04 ਜੁਲਾਈ, 2025 – ਮੋਗਾ : ਇਥੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪੰਜਾਬ ਪੈਨਸ਼ਨਰ਼ਜ ਯੂਨੀਅਨਾਂ ਨੇ ਅਨਾਜ ਮੰਡੀ ਵਿਚ ਮੁਜ਼ਾਹਰਾ ਕੀਤਾ। ਉਨ੍ਹਾਂ ਬਿੱਲ ਪਾਸ ਕਰਨ ’ਤੇ ਲਾਈ ਪਾਬੰਦੀ ਖ਼ਿਲਾਫ਼ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਵੀ ਫੂਕਿਆ। ਆਗੂਆਂ ਨੇ ਜ਼ਿਲ੍ਹਾ ਖਜ਼ਾਨਾ ਅਫਸਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆਂ। ਜਥੇਬੰਦੀ ਦੇ ਆਗੂ ਗਿਆਨ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਅਣਐਲਾਨੀ ਵਿੱਤੀ ਐਮਰਜੈਂਸੀ ਨਾ ਹਟਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਪੈਨਸ਼ਨਰ ਤਿੱਖਾ ਸੰਘਰਸ਼ ਕਰਨ ਲਈ ਚੰਡੀਗੜ੍ਹ-ਮੁਹਾਲੀ ਵੱਲ ਕੂਚ ਕਰਨਗੇ। ਜਥੇਬੰਦੀ ਦੇ ਆਗੂ ਗੁਰਜੰਟ ਸਿੰਘ ਕੋਕਰੀ, ਹਰਨੇਕ ਸਿੰਘ ਰੋਡੇ, ਗੁਰਮੇਲ ਸਿੰਘ ਨਾਹਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖਜ਼ਾਨਾ ਦਫ਼ਤਰਾਂ ਵਿੱਚ ਲਾਈ ਅਣਐਲਾਨੀ ਵਿੱਤੀ ਐਮਰਜੈਂਸੀ ਪੈਨਸ਼ਰਾਂ ਨਾਲ ਧੱਕੇਸ਼ਾਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀਆਂ ਪੈਨਸ਼ਨਰ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਦੇ ਫਜ਼ੂਲ ਖਰਚਿਆਂ ’ਤੇ ਪਾਬੰਦੀ ਲਗਾਵੇ।
ਸਰਬਜੀਤ ਸਿੰਘ ਦੌਧਰ ਨੇ ਮੰਚ ਸੰਚਾਲਨ ਕੀਤਾ ਅਤੇ ਮਾਸਟਰ ਪ੍ਰੇਮ ਸ਼ਰਮਾ ਨੇ ਇਨਕਲਾਬੀ ਗੀਤ ਨਾਲ ਮੁਜਾਹਰੇ ਦਾ ਆਰੰਭ ਕੀਤਾ। ਇਸ ਮੌਕੇ ਸਕੱਤਰੇਤ ਤੱਕ ਵਿੱਤ ਮੰਤਰੀ ਦੇ ਪੁੱਤਲੇ ਸਮੇਤ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਭੂਪਿੰਦਰ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ ਖੋਸਾ, ਬਿੱਕਰ ਸਿੰਘ ਮਾਛੀਕੇ, ਗੁਰਦੀਪ ਸਿੰਘ, ਮੁਲਾਂਪੁਰ, ਜਗਸੀਰ ਸਿੰਘ, ਬਚਿੱਤਰ ਸਿੰਘ ਧੋਥੜ, ਸਤਪਾਲ ਸਹਿਗਲ, ਗੁਰਜੰਟ ਸਿੰਘ, ਮਨਜੀਤ ਸਿੰਘ ਧਰਮਕੋਟ, ਨਾਇਬ ਸਿੰਘ ਉਮਾਕਾਂਤ, ਪ੍ਰਿੰਸੀਪਲ ਕਰਤਾਰ ਸਿੰਘ, ਮੰਗਲ ਰਾਮ, ਬਾਬੂ ਸਿੰਘ ਆਦਿ ਆਗੂ ਸਾਮਲ ਹੋਏ ।
ਪੰਜਾਬੀ ਟ੍ਰਿਬਯੂਨ