18 ਨਵੰਬਰ, 2024 – ਮਾਨਸਾ : ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਧੀ ਕਿਰਨਜੀਤ ਕੌਰ ਨੇ ਲੰਘੀ ਚਾਰ ਨਵੰਬਰ ਨੂੰ ਕੈਨੇਡਾ ਫੈੱਡਰਲ ਪੁਲੀਸ ’ਚ ਅਫ਼ਸਰ ਬਣ ਕੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਹੈ। ਛੋਟੀ ਉਮਰੇ ਸਖ਼ਤ ਮਿਹਨਤ ਕਰਨ ਵਾਲੀ ਕਿਰਨਜੀਤ ਕੌਰ ਨੇ 5 ਸਾਲ ਕਰਨਲ ਡਿਗਰੀ ਕਾਲਜ ਚੂਲੜ ’ਚ ਪ੍ਰੋਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਕਿਰਨਜੀਤ ਕੌਰ ਪੁੱਤਰੀ ਲਾਭ ਸਿੰਘ ਸਾਲ 2014 ਵਿੱਚ ਕੈਨੇਡਾ ਚਲੀ ਗਈ ਸੀ। ਕੈਨੇਡਾ ਰਹਿੰਦਿਆਂ ਉਸ ਨੇ ਬਹੁਤ ਸੰਘਰਸ਼ ਕੀਤਾ।
2019 ’ਚ ਕਰਕਸ਼ਨਲ ਆਫ਼ੀਸਰ ਵਜੋਂ ਭਰਤੀ ਹੋ ਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸਾਲ 2024 ਦੌਰਾਨ ਰੌਇਲ ਕੈਨੇਡੀਅਨ ਮਾਊਂਟਡ ਪੁਲੀਸ ਵਿੱਚ ਭਰਤੀ ਹੋ ਕੇ ਫੈੱਡਰਲ ਪੁਲੀਸ ਅਫ਼ਸਰ ਬਣੀ। ਉਹ ਆਪਣੀ ਮਿਹਨਤ ਪਿੱਛੇ ਜਿੱਥੇ ਆਪਣੇ ਮਾਪਿਆਂ, ਨਾਨਕਿਆਂ ਨੂੰ ਇਸ ਦਾ ਸਿਹਰਾ ਦਿੰਦੀ ਹੈ, ਉਥੇ ਉਹ ਮਾਮੇ ਦੇ ਬੇਟੇ ਡਾ. ਹਜੂਰ ਸਿੰਘ ਅਤੇ ਹੈੱਡ ਡਿਪਾਰਟਮੈਂਟ ਆਫ਼ ਇੰਜਨੀਅਰਿੰਗ ਤਲਵੰਡੀ ਸਾਬੋ ਦਾ ਵੀ ਵਿਸ਼ੇਸ਼ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਸ ਨੂੰ ਉੱਚ ਪੱਧਰ ਦੀ ਤਾਲੀਮ ਦੌਰਾਨ ਸੇਧ ਦਿੱਤੀ। ਕਿਰਨਜੀਤ ਕੌਰ ਦਾ 2020 ਵਿੱਚ ਵਿਆਹ ਹੋਇਆ ਸੀ ਅਤੇ 2021 ਵਿੱਚ ਉਹ ਪਤੀ ਨੂੰ ਵੀ ਕੈਨੇਡਾ ਲੈ ਗਈ।
ਕਿਰਨਜੀਤ ਕੌਰ ਨੇ 10ਵੀਂ ਦੀ ਪੜ੍ਹਾਈ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ, 12ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ, ਗ੍ਰੇਜੂਏਸ਼ਨ ਐੱਸਡੀ ਕੰਨਿਆਂ ਮਹਾਂਵਿਦਿਆਲਾ ਮਾਨਸਾ, ਪੀਜੀਡੀਸੀਏ ਬਾਬਾ ਧਿਆਨ ਦਾਸ ਯੂਨੀਵਰਸਿਟੀ ਝੁਨੀਰ, ਐੱਮਸੀਏ ਪੰਜਾਬ ਟੈਕਨੀਕਲ ਯੂਨੀਵਰਸਿਟੀ, ਈਟੀਟੀ ਕਰਨਲ ਕਾਲਜ ਆਫ ਐਜੂਕੇਸ਼ਨ, ਬੀਐੱਡ ਮਿਲਖਾ ਸਿੰਘ ਕਾਲਜ ਬਰੇਟਾ ਤੋਂ ਕੀਤੀ ਅਤੇ 2009 ਤੋਂ 2014 ਤੱਕ ਕਰਨਲ ਡਿਗਰੀ ਕਾਲਜ ਚੂਲੜ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ।
ਪੰਜਾਬੀ ਟ੍ਰਿਬਯੂਨ
test