲ ਲਾਲ, ਸੰਕੀਰਤਨ ਮੰਡਲੀ ’ਚ ਰਜਨੀ ਬਾਲਾ, ਮਧੂ ਬਾਲਾ, ਜਯੋਤੀ ਰਿਸ਼ੀ ਤੇ ਕੁਲਦੀਪ ਕੌਰ ਆਦਿ ਸ਼ਾਮਲ ਹਨ, ਜੋ ਮੰਦਰ ਦੇ ਵਿਕਾਸ ਕਾਰਜਾਂ ’ਚ ਵੀ ਸੇਵਾਵਾਂ ਨਿਭਾਅ ਰਹੇ ਹਨ।
Courtesy : Punjabi Jagran
test