12 ਨਵੰਬਰ, 2024 – ਸ਼ਾਹਕੋਟ : ਪਿੰਡ ਕੰਨੀਆਂ ਕਲਾਂ ਦੇ ਨਜ਼ਦੀਕ ਸਥਿਤ ਇੱਕ ਸ਼ੈਲਰ ਮਾਲਕ ਵੱਲੋਂ ਗੁਰਦਾਸਪੁਰ ਤੋਂ ਮੰਗਵਾਏ ਝੋਨੇ ਦੇ ਟਰੱਕ ਨੂੰ ਕਿਸਾਨ ਜਥੇਬੰਦੀਆਂ ਨੇ ਕਾਬੂ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਰਾਈਸ ਮਿੱਲ ਦੇ ਮਾਲਕ ਵੱਲੋਂ ਗੁਰਦਾਸਪੁਰ ਤੋਂ ਝੋਨਾ ਲਿਆਂਦਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਆਪਣੀ ਯੂਨੀਅਨ ਦੇ ਵਰਕਰਾਂ ਨੂੰ ਨਾਲ ਲੈ ਕੇ ਰਾਈਸ ਮਿੱਲ ਉੱਪਰ ਝੋਨੇ ਨਾਲ ਲੱਦੇ ਟਰੱਕ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਸ਼ੈਲਰ ਮਾਲਕ ਨੇ ਮੰਨਿਆ ਕਿ ਹੁਣ ਤੱਕ ਉਨ੍ਹਾਂ ਨੇ ਕਰੀਬ 11 ਟਰੱਕ ਝੋਨੇ ਦੇ ਗੁਰਦਾਸਪੁਰ ਤੋਂ ਮੰਗਵਾਏ ਹਨ। ਸ਼ੈਲਰ ਮਾਲਕ ਨੇ ਵਾਅਦਾ ਕੀਤਾ ਕਿ ਉਹ ਝੋਨੇ ਨਾਲ ਭਰੇ ਟਰੱਕ ਨੂੰ ਵਾਪਸ ਕਰ ਦੇਵੇਗਾ ਤੇ ਅੱਗੇ ਤੋਂ ਬਾਹਰਲੇ ਜ਼ਿਲ੍ਹੇ ਤੋਂ ਝੋਨਾ ਨਹੀਂ ਲਿਆਵੇਗਾ। ਕਿਸਾਨ ਆਗੂ ਨੇ ਦੱਸਿਆ ਕਿ ਪਿਛਲੇ ਦਿਨੀਂ ਝੋਨੇ ਦੀ ਚੁਕਾਈ ਸਬੰਧੀ ਅਧਿਕਾਰੀਆਂ, ਆੜ੍ਹਤੀਆਂ, ਖਰੀਦ ਏਜੰਸੀਆਂ, ਮਾਰਕੀਟ ਕਮੇਟੀ ਦੇ ਸਕੱਤਰ ਅਤੇ ਸ਼ੈਲਰ ਮਾਲਕਾਂ ਨਾਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਸੀ ਕਿ ਸ਼ਾਹਕੋਟ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ ਪਰ ਸ਼ੈਲਰ ਮਾਲਕ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਝੋਨਾ ਲਿਆ ਕੇ ਇੱਥੋਂ ਦੀਆਂ ਮੰਡੀਆਂ ਵਿੱਚੋਂ ਝੋਨਾ ਚੁੱਕਣ ਤੋਂ ਇਨਕਾਰੀ ਹਨ।
ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਕਿਹਾ ਕਿ ਰਾਈਸ ਮਿੱਲ ’ਤੇ ਗੁਰਦਾਸਪੁਰ ਤੋਂ ਆਇਆ ਝੋਨਾ ਰਿਲੀਜ਼ ਆਰਡਰ ਵਾਲਾ ਸੀ। ਖਰੀਦ ਏਜੰਸੀਆਂ ਦਾ ਝੋਨਾ ਇੱਧਰ-ਉੱਧਰ ਦੇ ਸ਼ੈਲਰਾਂ ਵਿੱਚ ਲਾਇਆ ਜਾ ਸਕਦਾ ਹੈ। ਜਦੋਂ ਉਨ੍ਹਾਂ ਕੋਲੋਂ ਸ਼ੈਲਰ ਮਾਲਕ ਵੱਲੋਂ ਸਭ ਕੁਝ ਸਵੀਕਾਰ ਕਰ ਲਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਹੋਰ ਜਾਣਕਾਰੀ ਲੈਣ ਲਈ ਇੰਸਪੈਕਟਰ ਬਲਕਾਰ ਸਿੰਘ ਨਾਲ ਗੱਲ ਕਰਨ ਲਈ ਕਿਹਾ।
ਸਰਕਾਰ ਦਾ ਖਰੀਦਿਆ ਝੋਨਾ ਕਿਸੇ ਵੀ ਸ਼ੈਲਰ ਵਿੱਚ ਲਾਇਆ ਜਾ ਸਕਦੈ: ਇੰਸਪੈਕਟਰ
ਫੂਡ ਸਪਲਾਈ ਦੇ ਇੰਸਪੈਕਟਰ ਬਲਕਾਰ ਸਿੰਘ ਨੇ ਕਿਹਾ ਕਿ ਰਾਈਸ ਮਿੱਲ ਦੇ ਮਾਲਕ ਨੇ ਆਪਣੇ ਖਰਚੇ ’ਤੇ ਰਿਲੀਜ਼ ਆਰਡਰ ਵਾਲੇ ਝੋਨੇ ਨੂੰ ਗੁਰਦਾਸਪੁਰ ਤੋਂ ਮੰਗਵਾਇਆ ਸੀ। ਸਰਕਾਰ ਦਾ ਖਰੀਦਿਆ ਝੋਨਾ ਕਿਸੇ ਵੀ ਸ਼ੈਲਰ ਵਿੱਚ ਲਾਇਆ ਜਾ ਸਕਦਾ ਹੈ।
ਪੰਜਾਬੀ ਟ੍ਰਿਬਯੂਨ
test