27 ਸਤੰਬਰ, 2024 – ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਵਿੱਚ ਲੰਘੀ ਰਾਤ ਤੋਂ ਰੁੱਕ-ਰੁੱਕ ਕੇ ਪੈ ਰਹੇ ਮੀਂਹ ਤੇ ਚੱਲ ਰਹੀ ਤੇਜ਼ ਹਵਾ ਨੇ ਜਿੱਥੇ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੇਤਾਂ ਵਿੱਚ ਵਾਢੀ ਲਈ ਤਿਆਰ ਹੋਣ ਕੰਢੇ ਪਹੁੰਚੀ ਝੋਨੇ ਦੀ ਫ਼ਸਲ ਤੇਜ਼ ਹਵਾਵਾਂ ਕਰਕੇ ਵਿਛ ਗਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਤੋਂ ਰਾਜਧਾਨੀ ਚੰਡੀਗੜ੍ਹ, ਫਤਹਿਗੜ੍ਹ ਸਾਹਿਬ, ਰੋਪੜ, ਪਟਿਆਲਾ, ਪਠਾਨਕੋਟ ਤੇ ਮੁਹਾਲੀ ਵਿੱਚ ਭਾਰੀ ਮੀਂਹ ਪਿਆ ਹੈ। ਮੀਂਹ ਕਰਕੇ ਸ਼ਹਿਰਾਂ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਦੇ ਨਾਲ ਹੀ ਕਈ ਥਾਵਾਂ ’ਤੇ ਖੇਤਾਂ ਵਿੱਚ ਵੀ ਮੀਂਹ ਭਰ ਗਿਆ ਹੈ। ਪੰਜਾਬ ਤੇ ਹਰਿਆਣਾ ਵਿੱਚ ਅੱਜ ਤੜਕੇ ਤੋਂ ਮੀਂਹ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਕਰਕੇ ਕਈ ਥਾਵਾਂ ’ਤੇ ਕਿਸਾਨਾਂ ਦੀਆਂ ਫ਼ਸਲਾਂ ਵਿਛ ਗਈਆਂ ਹਨ ਜਦਕਿ ਖਾਸ ਤੌਰ ’ਤੇ ਝੋਨੇ ਦੀ ਕਿਸਮ 1509, 1692 ਤੇ ਅਗੇਤੀ ਬਾਸਮਤੀ ਲਗਾਉਣ ਵਾਲੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਪਟਿਆਲਾ ਦੇ ਕਿਸਾਨ ਜਤਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਅਗੇਤੀ ਬਾਸਮਤੀ ਲਗਾਈ ਗਈ ਸੀ, ਜੋ ਕਿ ਵਾਢੀ ਲਈ ਤਿਆਰ ਖੜ੍ਹੀ ਸੀ। ਪਰ ਅੱਜ ਮੀਂਹ ਪੈਣ ਕਰਕੇ ਵਾਢੀ ਇਕ ਹਫ਼ਤਾ ਦੇਰੀ ਨਾਲ ਕਰਨੀ ਪਵੇਗੀ।
ਉਸ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਕਿਸਮ 1509 ਤੇ 1692 ਦਾ ਭਾਅ ਪਿਛਲੇ ਸਾਲ ਮੁਕਾਬਲੇ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਘੱਟ ਚੱਲ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪਵੇਗੀ। ਦੂਜੇ ਪਾਸੇ ਮੀਂਹ ਪੈਣ ਕਰਕੇ ਰਾਜਧਾਨੀ ਚੰਡੀਗੜ੍ਹ, ਮੁਹਾਲੀ, ਫਤਹਿਗੜ੍ਹ ਸਾਹਿਬ ਸਣੇ ਹੋਰਨਾਂ ਸ਼ਹਿਰ ਜਲ-ਥਲ ਹੋ ਗਏ ਹਨ। ਇਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਫਤਿਹਗੜ੍ਹ ਸਾਹਿਬ ਵਿੱਚ 58 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 42.9 ਐੱਮਐੱਮ, ਰੋਪੜ ਵਿੱਚ 9.5 ਐੱਮਐੱਮ, ਪਠਾਨਕੋਟ ਵਿੱਚ 5.5 ਐੱਮਐੱਮ, ਪਟਿਆਲਾ ਵਿੱਚ 2.2 ਐੱਮਐੱਮ ਮੀਂਹ ਪਿਆ ਹੈ। ਦੂਜੇ ਪਾਸੇ ਹਰਿਆਣਾ ਦੇ ਅੰਬਾਲਾ ਵਿੱਚ 62.8 ਐੱਮਐੱਮ, ਕਰਨਾਲ ਵਿੱਚ 16 ਐੱਮਐੱਮ, ਪੰਚਕੂਲਾ ਵਿੱਚ 59.5 ਐੱਮਐੱਮ, ਕੁਰੂਕਸ਼ੇਤਰ ਵਿੱਚ 40.5 ਤੇ ਯਮੁਨਾਨਗਰ ਵਿੱਚ 2 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਆਉਂਦੇ ਦਿਨਾਂ ’ਚ ਪੰਜਾਬ ਤੇ ਹਰਿਆਣਾ ਵਿੱਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
Courtesy : Punjabi Tribune
https://www.punjabitribuneonline.com/news/punjab/rain-and-strong-winds-made-the-farmers-worried/
ਮੀਂਹ ਤੇ ਹਨੇਰੀ ਨੇ ਗੰਨੇ ਤੇ ਝੋਨੇ ਦੀ ਫਸਲ ਵਿਛਾਈ
27 ਸਤੰਬਰ, 2024 – ਮੁਕੇਰੀਆਂ : ਇੱਥੇ ਬੀਤੀ ਰਾਤ ਹੋਈ ਬਾਰਿਸ਼ ਅਤੇ ਹਨੇਰੀ ਨੇ ਕੰਢੀ ਖੇਤਰ ਵਿੱਚ ਝੋਨੇ ਤੇ ਗੰਨੇ ਦੀ ਫਸਲ ਵਿਛਾ ਦਿੱਤੀ ਹੈ। ਕੰਢੀ ਵਿੱਚ ਛੋਟੀ ਕਿਸਾਨੀ ਹੈ ਅਤੇ ਸੀਮਤ ਰਕਬਿਆਂ ਵਿੱਚ ਉਨ੍ਹਾਂ ਆਪਣੇ ਗੁਜ਼ਾਰੇ ਲਈ ਗੰਨੇ ਤੇ ਝੋਨੇ ਦੀ ਫਸਲ ਲਗਾਈ ਹੋਈ ਹੈ ਜਿਹੜੀ ਕਿ ਬੀਤੀ ਰਾਤ ਨੁਕਸਾਨੇ ਜਾਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ।
ਕੰਢੀ ਦੇ ਪਿੰਡ ਬਹਿਵਿਧੀਆ (ਮੁਹੱਲਾ ਮੈਰਾ) ਦੇ ਕਿਸਾਨ ਦੇਸ ਰਾਜ ਨੇ ਦੱਸਿਆ ਉਹ ਛੋਟਾ ਕਿਸਾਨ ਹੈ ਅਤੇ ਕਰੀਬ ਚਾਰ ਕਨਾਲ ਮੱਕੀ ਤੇ ਇੱਕ ਏਕੜ ਗੰਨੇ ਦੀ ਫਸਲ ਬੀਜੀ ਹੈ। ਗੰਨੇ ਹੇਠ ਰਕਬਾ ਪਹਿਲੀ ਵਾਰ ਲਿਆਉਣ ਕਾਰਨ ਗੰਨੇ ਦੀ ਫਸਲ ਭਰਵੀਂ ਹੋਈ ਸੀ ਜਿਹੜੀ ਬੀਤੀ ਰਾਤ ਸਾਰੀ ਹੀ ਡਿੱਗ ਪਈ ਹੈ। ਉਸ ਨੇ ਦੱਸਿਆ ਕਿ ਗੰਨੇ ਦੀ ਫਸਲ ਡਿੱਗਣ ਜਾਣ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਹਾਲੇ ਖੰਡ ਮਿੱਲਾਂ ਨਵੰਬਰ ਦੇ ਅਖੀਰ ਵਿੱਚ ਚੱਲਣੀ ਹਨ ਅਤੇ ਕਰੀਬ 3 ਮਹੀਨੇ ਡਿੱਗੇ ਗੰਨੇ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।
ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਹਾਜੀਪੁਰ ਤੋਂ ਉਪਰਲੇ ਖੇਤਰ ਵਿੱਚ ਹੋਈ ਤੇਜ ਬਾਰਿਸ਼ ਤੇ ਹਨੇਰੀ ਕਾਰਨ ਬਹੁ ਗਿਣਤੀ ਕਿਸਾਨਾਂ ਦੀ ਝੋਨੇ ਤੇ ਗੰਨੇ ਫੀ ਫਸਲ ਡਿੱਗ ਗਈ ਹੈ। ਕੰਢੀ ਵਿੱਚ ਪਹਿਲਾਂ ਹੀ ਛੋਟੀਆਂ ਜ਼ਮੀਨਾਂ ਦੇ ਮਾਲਕ ਹਨ ਅਤੇ ਜ਼ਿਆਦਾਤਰ ਖੇਤ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਨੁਕਸਾਨ ਕਾਰਨ ਖਾਲੀ ਪਏ ਹਨ। ਬਾਰਿਸ਼ ਕਾਰਨ ਹੇਠਾਂ ਡਿੱਗੇ ਝੋਨੇ ਦੀ ਕਟਾਈ ਵੀ ਮੁਸ਼ਕਲ ਹੋ ਜਾਵੇਗੀ ਕਿਉਂਕਿ ਕੰਬਾਈਨਾ ਕੇਵਲ ਖੜ੍ਹੇ ਝੋਨੇ ਨੂੰ ਹੀ ਚੰਗੀ ਤਰ੍ਹਾਂ ਕੱਟਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਰਿਸ਼ ਕਾਰਨ ਕਿਸਾਨਾਂ ਦੇ ਝੋਨੇ ਤੇ ਗੰਨੇ ਦੀ ਫਸਲ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।
Courtesy : Punjabi Tribune
test