ਪਰਮਜੀਤ ਗਰੇਵਾਲ : ਕੁਰੁਕਸ਼ੇਤਰਾ ਯੂਨੀਵਰਸਿਟੀ
ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਜਿੱਥੇ ਹਰ ਦਿਨ ਕੋਈ ਨਾ ਕੋਈ ਤਿੱਥ ਤਿਉਹਾਰ ਮਨਾਇਆ ਜਾਂਦਾ ਹੈ। ਇਹਨਾਂ ਮੇਲਿਆਂ ਦਾ ਸਬੰਧ ਸਾਡੇ ਧਰਮ, ਇਤਿਹਾਸ, ਮਿਥਿਹਾਸ ਜਾਂ ਫਿਰ ਕਿਸੇ ਖਾਸ ਮਹਾਂ ਪੁਰਸ਼ ਨਾਲ ਜਾ ਜੁੜਦਾ ਹੈ। ਅਜਿਹੇ ਮੇਲਿਆਂ/ ਤਿਉਹਾਰਾਂ ਵਿੱਚੋਂ ਸਾਲ ਦੇ ਸ਼ੁਰੂ ਵਿੱਚ ਲੱਗਣ ਵਾਲਾ ਇੱਕ ਮੇਲਾ ਮਾਘੀ ਦਾ ਹੈ। ਮਾਘੀ ਕਿਸੇ ਨਾ ਕਿਸੇ ਰੂਪ ਵਿੱਚ ਪੂਰੇ ਭਾਰਤ ਭਰ ਵਿੱਚ ਵੱਖਰੇ ਵੱਖਰੇ ਨਾਵਾਂ ਹੇਠ ਮਨਾਈ ਜਾਂਦੀ ਹੈ। ਪੰਜਾਬ ਅਤੇ ਹਰਿਆਣਾ ਦੇ ਲੋਕ ਮਾਘੀ, ਅਸਮ ਦੇ ਬੀਹੂ, ਤਾਮਿਲਨਾਡੂ ਵਿੱਚ ਥਾਈ ਪੋਂਗਲ, ਉੜੀਸਾ, ਕਰਨਾਟਕ, ਮਹਾਰਾਸ਼ਟਰ, ਗੋਆ ਆਦਿ ਦੇ ਲੋਕ ਮਕਰ ਸੰਕ੍ਰਾਂਤੀ ਦੇ ਰੂਪ ਵਿੱਚ ਇਹ ਤਿਉਹਾਰ ਮਨਾਉਂਦੇ ਹਨ। ਇਸ ਦਿਨ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਹਿੰਦੂ ਧਰਮ ਵਿੱਚ ਇਹ ਤਿਉਹਾਰ ਸੂਰਜ ਦੇਵਤਾ ਦੀ ਪੂਜਾ ਨਾਲ ਸਬੰਧਤ ਹੈ ਜੋ ਲੋਹੜੀ ਤੋਂ ਦੂਜੇ ਦਿਨ ਮਾਘ ਦੀ ਸੰਗ੍ਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਦਾਨ ਦੇਣ, ਅਰਾਧਨਾ ਕਰਨ ਅਤੇ ਇਸ਼ਨਾਨ ਦਾ ਵਿੇ ਮਹਾਤਮ ਮੰਨਿਆ ਗਿਆ ਹੈ। ਗੁਰਬਾਣੀ ਵਿੱਚ ਇਸ ਦਾ ਹਵਾਲਾ ਇਸ ਤਰ੍ਹਾਂ ਮਿਲਦਾ ਹੈ :
ਮਾਘਿ ਮੰਜਨ ਸੰਗ ਸਾਧੂਆਂ ਧੂੜੀ ਕਰ ਇਸਨਾਨੁ।। ਹਰਿ ਕਾ ਨਾਮ ਧਿਆਇ ਸੁਨ ਸਭਨਾ ਨੋ ਕਰ ਦਾਨ।।
