20 ਨਵੰਬਰ, 2024 – ਰਾਜਗੀਰ : ਪਹਿਲੇ ਤਿੰਨ ਕੁਆਰਟਰਾਂ ਵਿੱਚ ਦਰਜਨ ਤੋਂ ਵੱਧ ਪੈਨਲਟੀ ਕਾਰਨਰ ਗੁਆਉਣ ਤੋਂ ਬਾਅਦ ਭਾਰਤ ਨੇ ਆਖਰੀ ਕੁਆਰਟਰ ਵਿੱਚ ਦੋ ਗੋਲ ਕਰਕੇ ਜਪਾਨ ਨੂੰ 2-0 ਨਾਲ ਹਰਾ ਕੇ ਅੱਜ ਇੱਥੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਫਾਈਨਲ ਵਿੱਚ ਭਾਰਤ ਦਾ ਸਾਹਮਣਾ ਚੀਨ ਨਾਲ ਹੋਵੇਗਾ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ 48ਵੇਂ ਮਿੰਟ ’ਚ ਨਵਨੀਤ ਕੌਰ ਨੇ ਪੈਨਲਟੀ ਸਟਰੋਕ ’ਤੇ ਭਾਰਤ ਦਾ ਖਾਤਾ ਖੋਲ੍ਹਿਆ, ਜਦਕਿ 56ਵੇਂ ਮਿੰਟ ’ਚ ਸੁਨੇਲਿਤਾ ਟੋਪੋ ਦੇ ਸ਼ਾਨਦਾਰ ਪਾਸ ’ਤੇ ਲਾਲਰੇਮਸਿਆਮੀ ਨੇ ਦੂਜਾ ਗੋਲ ਕੀਤਾ। ਉਧਰ ਦੂਜੇ ਸੈਮੀਫਾਈਨਲ ’ਚ ਪੈਰਿਸ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਨੇ ਮਲੇਸ਼ੀਆ ਨੂੰ 3-1 ਨਾਲ ਹਰਾ ਦਿੱਤਾ।
ਆਖਰੀ ਗਰੁੱਪ ਮੈਚ ਵਿੱਚ ਜਾਪਾਨ ਨੂੰ 3-0 ਨਾਲ ਹਰਾਉਣ ਵਾਲੀ ਭਾਰਤੀ ਟੀਮ 48ਵੇਂ ਮਿੰਟ ਤੱਕ ਗੋਲ ਲਈ ਤਰਸਦੀ ਰਹੀ। ਭਾਰਤ ਨੂੰ ਪੂਰੇ ਮੈਚ ’ਚ 16 ਪੈਨਲਟੀ ਕਾਰਨਰ ਮਿਲੇ ਪਰ ਇਕ ਵੀ ਗੋਲ ਨਹੀਂ ਹੋ ਸਕਿਆ, ਜੋ ਐਤਵਾਰ ਨੂੰ ਚੀਨ ਖ਼ਿਲਾਫ਼ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਕੋਚ ਹਰਿੰਦਰ ਸਿੰਘ ਲਈ ਚਿੰਤਾ ਦਾ ਵਿਸ਼ਾ ਹੋਵੇਗਾ। ਚੌਥੇ ਕੁਆਰਟਰ ਦੇ ਦੂਜੇ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ, ਜਿਸ ਨੂੰ ਨਵਨੀਤ ਨੇ ਆਸਾਨੀ ਨਾਲ ਗੋਲ ਵਿੱਚ ਬਦਲ ਦਿੱਤਾ। ਆਖ਼ਰੀ ਸੀਟੀ ਵੱਜਣ ਤੋਂ ਪੰਜ ਮਿੰਟ ਪਹਿਲਾਂ ਲਾਲਰੇਮਸਿਆਮੀ ਨੇ ਗੋਲ ਕੀਤਾ। ਜਪਾਨ ਨੂੰ ਮੈਚ ਦਾ ਇੱਕੋ-ਇੱਕ ਪੈਨਲਟੀ ਕਾਰਨਰ 59ਵੇਂ ਮਿੰਟ ਵਿੱਚ ਮਿਲਿਆ, ਜਿਸ ਨੂੰ ਉਹ ਗੋਲ ਵਿੱਚ ਨਹੀਂ ਬਦਲ ਸਕਿਆ।
ਪੰਜਾਬੀ ਟ੍ਰਿਬਯੂਨ
test