ਸੰਪਾਦਕੀ
ਭਗਤ ਸਿੰਘ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਵੀ ਪਾਕਿਸਤਾਨ ਨੂੰ ਨਿਸ਼ਾਨੇ ’ਤੇ ਲੈ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸ਼ਹੀਦ-ਏ-ਆਜ਼ਮ ਦੋ ਮੁਲਕਾਂ ਵਿਚਾਲੇ ਦੋ ਵੱਖੋ-ਵੱਖ ਵਿਚਾਰਧਾਰਾਵਾਂ ਦਾ ਕੇਂਦਰ ਬਣ ਰਿਹਾ ਹੈ।
ਪਾਕਿਸਤਾਨ ’ਚ ਇਕ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਣ ਨੂੰ ਲੈ ਕੇ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪਾਕਿਸਤਾਨ ਦੀ ਫ਼ੌਜ ਦੇ ਇਕ ਸੇਵਾ ਮੁਕਤ ਅਧਿਕਾਰੀ ਨੇ ਬਿਆਨ ਦਿੱਤਾ ਸੀ ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋਂ ਅਪਰਾਧੀ ਤੇ ਅੱਤਵਾਦੀ ਸੀ। ਉਸ ਨੂੰ ਬਰਤਾਨਵੀ ਪੁਲਿਸ ਅਧਿਕਾਰੀ ਦਾ ਕਤਲ ਕਰਨ ਦੇ ਅਪਰਾਧ ’ਚ ਉਸ ਦੇ ਦੋ ਸਾਥੀਆਂ ਸਣੇ ਫਾਂਸੀ ਦਿੱਤੀ ਗਈ ਸੀ। ਇਸੇ ਬਿਆਨ ਨੂੰ ਮੁੱਖ ਰੱਖ ਕੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪ੍ਰਸ਼ਾਸਨ ਨੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਤੇ ਸ਼ਹੀਦ ਦਾ ਬੁੱਤ ਲਗਾਉਣ ਦੀ ਯੋਜਨਾ ’ਤੇ ਕਾਟਾ ਮਾਰ ਦਿੱਤਾ ਹੈ। ਸ਼ਹੀਦ ਭਗਤ ਸਿੰਘ ਦੇ ਨਾਮਲੇਵਾ ਲਹਿੰਦੇ ਪੰਜਾਬ ਵਿਚ ਵੀ ਹਨ ਜਿਹੜੇ ਲੰਬੇ ਸਮੇਂ ਤੋਂ ਸ਼ਾਦਮਾਨ ਚੌਕ ਨੂੰ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਬਣਾਉਣਾ ਲੋਚਦੇ ਹਨ। ਸ਼ਾਦਮਾਨ ਚੌਕ ਲਾਹੌਰ ਦੀ ਜ਼ਿਲ੍ਹਾ ਜੇਲ੍ਹ ਦੀ ਕੰਧ ਨਾਲ ਲੱਗਦਾ ਹੈ ਤੇ ਇਸੇ ਜੇਲ੍ਹ ’ਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ।
ਤੇਈ ਮਾਰਚ 1931 ਨੂੰ ਇਨ੍ਹਾਂ ਨੂੰ ਉੱਥੇ ਫਾਂਸੀ ਦੇ ਦਿੱਤੀ ਗਈ ਸੀ। ਸੰਨ 2018 ’ਚ ਲਾਹੌਰ ਹਾਈ ਕੋਰਟ ਨੇ ਸ਼ਾਦਮਾਨ ਚੌਕ ਦਾ ਨਾਮ ਬਦਲ ਕੇ ‘ਭਗਤ ਸਿੰਘ ਚੌਕ’ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਜਹਾਦ ਖੜ੍ਹਾ ਕਰ ਦਿੱਤਾ ਸੀ। ਇਹ ਮੰਗ ਪੁਰਾਣੀ ਹੈ ਕਿ ਇਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇ ਪਰ ਭਗਤ ਸਿੰਘ ਖ਼ਿਲਾਫ਼ ਟਿੱਪਣੀ ਤੇ ਅਦਾਲਤੀ ਕਾਰਵਾਈ ਨੇ ਜ਼ਰੂਰ ਦੋਵਾਂ ਦੇਸ਼ਾਂ ਵਿਚਾਲੇ ਇਕ ਸ਼ਬਦੀ ਜੰਗ ਛੇੜ ਦਿੱਤੀ ਹੈ। ਚੜ੍ਹਦੇ ਪੰਜਾਬ ਤੋਂ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਥਾਂ ਅੱਤਵਾਦੀ ਤੇ ਅਪਰਾਧੀ ਕਹਿਣ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਭਗਤ ਸਿੰਘ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਵੀ ਪਾਕਿਸਤਾਨ ਨੂੰ ਨਿਸ਼ਾਨੇ ’ਤੇ ਲੈ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸ਼ਹੀਦ-ਏ-ਆਜ਼ਮ ਦੋ ਮੁਲਕਾਂ ਵਿਚਾਲੇ ਦੋ ਵੱਖੋ-ਵੱਖ ਵਿਚਾਰਧਾਰਾਵਾਂ ਦਾ ਕੇਂਦਰ ਬਣ ਰਿਹਾ ਹੈ। ਜਿਸ ਵੇਲੇ ਭਗਤ ਸਿੰਘ ਆਪਣੇ ਮੁਲਕ ਦੀ ਆਜ਼ਾਦੀ ਲਈ ਲੜਾਈ ਲੜ ਰਿਹਾ ਸੀ ਉਸ ਵੇਲੇ ਪਾਕਿਸਤਾਨ ਨਹੀਂ ਸੀ।
ਭਗਤ ਸਿੰਘ ਇਕ ਵਿਸ਼ੇਸ਼ ਸੋਚ ਨਾਲ ਆਪਣੀ ਉਸ ਲੜਾਈ ਨੂੰ ਲੜਿਆ। ਇਸ ’ਚ ਅੰਗਰੇਜ਼ ਅਫ਼ਸਰ ਸਾਂਡਰਸ ਨੂੰ ਗੋਲ਼ੀ ਮਾਰਨਾ ਤੇ ਬਰਤਾਨਵੀ ਸੰਸਦ ਵਿਚ ਬੰਬ ਸੁੱਟਣਾ ਵੀ ਸ਼ਾਮਲ ਹੈ। ਇਹ ਦੋਵੇਂ ਕੰਮ ਉਸ ਨੇ ਆਪਣੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਕੀਤੇ ਸਨ। ਸ਼ਹੀਦ-ਏ-ਆਜ਼ਮ ਦਾ ਨਿਸ਼ਾਨਾ ਸਿਰਫ਼ ਮੁਲਕ ਦੀ ਆਜ਼ਾਦੀ ਹਾਸਲ ਕਰਨਾ ਸੀ। ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲ ਕਰ ਕੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਮੌਜੂਦਾ ਪਾਕਿਸਤਾਨ ਦੇ ਲਾਇਲਪੁਰ ਤੇ ਹੁਣ ਫੈਸਲਾਬਾਦ ਜ਼ਿਲ੍ਹੇ ਦੇ ਬੰਗਾ ’ਚ ਹੋਇਆ ਸੀ। ਸਰਹੱਦੀ ਲਕੀਰਾਂ ਬਾਅਦ ’ਚ ਪਈਆਂ, ਪਹਿਲਾਂ ਸਾਰਾ ਕੁਝ ਸਾਂਝਾ ਸੀ।
ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਨੇ 1899 ਦੇ ਕਰੀਬ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਤੋਂ ਪਰਵਾਸ ਕੀਤਾ ਸੀ। ਭਗਤ ਸਿੰਘ ਲਾਹੌਰ ਸਥਿਤ ਨੈਸ਼ਨਲ ਕਾਲਜ ’ਚ ਪੜ੍ਹਿਆ ਤੇ ਇਨਕਲਾਬੀਆਂ ਨਾਲ ਜਾ ਰਲਿਆ। ਕਈ ਵਾਰ ਜੇਲ੍ਹ ਵੀ ਕੱਟੀ ਤੇ ਤਸੀਹੇ ਵੀ ਝੱਲੇ। ਜੇ ਭਗਤ ਸਿੰਘ ਨੇ ਸਾਰਾ ਕੁਝ ਇਕ ਮੁਲਕ ਦੇ ਹਿੱਤ ’ਚ ਕੀਤਾ ਤਾਂ ਫਿਰ ਉਸ ਬਾਰੇ ਵਿਚਾਰਧਾਰਾਵਾਂ ਦੋ ਕਿਵੇਂ ਹੋ ਸਕਦੀਆਂ ਹਨ? ਇੱਥੇ ਮਸਲਾ ਕਿਸੇ ਚੌਕ ’ਤੇ ਸ਼ਹੀਦ ਦਾ ਨਾਂ ਲਿਖਣ ਦਾ ਨਹੀਂ ਹੈ ਸਗੋਂ ਉਸ ਦੇ ਮਾਣ-ਸਤਿਕਾਰ ਨੂੰ ਬਰਕਰਾਰ ਰੱਖਣ ਦਾ ਹੈ।
ਕ੍ਰੈਡਿਟ : https://www.punjabijagran.com/editorial/general-why-the-desecration-of-the-symbol-of-common-heritage-9422169.html
test