25 ਨਵੰਬਰ, 2024 – ਮੋਗਾ : ਇਥੇ ਪ੍ਰਸ਼ਾਸਨ ਨੇ ਪਰਾਲੀ ਸਾੜਨ ਵਾਲਿਆਂ ਅਤੇ ਪਰਾਲੀ ਪ੍ਰਬੰਧਨ ’ਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਰੁੱਖ ਅਖ਼ਤਿਆਰ ਕੀਤਾ ਹੋਇਆ ਹੈ ਪਰ ਇਸਦੇ ਬਾਵਜੂਦ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਠੱਲ ਨਹੀਂ ਪੈ ਰਹੀ। ਵੇਰਵਿਆਂ ਅਨੁਸਾਰ ਜ਼ਿਲ੍ਹੇ ’ਚ 22 ਤੇ 23 ਨਵੰਬਰ ਨੂੰ ਦੋ ਦਿਨਾਂ ’ਚ ਵੱਖ-ਵੱਖ ਥਾਣਿਆਂ ਵਿੱਚ ਪਰਾਲੀ ਸਾੜਨ ਦੋਸ਼ ਹੇਠ 90 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਜ਼ਿਲ੍ਹੇ ਵਿਚ ਹੁਣ ਤੱਕ 425 ਤੋਂ ਵੱਧ ਐੱਫ਼ਆਈਆਰ’ਚ ਅਛਪਛਾਤੇ ਕਿਸਾਨਾਂ ਤੋਂ ਇਲਾਵਾ 300 ਤੋਂ ਵੱਧ ਕਿਸਾਨਾਂ ਨੂੰ ਨਾਮ ਸਣੇ ਨਾਮਜ਼ਦ ਕੀਤਾ ਗਿਆ ਹੈ। ਪਰਾਲੀ ਪ੍ਰਬੰਧਨ ਨਾਲ ਜੁੜੇ ਅਧਿਕਾਰੀ ਤੇ ਮੁਲਾਜ਼ਮ ਕਾਨੂੰਨੀ ਕਾਰਵਾਈ ਦੇ ਡਰੋਂ ਕਿਸਾਨਾਂ ਖ਼ਿਲਾਫ਼ ਧੜਾ-ਧੜਾ ਪਰਚੇ ਦਰਜ ਕਰ ਰਹੇ ਹਨ। ਇਸਦੇ ਬਾਵਜੂਦ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਪੈ ਰਹੀ।
ਦੂਜੇ ਪਾਸੇ ਪ੍ਰਸ਼ਾਸਨ ਨੇ ਪਰਾਲੀ ਪ੍ਰਬੰਧਨ ’ਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਉੱਤੇ ਵੀ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ ਜਿਸ ਤੋਂ ਅਫ਼ਸਰ ਖੌਫ਼ਜ਼ਦਾ ਹਨ। ਇਥੇ ਖੇਤੀਬਾੜੀ ਦੇ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਇੰਨ ਨੈਸ਼ਨਲ ਕੈਪੀਟਲ ਐਂਡ ਐਡਜੁਆਇਨਿੰਗ ਏਰੀਆਜ਼ ਐਕਟ ਦੀ ਧਾਰਾ 14 (1) ਅਧੀਨ ਕਾਰਵਾਈ ਲਈ ਨੋਟਿਸ ਦਿੱਤਾ ਗਿਆ ਹੈ। ਇਸ ਮੁਲਾਜ਼ਮ ਨੂੰ ਕਰੀਬ 2 ਮਹੀਨੇ ਪਹਿਲਾਂ ਹੀ ਵਿਭਾਗ ਵਿੱਚ ਨੌਕਰੀ ਮਿਲੀ ਹੈ ਅਤੇ ਹਾਲੇ ਪਹਿਲੀ ਤਨਖਾਹ ਵੀ ਨਸੀਬ ਨਹੀਂ ਹੋਈ। ਉਹ ਕਾਰਵਾਈ ਦੇ ਮਿਲੇ ਨੋਟਿਸ ਤੋਂ ਬਹੁਤ ਡਰਿਆ ਹੋਇਆ ਹੈ ਅਤੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।
ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਜਸਵਿੰਦਰ ਸਿੰਘ ਬਰਾੜ, ਜੋ ਖੇਤੀਬਾੜੀ ਅਫਸਰ ਅੋਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਹਨ ਦਾ ਕਹਿਣਾ ਹੈ ਕਿ ਖੇਤੀਬਾੜੀ ਮੁਲਾਜ਼ਮਾਂ ਦਾ ਕਿਸਾਨਾਂ ਦੇ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੇ ਰਿਸ਼ਤੇ ਵਿੱਚ ਦਰਾੜ ਆ ਰਹੀ ਹੈ। ਕਿਸਾਨਾਂ ਖ਼ਿਲਾਫ਼ ਕੋਈ ਵੀ ਇਨਫੋਰਸਮੈਂਟ ਗਤੀਵਿਧੀ ਖੇਤੀਬਾੜੀ ਮੁਲਾਜ਼ਮਾਂ ਰਾਹੀਂ ਨਾ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਦਾ ਖੇਤੀਬਾੜੀ ਵਿਭਾਗ ਪ੍ਰਤੀ ਵਿਸਵਾਸ ਬਣਿਆ ਰਹੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦਾ ਵਰਤਾਰਾ ਮੁਲਾਜ਼ਮਾਂ ਨੂੰ ਮੁਅੱਤਲ ਜਾਂ ਜਵਾਬ ਤਲਬੀ ਕਰਕੇ ਹੱਲ ਨਹੀਂ ਹੋਣਾ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਪਰਾਲੀ ਪ੍ਰਬੰਧਨ ’ਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਾਨੂੰਨ ਅਤੇ ਕੁਦਰਤ ਤੋਂ ਉੱਪਰ ਕੋਈ ਨਹੀਂ ਹੈ। ਕਾਨੂੰਨ ਦੀ ਉਲੰਘਣਾਂ ਦੀ ਸਜਾ ਭੁਗਤਣੀ ਪਵੇਗੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਵੀ ਭਵਿੱਖ ਵੱਡੀਆਂ ਸਮੱਸਿਆਵਾਂ ਆਉਣਗੀਆਂ। ਐੱਸਐੱਸਪੀ ਅਜੇ ਗਾਂਧੀ ਨੇ ਕਿਹਾ ਕਿ ਉਹ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਸਮਝਾ ਰਹੇ ਹਨ। ਉਹ ਖੁਦ ਅਤੇ ਵਿਭਾਗੀ ਅਧਿਕਾਰੀ, ਥਾਣਾ ਮੁਖੀ ਨਿਗਰਾਨੀ ਰੱਖ ਰਹੇ ਹਨ।
ਪੰਜਾਬੀ ਟ੍ਰਿਬਯੂਨ
test