ਪੰਜਾਬ ਵਿੱਚ ਮਾਘੀ ਵਜੋਂ ਮਨਾਇਆ ਜਾਣ ਵਾਲਾ ਇਹ ਦਿਨ ਉਹਨਾਂ ਚਾਲੀ ਮੁਕਤਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਮੁਗਲ ਹਕੂਮਤ ਵਿਰੁੱਧ ਖਿਦਰਾਣੇ ਦੀ ਢਾਬ ਤੇ ਹੋਈ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ। ਇਹ ਉਹ ਚਾਲੀ ਸਿੰਘ ਸਨ ਜਿਹੜੇ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਸਮੇਂ ਤੰਗ ਆਏ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਇਹਨਾਂ ਸਿੰਘਾਂ ਨੂੰ ਮੁੜ ਗੁਰੂ ਦੇ ਲੜ ਲਾਉਣ ਵਾਲੀ ਪੰਜਾਬ ਦੀ ਬਹਾਦਰ ਇਸਤਰੀ ਮਾਈ ਭਾਗੋ ਸੀ। ਮਾਈ ਭਾਗੋ ਸਿੱਖ ਇਤਿਹਾਸ ਦੀ ਉਹ ਮਹਾਨ ਇਸਤਰੀ ਹੈ ਜਿਸਨੂੰ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਨ ਵਾਲੀ ਪਹਿਲੀ ਪੰਜਾਬੀ ਔਰਤ ਹੋਣ ਦਾ ਮਾਣ ਪ੍ਰਾਪਤ ਹੈ।
ਸਿੱਖ ਇਤਿਹਾਸ ਪੂਰੇ ਵਿਸ਼ਵ ਦੇ ਇਤਿਹਾਸ ਨਾਲੋਂ ਵੱਖਰਾ, ਅਚੰਭਿਤ ਕਰਨ ਵਾਲੀਆਂ ਕੁਰਬਾਨੀਆਂ ਭਰਪੂਰ ਇਤਿਹਾਸ ਹੈ ਜਿਸ ਦਾ ਹਰ ਪੰਨਾ ਹੱਕ, ਸੱਚ, ਧਰਮ, ਨਿਆਂ ਅਤੇ ਲੋਕ ਭਲਾਈ ਲਈ ਜੂਝਦੇ, ਮਨੁੱਖੀ ਅਧਿਕਾਰਾਂ ਤੇ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਤੇ ਪਹਿਰਾ ਦਿੰਦੇ ਸੂਰਬੀਰ ਸਿੰਘਾਂ, ਸਿੰਘਣੀਆਂ ਦੀਆਂ ਕੁਰਬਾਨੀਆਂ ਦਾ ਲਖਾਇਕ ਹੈ। ਸਿੱਖ ਇਤਿਹਾਸ ਸਿਰਜਣ ਵਾਲੇ ਇਹ ਸਿਰਲੱਥ ਯੋਧਿਆਂ ਨੇ ਹਮੇਾਸ਼ਾ ਗੁਰਮਤਿ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ, ਸਾਬਤ ਕਦਮੀ ਅਡੋਲ, ਅਡਿੱਗ ਤੇ ਅਹਿਲ ਰਹਿੰਦਿਆਂ ਅਨੇਕਾਂ ਤਸੀਹੇ ਝੱਲੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਕਦੀ ਆਪਣੇ ਅਕੀਦੇ ਤੋਂ ਨਹੀਂ ਥਿੜਕੇ। ਇਹ ਯੋਧਿਆਂ ਵਿੱਚ ਮਾਈ ਭਾਗੋ ਦਾ ਨਾਂ ਸ਼ੁਮਾਰ ਹੈ। ਬਹਾਦਰੀ ਅਤੇ ਹੌਂਸਲੇ ਦਾ ਦੂਜਾ ਨਾਂ ਹੈ ਮਾਈ ਭਾਗੋ। ਇਹ ਗੁਣ ਮਾਈ ਭਾਗੋ ਨੂੰ ਆਪਣੇ ਪਰਿਵਾਰਕ ਵਿਰਸੇ ਵਿੱਚੋਂ ਮਿਲੇ।
