28 ਨਵੰਬਰ, 2024 – ਗੜਸ਼ੰਕਰ : ਗੜ੍ਹਸ਼ੰਕਰ ਅਤੇ ਚੱਬੇਵਾਲ ਦੇ ਆਲੇ-ਦੁਆਲੇ ਕਰੀਬ ਡੇਢ ਸੋ ਤੋਂ ਵੱਧ ਪਿੰਡਾਂ ਵਿੱਚ ਮਟਰ ਅਤੇ ਆਲੂ ਦੀ ਕਾਸ਼ਤ ’ਤੇ ਗਰਮੀ ਦੇ ਲੰਮੇ ਸਮੇਂ ਤੱਕ ਚੱਲੇ ਮੌਸਮ ਦੀ ਕਰੋਪੀ ਪੈਣ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਮਟਰ ਦੀ ਫ਼ਸਲ ਲਈ ਪੂਰੇ ਭਾਰਤ ਵਿੱਚ ਚੱਬੇਵਾਲ ਦਾ ਇਲਾਕਾ ਪ੍ਰਸਿੱਧ ਹੈ ਜਿਥੋਂ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਰਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਆਲੂ ਅਤੇ ਮਟਰਾਂ ਦੀ ਬਿਜਾਈ ਕਰ ਰਹੇ ਹਨ ਪਰ ਇਸ ਵਾਰ ਗਰਮੀ ਦਾ ਮੌਸਮ ਨਵੰਬਰ ਦੇ ਆਖਰੀ ਦਿਨਾਂ ਤੱਕ ਚਲਦਾ ਰਿਹਾ ਹੋਣ ਕਰਕੇ ਇਹ ਫਸਲਾਂ ਬਰਬਾਦ ਹੋ ਗਈਆਂ ਹਨ। ਇਸ ਕਾਰਨ ਕਾਸ਼ਤਕਾਰਾਂ ਨੂੰ ਪ੍ਰਤੀ ਏਕੜ ਕਰੀਬ ਚਾਲੀ-ਪੰਜਾਹ ਹਜ਼ਾਰ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।
ਖੇਤਰ ਦੇ ਕਿਸਾਨਾਂ ਦਿਲਬਾਗ ਸਿੰਘ ਚੱਬੇਵਾਲ, ਸਰਬਜੀਤ ਸਿੰਘ , ਸੁਖਦੀਪ ਸਿੰਘ ਪੱਖੋਵਾਲ, ਹਰਬੰਸ ਸਿੰਘ ਜਿਆਣ, ਨਛੱਤਰ ਸਿੰਘ ਬਿਲੜੋਂ , ਅਮਰਜੀਤ ਸਿੰਘ , ਨਿਰਮਲ ਸਿੰਘ ਭੀਲੋਵਾਲ, ਨਿਰਮਲ ਸਿੰਘ ਜੰਡੋਲੀ, ਸੁਖਦੀਪ ਸਿੰਘ ਮਾਹਿਲਪੁਰ, ਅਮਨਦੀਪ ਸਿੰਘ ਮੰਗਲ, ਬਹਾਦਰ ਸਿੰਘ ਮੁੱਖੋਮਾਜਰਾ, ਰਘੁਵੀਰ ਸਿੰਘ ਖੇੜਾ ਆਦਿ ਨੇ ਦੱਸਿਆ ਕਿ ਇਸ ਵਾਰ ਸਤੰਬਰ ਤੋਂ ਨਵੰਬਰ ਦਾ ਤਾਪਮਾਨ ਆਲੂ ਅਤੇ ਮਟਰ ਦੀ ਫਸਲ ਲਈ ਅਨੁਕੂਲ ਨਹੀਂ ਰਿਹਾ ਅਤੇ ਗਰਮੀ ਦਾ ਮੌਸਮ ਲੰਮਾਂ ਸਮਾਂ ਚੱਲਣ ਨਾਲ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਹ ਫ਼ਸਲਾਂ ਠੰਢ ਦੇ ਦਿਨਾਂ ਵਿੱਚ ਹੀ ਪੂਰੀ ਤਰ੍ਹਾਂ ਕਾਮਯਾਬ ਹੁੰਦੀਆਂ ਹਨ ਪਰ 20 ਸਤੰਬਰ ਤੋਂ 5 ਅਕਤੂਬਰ ਤੱਕ ਮਟਰਾਂ ਦੀ ਬਿਜਾਈ ਸਮੇਂ ਤਾਪਮਾਨ ਜ਼ਿਆਦਾ ਗਰਮ ਰਿਹਾ। ਇਸ ਕਾਰਨ ਮਟਰਾਂ ਦਾ ਪੁੰਗਾਰ ਪੂਰਾ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਮੀਂਹ ਦੀ ਘਾਟ ਨਾਲ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਫ਼ਸਲ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਬਚਾਉਣ ਲਈ ਕਿਸਾਨਾਂ ਨੇ ਦਵਾਈਆਂ ਦੀ ਵਰਤੋਂ ਕੀਤੀ ਪਰ ਪੱਕੀ ਹੋਈ ਫ਼ਸਲ ਦਾ ਅੱਸੀ ਤੋਂ ਨੱਬੇ ਫ਼ੀਸਦੀ ਤੱਕ ਨੁਕਸਾਨ ਹੋ ਗਿਆ। ਆਲੂਆਂ ਦੀ ਬਿਜਾਈ ਅਨੁਸਾਰ ਝਾੜ ਵਿੱਚ ਭਾਰੀ ਕਮੀ ਆਈ ਹੈ।
ਜਿੱਥੇ ਪਹਿਲਾਂ ਇੱਕ ਏਕੜ ਵਿੱਚੋਂ 80 ਤੋਂ 90 ਕੁਇੰਟਲ ਆਲੂ ਨਿਕਲਦੇ ਸਨ, ਉੱਥੇ ਹੁਣ ਸਿਰਫ਼ 30 ਤੋਂ 40 ਕੁਇੰਟਲ ਹੀ ਬਚੇ ਹਨ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਇਸ ਦੋਵੇਂ ਫਸਲਾਂ ਨੇ ਆਪਣੇ ਖਰਚੇ ਵੀ ਪੂਰੇ ਨਹੀਂ ਕੀਤੇ ਅਤੇ ਕਣਕ ਦੀ ਅਗੇਤੀ ਬਿਜਾਈ ਤੋਂ ਵੀ ਕਿਸਾਨ ਪਛੜ ਗਏ।
ਵਧੇ ਤਾਪਮਾਨ ਕਾਰਨ ਦੋਵੇਂ ਫਸਲਾਂ ਦਾ ਨੁਕਸਾਨ ਹੋਇਆ: ਸਹਾਇਕ ਡਾਇਰੈਕਟਰ
ਜ਼ਿਲ੍ਹਾ ਮੰਡੀ ਅਫ਼ਸਰ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ ਮੌਸਮ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਨਾਲ ਮੰਡੀ ਬੋਰਡ ਦੀਆਂ ਫੀਸਾਂ ਵਿੱਚ ਕਟੌਤੀ ਕਾਰਨ ਸਰਕਾਰ ਦੀ ਆਮਦਨ ਵਿੱਚ ਵੀ ਕਮੀ ਆਈ ਹੈ। ਇਸ ਸਬੰਧੀ ਬਾਗ਼ਬਾਨੀ ਵਿਭਾਗ ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਲੂ ਅਤੇ ਮਟਰ ਦੀ ਫ਼ਸਲ ਦੇ ਖ਼ਰਾਬ ਹੋਣ ਦਾ ਮੁੱਖ ਕਾਰਨ ਬਿਜਾਈ ਸਮੇਂ ਵਧਿਆ ਤਾਪਮਾਨ ਹੈ। ਇਸ ਵਾਰ ਤਾਪਮਾਨ 35 ਡਿਗਰੀ ਦੇ ਆਸ-ਪਾਸ ਹੀ ਰਿਹਾ, ਜਿਸ ਕਾਰਨ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ।
ਪੰਜਾਬੀ ਟ੍ਰਿਬਯੂਨ
test