22 ਨਵੰਬਰ, 2024 – ਪਟਿਆਲਾ : ਪੰਜਾਬ ਦੇ ਕਈ ਸ਼ਹਿਰਾਂ ’ਚ ਹਵਾ ਗੁਣਵੱਤਾ ਖਰਾਬ ਰਹੀ ਅਤੇ ਲੁਧਿਆਣਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ। ਸਨਅਤੀ ਸ਼ਹਿਰ ’ਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 274 ਦਰਜ ਹੋਇਆ। ਇਸੇ ਦੌਰਾਨ ਸੂਬੇ ’ਚ 192 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ। ਜਾਣਕਾਰੀ ਮੁਤਾਬਕ ਪੰਜਾਬ ’ਚ ਹਵਾ ਗੁਣਵੱਤਾ ਸੂਚਕ ਅੰਕ ਸਭ ਤੋਂ ਵੱਧ ਲੁਧਿਆਣਾ ’ਚ 274 ਰਿਕਾਰਡ ਕੀਤਾ ਗਿਆ ਜਦ ਕਿ ਚੰਡੀਗੜ੍ਹ ਵਿੱਚ 211 ਏਕਿਊਆਈ ਰਿਕਾਰਡ ਕੀਤਾ ਗਿਆ ਜੋ ਪਹਿਲਾਂ ਨਾਲੋਂ ਕਾਫੀ ਘੱਟ ਹੈ। ਅੰਕੜਿਆਂ ਅਨੁਸਾਰ ਅੱਜ ਪਟਿਆਲਾ ਦਾ ਏਕਿਊਆਈ 242, ਜਲੰਧਰ ਦਾ 241, ਅੰਮ੍ਰਿਤਸਰ ਦਾ 224 ਤੇ ਬਠਿੰਡਾ ਦਾ ਏਕਿਊਆਈ 132 ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ਦੇ ਬਹਾਦਰਗੜ੍ਹ ਦਾ ਏਕਿਊਆਈ 357, ਰੋਹਤਕ ਦਾ 327, ਸਿਰਸਾ ਦਾ ਏਕਿਊਆਈ 331 ਦਰਜ ਹੋਇਆ।
ਪਰਾਲੀ ਸਾੜਨ ਦੀਆਂ 10,296 ਘਟਨਾਵਾਂ ਵਾਪਰੀਆਂ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਇਸ ਸਾਲ 15 ਸਤੰਬਰ ਤੋਂ 21 ਨਵੰਬਰ ਤੱਕ ਪੰਜਾਬ ’ਚ 10,296 ਥਾਵਾਂ ’ਤੇ ਪਰਾਲੀ ਸਾੜੀ ਗਈ। ਅੰਕੜਿਆਂ ਮੁਤਾਬਕ ਇਸ ਵਾਰ ਪਠਾਨਕੋਟ ’ਚ ਸਭ ਤੋਂ ਘੱਟ ਪਰਾਲੀ ਸਾੜੀ ਗਈ ਜਿੱਥੇ ਮਹਿਜ਼ 3 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਅੰਕੜਿਆਂ ਅਨੁਸਾਰ ਅੱਜ ਪੰਜਾਬ ਵਿੱਚ 192 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ। ਇਨ੍ਹਾਂ ’ਚ ਫਾਜ਼ਲਿਕਾ ਵਿੱਚ ਸਭ ਤੋਂ ਵੱਧ 42 ਥਾਵਾਂ ’ਤੇ ਪਰਾਲੀ ਸਾੜੀ ਗਈ ਜਦਕਿ ਫਿਰੋਜ਼ਪੁਰ ਵਿੱਚ 38 ਥਾਵਾਂ ’ਤੇ, ਮੁਕਤਸਰ ਵਿੱਚ 22, ਫਰੀਦਕੋਟ ਤੇ ਤਰਨ ਤਾਰਨ ਵਿੱਚ 13-13, ਮੋਗਾ ਵਿੱਚ 10, ਬਠਿੰਡਾ ਤੇ ਸੰਗਰੂਰ ਵਿੱਚ 9-9 ਥਾਵਾਂ ’ਤੇ ਪਰਾਲੀ ਸਾੜੀ ਗਈ। ਪਿਛਲੇ ਸਾਲ ਇਸੇ ਤਰੀਕ ਨੂੰ 513 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਇਹ ਘਟਨਾਵਾਂ ਕਾਫੀ ਘੱਟ ਹਨ।
ਪੰਜਾਬੀ ਟ੍ਰਿਬਯੂਨ
test