21 ਨਵੰਬਰ, 2024 – ਜੈਤੋ : ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ’ਚ ‘ਕੋਟਕਪੂਰਾ ਗਰੁੱਪ ਆਫ਼ ਫੈਮਿਲੀਜ਼ (ਕੈਨੇਡਾ)’ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ ਵਿੱਚ ਵਾਤਾਵਾਰਨ ਦੀ ਸੰਭਾਲ ਲਈ ਸੈਮੀਨਾਰ ਕੀਤਾ ਗਿਆ। ਸੁਸਾਇਟੀ ਦੇ ਪ੍ਰੈੱਸ ਸਕੱਤਰ ਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ਸਬੰਧੀ ਵੱਖ-ਵੱਖ ਉਦਾਹਰਣਾਂ ਦਿੰਦਿਆਂ ਅਜੋਕੇ ਸਮੇਂ ਪ੍ਰਦੂਸ਼ਣ ਦੇ ਮੰਦੜੇ ਹਾਲ ਦੇ ਵਿਸ਼ੇ ਨੂੰ ਛੋਹਿਆ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਾਰਨ ਧਰਤੀ ’ਤੇ ਹਰ ਜੀਵ-ਜੰਤੂ ਦੀ ਹੋਂਦ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇ ਮਨੁੱਖ ਨੇ ਸਮੇਂ ਸਿਰ ਪ੍ਰਦੂਸ਼ਣ ਦੀ ਰੋਕਥਾਮ ਲਈ ਆਪਣੀ ਜ਼ਿੰਮੇਵਾਰੀ ਨਾ ਨਿਭਾਈ, ਤਾਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਨਹੀਂ ਬਚੇਗਾ। ਸਕੂਲ ਪ੍ਰਿੰਸੀਪਲ ਗੁਰਦਰਸ਼ਨ ਸਿੰਘ ਢਿੱਲਵਾਂ ਨੇ ਸੁਸਾਇਟੀ ਦੇ ਇਸ ਹੰਭਲੇ ਪ੍ਰਸ਼ੰਸਾ ਕੀਤੀ। ਜਗਸੀਰ ਸਿੰਘ ਬਰਾੜ ਮੱਤਾ, ਪ੍ਰੇਮ ਚਾਵਲਾ, ਸੋਮਨਾਥ ਅਰੋੜਾ, ਮੁਖਤਿਆਰ ਸਿੰਘ ਮੱਤਾ, ਹਰਨੇਕ ਸਿੰਘ ਸਾਹੋਕੇ, ਮਨਦੀਪ ਸਿੰਘ ਪੁਰਬਾ, ਜਸਵਿੰਦਰ ਸਿੰਘ, ਨੇਹਾ ਸ਼ਰਮਾ ਅਤੇ ਕੁਲਬੀਰ ਸਿੰਘ ਮੱਤਾ ਨੇ ਵੀ ਆਪਣੇ ਵਿਚਾਰ ਰੱਖੇ। ਵਿਦਿਆਰਥੀਆਂ ਨੇ ‘ਜਾਗਾਂਗੇ ਜਗਾਵਾਂਗੇ-ਵਾਤਾਵਰਨ ਬਚਾਵਾਂਗੇ’ ਦੇ ਨਾਅਰੇ ਨਾਲ ਵਾਤਾਵਰਨ ਦੀ ਸੰਭਾਲ ਦਾ ਸੰਕਲਪ ਲਿਆ।
ਪੰਜਾਬੀ ਟ੍ਰਿਬਯੂਨ
test