ਮਾਈ ਭਾਗੋ ਦਾ ਜਨਮ ਅੰਮਿ੍ਰਤਸਰ ਦੇ ਪਿੰਡ ਝਬਾਲ ਕਲਾਂ ਵਿੱਚ ਭਾਈ ਮੱਲੋ੍ਹ ਸ਼ਾਹ ਦੇ ਘਰ ਹੋਇਆ। ਭਾਈ ਮੱਲੋ ਸ਼ਾਹ ਭਾਈ ਪੀਰੋ ਸ਼ਾਹ ਦੇ ਪੁੱਤਰ ਸਨ। ਇਹ ਢਿੱਲੋਂ ਗੋਤ ਦੇ ਜੱਟ ਚੌਧਰੀਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ। ਮਾਈ ਭਾਗੋ ਦੇ ਦਾਦਾ ਜੀ ਦੇ ਭਰਾ ਭਾਈ ਲੌਂਗ੍ਹਾ ਉਹਨਾਂ ਪੰਜ ਸਿੱਖਾਂ ਵਿੱਚੋਂ ਇੱਕ ਸਨ ਜਿਹੜੇ ਗੁਰੂ ਅਰਜਨ ਦੇਵ ਜੀ ਨਾਲ ਉਹਨਾਂ ਦੀ ਸ਼ਹਾਦਤ ਸਮੇਂ ਉਹਨਾਂ ਦੇ ਨਾਲ ਲਾਹੌਰ ਗਏ। ਮਾਈ ਭਾਗੋ ਜੀ ਦਾ ਵਿਆਹ ਪੱਟੀ ਦੇ ਵੜੈਚ ਸਰਦਾਰ ਨਿਧਾਨ ਸਿੰਘ ਜੀ ਨਾਲ ਹੋਇਆ। ਮਾਈ ਭਾਗੋ ਜਨਮ ਤੋਂ ਹੀ ਸਿੱਖੀ ਸਿਧਾਂਤਾਂ ਨੂੰ ਪਰਣਾਈ ਵਫ਼ਾਦਾਰ ਸਿੱਖ ਔਰਤ ਸੀ।
ਮਾਈ ਭਾਗੋ ਦੇ ਪਿਤਾ ਜੀ ਸਤਰ ਵਿਦਿਆ ਦੇ ਗਿਆਤਾ ਸਨ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਤਿਆਰ ਕੀਤੀ ਫੌਜ ਵਿੱਚ ਸੇਵਾ ਕੀਤੀ। ਸਿੱਖੀ ਮਾਹੌਲ ਵਿੱਚ ਪਲ ਰਹੀ ਭਾਗੋ ਦੇ ਦਿਲ ਉੱਪਰ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਡੂੰਘਾ ਅਸਰ ਪਾਇਆ।
ਸਿੱਖੀ ਸਿਧਾਂਤਾਂ ਨੂੰ ਪਰਣਾਈ ਹੋਣ ਕਾਰਨ ਭਾਗੋ ਜੁਲਮ ਤੇ ਅਨਿਆਂ ਕਰਨ ਅਤੇ ਇਸ ਨੂੰ ਸਹਿਣ ਦੇ ਬਿੱਲਕੁੱਲ ਖਿਲਾਫ ਸੀ। ਮਾਈ ਭਾਗੋ ਨੇ ਦਸਮ ਗੁਰੂ ਪਾਸੋਂ ਖੰਡੇ ਦੀ ਪਾਹੁਲ ਲਈ। ਖਾਲਸਾ ਸਜਣ ਤੋਂ ਬਾਅਦ ਜਦੋਂ ਮਾਈ ਭਾਗੋ ਨੇ ਆਪਣੇ ਪਿਤਾ ਕੋਲ ਆਨੰਦਪੁਰ ਸਾਹਿਬ ਰਹਿਣ ਅਤੇ ਖਾਲਸਾ ਫੌਜ ਵਿੱਚ ਭਰਤੀ ਹੋ ਕੇ ਮੁਗਲਾਂ ਦੇ ਜੁਲਮਾਂ ਵਿਰੁੱਧ ਜੂਝਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸਦੇ ਪਿਤਾ ਨੇ ਫੌਜ ਔਰਤਾਂ ਦੀ ਥਾਂ ਨਹੀਂ ਹੁੰਦੀ ਕਹਿ ਕੇ ਉਸਨੂੰ ਘਰ ਲੈ ਗਏ। ਪਰ ਭਾਗੋ ਦੀ ਜਿੱਦ ਅੱਗੇ ਝੁਕਦਿਆਂ ਪਿਤਾ ਜੀ ਨੇ ਉਸਨੂੰ ਸਤਰ ਵਿਦਿਆ ਦਿੱਤੀ। 1704 ਈ. ਵਿੱਚ ਜਦੋਂ ਮੁਗਲਾਂ ਨੇ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਪਾਇਆ ਤਾਂ ਭਾਗੋ ਨੇ ਇੱਕ ਵਾਰ ਫੇਰ, ਇਸ ਵਾਰ ਆਪਣੇ ਪਤੀ ਸਾਹਮਣੇ ਗੁਰੂ ਜੀ ਲਈ ਮੁਗਲਾਂ ਖਿਲਾਫ ਲੜਨ ਦੀ ਇੱਛਾ ਪ੍ਰਗਟ ਕੀਤੀ, ਪਰ ਇਸ ਵਾਰ ਵੀ ਮਰਦ ਪਤੀ ਦੁਆਰਾ ਉਸਨੂੰ ਜੰਗ ਵਿੱਚ ਨਾ ਜਾਣ ਦਾ ਹੁਕਮ ਸੁਣਾਉਂਦਿਆਂ ਘਰ ਦਾ ਖਿਆਲ ਰੱਖਣ ਲਈ ਕਿਹਾ ਗਿਆ। ਪਤੀ ਦੀ ਗੈਰਹਾਜਰੀ ਵਿੱਚ ਮਾਈ ਭਾਗੋ ਨੇ ਆਪਣੀ ਯੁੱਧ ਵਿਦਿਆ ਜਾਰੀ ਰੱਖੀ। ਇਹ ਕਿਹਾ ਜਾਂਦਾ ਹੈ ਕਿ ਜਦੋਂ ਅੱਠ ਮਹੀਨਿਆਂ ਬਾਅਦ ਉਸਦਾ ਪਤੀ ਚਾਲੀ ਹੋਰ ਸਿੰਘਾਂ ਨਾਲ ਔਖੇ ਹਾਲਾਤਾਂ ਤੋਂ ਤੰਗ ਆਏ ਗੁਰੂ ਨੂੰ ਬੇਦਾਵਾ ਦੇ ਕੇ ਘਰ ਆਏ ਤਾਂ ਮਾਈ ਭਾਗੋ ਨੇ ਉਹਨਾਂ ਨੂੰ ਲਾਹਨਤਾਂ ਪਾਈਆਂ ਅਤੇ ਗੁਰੂ ਜੀ ਅਤੇ ਖਾਲਸੇ ਲਈ ਲੜਨ ਦਾ ਐਲਾਨ ਕਰਦਿਆਂ ਉਸਨੇ ਬੇਦਾਵਾ ਲਿਖ ਕੇ ਦੇ ਆਏ ਸਿੰਘਾਂ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਤੁਸੀਂ ਉਸ ਗੁਰੂ ਲਈ ਨਹੀਂ ਲੜ ਸਕਦੇ ਜਿਹਨਾਂ ਤੁਹਾਡੇ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਤਾਂ ਤੁਸੀਂ ਚੂੜੀਆਂ ਪਹਿਨ ਕੇ ਘਰਾਂ ਵਿੱਚ ਕੰਮ ਕਰੋ। ਜੇਕਰ ਤੁਸੀਂ ਦੁਬਾਰਾ ਗੁਰੂ ਦੇ ਸਿੰਘ ਬਣਨਾ ਚਾਹੁੰਦੇ ਹੋ ਤਾਂ ਆਓ ਮੇਰੇ ਨਾਲ। ਮਾਈ ਭਾਗੋ ਦੀ ਵੰਗਾਰ ਨੂੰ ਸਵੀਕਾਰਦਿਆਂ ਸਾਰੇ ਦੇ ਸਾਰੇ ਚਾਲੀ ਸਿੱਖਾਂ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸੀ, ਮਾਈ ਭਾਗੋ ਦੇ ਨਾਲ ਗੁਰੂ ਸਾਹਿਬ ਕੋਲ ਵਾਪਿਸ ਜਾ ਆਪਣੀ ਭੁੱਲ ਬਖਾਉਣ ਅਤੇ ਗੁਰੂ ਜੀ ਦੀ ਤਾਬਿਆ ਹੇਠ ਮੁਗਲ ਹਕੂਮਤ ਦੇ ਜੁਲਮਾਂ ਵਿਰੁੱਧ ਖੜੇ ਹੋਣ ਅਤੇ ਲੜਨ ਦਾ ਐਲਾਨ ਕੀਤਾ ਅਤੇ ਨਾਲ ਹੀ ਦੁਬਾਰਾ ਮੈਦਾਨ ਨਾ ਛੱਡਣ ਦੀ ਸੁਗੰਧ ਖਾਈ। ਮਾਈ ਭਾਗੋ ਦੀ ਅਗਵਾਈ ਵਿੱਚ ਇਹਨਾਂ ਚਾਲੀ ਸਿੰਘਾਂ ਨੇ 29 ਦਸੰਬਰ, 1705 ਨੂੰ ਖਿਦਰਾਣੇ ਦੀ ਲੜਾਈ ਵਿੱਚ ਮੁਗਲਾਂ ਵਿਰੁੱਧ ਗੁਰੂ ਜੀ ਦਾ ਸਾਥ ਦਿੱਤਾ। ਕਿਹਾ ਜਾਂਦਾ ਹੈ ਕਿ ਹਜਾਰਾਂ ਦੀ ਗਿਣਤੀ ਵਿੱਚਲੀ ਮੁਗਲ ਫੌਜ ਨੂੰ ਮਾਈ ਭਾਗੋ ਦੀ ਦੂਰ ਦਿ੍ਰਸ਼ਟੀ ਨੇ ਚਕਮਾ ਦਿੱਤਾ। ਉਹਨਾਂ ਮੁਗਲਾਂ ਨੂੰ ਇਹ ਭੁਲੇਖਾ ਪਾਉਣ ਲਈ ਕਿ ਉਹਨਾਂ ਖਿਲਾਫ ਲੜਨ ਵਾਲੇ ਸਿੱਖ ਜਿਆਦਾ ਗਿਣਤੀ ਵਿੱਚ ਹਨ, ਸਿੰਘਾਂ ਨੇ ਝਾੜੀਆਂ ਤੇ ਸਫੇਦ ਚੋਗੇ ਤਾਣ ਦਿੱਤੇ ਜੋ ਸਿੱਖ ਫੌਜਾਂ ਦੇ ਟੈਂਟਾ ਦਾ ਭੁਲੇਖਾ ਪਾ ਰਹੇ ਸਨ। ਇਸ ਥਾਂ ਤੇ ਅੱਜ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ।
ਸਿੰਘਾਂ ਤੇ ਮੁਗਲਾਂ ਵਿਚਕਾਰ ਲਹੂ ਵੀਟਵੀਂ ਲੜਾਈ ਹੋਈ। ਗੁਰੂ ਗੋਬਿੰਦ ਸਿੰਘ ਜੀ ਟਿੱਲੇ ਤੋਂ ਆਪਣੇ ਤੀਰਾਂ ਦੀ ਬੌਛਾੜ ਕਰਦੇ ਰਹੇ। ਲੜਾਈ ਖਤਮ ਹੋਣ ਤੋਂ ਬਾਅਦ ਜਦੋਂ ਗੁਰੂ ਜੀ ਟਿੱਲੇ ਤੋਂ ਹੇਠਾਂ ਆਏ ਤਾਂ ਬਹੁਤੇ ਸਿੰਘ ਸ਼ਹੀਦ ਹੋ ਚੁੱਕੇ ਸਨ। ਮਾਈ ਭਾਗੋ ਵੀ ਬੁਰੀ ਤਰ੍ਹਾਂ ਜਖਮੀ ਸੀ। ਚਾਲੀ ਸਿੰਘਾਂ ਵਿੱਚੋਂ ਸਿਰਫ ਮਹਾਂ ਸਿੰਘ ਆਪਣੇ ਅੰਤਿਮ ਸਵਾਸਾਂ ਤੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਦਿਆਂ ਜਦੋਂ ਉਸਦੀ ਅੰਤਿਮ ਇੱਛਾ ਪੁੱਛੀ ਤਾਂ ਭਾਈ ਮਹਾਂ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਬੇਦਾਵਾ ਫਾੜਨ ਲਈ ਅਰਜੋਈ ਕੀਤੀ ਜੋ ਉਹ ਆਨੰਦਪੁਰ ਦੀ ਲੜਾਈ ਵਿੱਚ ਗੁਰੂ ਸਾਹਿਬ ਨੂੰ ਲਿਖ ਕੇ ਦੇ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਫਾੜ ਸਿੰਘਾਂ ਨੂੰ ਗਲੇ ਲਗਾਇਆ, ਸਿੰਘਾਂ ਨਾਲ ਟੁੱਅੀ ਗੰਢੀ ਅਤੇ ਉਹਨਾਂ ਨੂੰ ਮੁਕਤੀ ਦਿੱਤੀ। ਇਹ ਚਾਲੀ ਸਿੰਘ ਸਿੱਖ ਇਤਿਹਾਸ ਵਿੱਚ ਚਾਲੀ ਮੁਕਤੇ ਕਹਾਏ। ਇਹਨਾਂ ਮੁਕਤਿਆਂ ਦੀ ਯਾਦ ਵਿੱਚ ਖਿਦਰਾਣੇ ਦਾ ਨਾਂ ਮੁਕਤਸਰ ਪੈ ਗਿਆ। ਇਸ ਤੋਂ ਬਾਅਦ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਵਿੱਚ ਸ਼ਾਮਲ ਹੋ ਉਹਨਾਂ ਦੀ ਪਹਿਰੇਦਾਰ ਬਣੀ ਅਤੇ ਦਮਦਮਾ ਸਾਹਿਬ, ਆਗਰਾ ਅਤੇ ਨੰਦੇੜ ਉਹਨਾਂ ਦੇ ਨਾਲ ਰਹੀ। ਗੁਰੂ ਗੋਬਿੰਦ ਸਿੰਘ ਜੀ ਦੇ ਨੰਦੇੜ ਵਿਖੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਈ ਭਾਗੋ ਨੇ ਕਰਨਾਟਕਾ ਵਿੱਚ ਬਿਦਰ ਦੇ ਨੇੜੇ ਜਿਨਵਾੜਾ ਰਹਿੰਦਿਆਂ ਆਪਣੇ ਅੰਤਮ ਸਾਹਾਂ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਇਸ ਥਾਂ ਤੇ ਅੱਜ ਗੁਰਦੁਆਰਾ ਤਪ ਅਸਥਾਨ ਮਾਈ ਭਾਗੋ ਸੁਸ਼ੋਭਿਤ ਹੈ। ਗੁਰਦੁਆਰਾ ਸ਼੍ਰੀ ਹਜੂਰ ਸਾਹਿਬ ਵਿਖੇ ਉਹਨਾਂ ਦੀ ਯਾਦ ਵਿੱਚ ਬੁੰਗਾ ਮਾਈ ਭਾਗੋ ਸਥਿਤ ਹੈ। ਮਾਈ ਭਾਗੋ ਵਰਗੀਆਂ ਦਲੇਰ ਇਸਤਰੀਆਂ ਤੋਂ ਸਾਨੂੰ ਹਿੰਮਤ, ਦਲੇਰੀ ਅਤੇ ਸਾਹਸ ਨਾਲ ਜੂਲਮ ਅਤੇ ਅਨਿਆਂ ਵਿਰੁੱਧ ਖੜੇ ਹੋਣ ਦੀ ਪ੍ਰਰਣਾ ਮਿਲਦੀ ਹੈ।
test