13 ਸਤੰਬਰ, 2024 – ਚੰਡੀਗੜ੍ਹ : ਸੂਬੇ ਭਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਰਹੀ। ਇਸ ਕਾਰਨ ਸਾਰੀਆਂ ਓਪੀਡੀਜ਼ ਬੰਦ ਰਹੀਆਂ ਅਤੇ ਮਰੀਜ਼ ਇਲਾਜ ਨਾ ਹੋਣ ਕਾਰਨ ਪ੍ਰੇਸ਼ਾਨ ਰਹੇ। ਡਾਕਟਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਐਸੋਸੀਏਸ਼ਨ ਨਾਲ ਕੁਝ ਵਾਅਦੇ ਕਰਕੇ ਵੀ ਚਾਰ-ਚਾਰ ਕੈਬਨਿਟ ਮੰਤਰੀ ਮੀਟਿੰਗ ਦੀ ਕਾਰਵਾਈ ਨੂੰ ਸਹੀ ਢੰਗ ਨਾਲ ਲਿਖਤੀ ਰੂਪ ਦੇਣ ਤੋਂ ਬੇਵੱਸ ਜਾਪ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਗਾਂ ਨੂੰ ਲੈ ਕੇ ਰੋਸ ਵਜੋਂ 13 ਸਤੰਬਰ ਨੂੰ ਵੀ ਓਪੀਡੀ ਪੂਰੇ ਸਮੇਂ ਲਈ ਬੰਦ ਰਹਿਣਗੀਆਂ। ਅੱਜ ਹੜਤਾਲੀ ਡਾਕਟਰਾਂ ਨੇ ਮਰੀਜ਼ਾਂ ਦੀ ਸੁਵਿਧਾ ਲਈ ਐਮਰਜੈਂਸੀ ’ਚ ਡਾਕਟਰਾਂ ਦੀ ਗਿਣਤੀ ਵਧਾਈ ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਨੂੰ ਕੁਝ ਘਟਾਇਆ ਜਾ ਸਕੇ।
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਕਿ ਬੀਤੇ ਦਿਨ 3 ਕੈਬਨਿਟ ਮੰਤਰੀਆਂ ਦੀ ਸਬ-ਕਮੇਟੀ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਸੁਰੱਖਿਆ ਪ੍ਰਬੰਧ ਅਤੇ ਡਾਕਟਰਾਂ ਦੀਆਂ ਰੋਕੀਆਂ ਗਈਆਂ ਤਰੱਕੀਆਂ (ਏਸੀਪੀ) ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਕੈਬਨਿਟ ਸਬ-ਕਮੇਟੀ ਨੇ ਮੰਗਾਂ ਨੂੰ ਮੰਨ ਲਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਲਿਖਤੀ ਭਰੋਸੇ ਵਿੱਚ ਮੰਗਾਂ ਨੂੰ ਤਿੰਨ ਮਹੀਨੇ ਲਟਕਾਉਣਾ ਸਹੀ ਨਹੀਂ। ਕੱਲ੍ਹ ਦੇਰ ਰਾਤ ਜਥੇਬੰਦੀ ਦੀਆਂ ਸਮੂਹ ਜ਼ਿਲ੍ਹਾ ਇਕਾਈਆਂ ਦੀ ਮੀਟਿੰਗ ਵਿੱਚ ਇਸ ਸਬੰਧੀ ਚਰਚਾ ਕੀਤੀ ਗਈ। ਐਸੋਸੀਏਸ਼ਨ ਦੇ ਸਾਰੇ ਜ਼ਿਲ੍ਹਾ ਮੁਖੀਆਂ ਨੇ ਮੰਨਿਆ ਕਿ ਜਾਰੀ ਕੀਤੇ ਲਿਖਤੀ ਭਰੋਸੇ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਿੱਚ ਹੋਈ ਗੱਲ ਮੁਤਾਬਕ ਨਹੀਂ ਹਨ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਕੀਤੀ ਜਾ ਰਹੀ ਬੇਲੋੜੀ ਦੇਰੀ ਕਾਰਨ ਅਸੰਤੁਸ਼ਟੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਰੋਕੀਆਂ ਗਈਆਂ ਤਰੱਕੀਆਂ ਦੀ ਬਹਾਲੀ ਕੀਤੀ ਅਤੇ ਨਾ ਹੀ ਸੁਰੱਖਿਆ ਦੇ ਪ੍ਰਬੰਧ ਜ਼ਮੀਨੀ ਪੱਧਰ ’ਤੇ ਲਾਗੂ ਕੀਤੇ। ਇਸ ਤੋਂ ਇਲਾਵਾ ਸਿਰਫ਼ ਲੰਗੜੇ ਜਿਹੇ ਪੱਤਰ ਵਿੱਚ ਇਹ ਜ਼ਿਕਰ ਹੀ ਨਹੀਂ ਕੀਤਾ ਗਿਆ ਕਿ ਕੈਬਨਿਟ ਸਬ-ਕਮੇਟੀ ਨੇ ਅਸਲ ਵਿੱਚ, ਸਿਧਾਂਤਕ ਤੌਰ ’ਤੇ ਰੁਕੇ ਹੋਏ ਡੀਏਸੀਪੀਜ਼ ਦੀ ਬਹਾਲੀ ਨੂੰ ਮਨਜ਼ੂਰੀ ਦਿੱਤੀ ਹੈ ਕਿ ਨਹੀਂ।
ਜਥੇਬੰਦੀ ਨੇ ਸਮੂਹਿਕ ਤੌਰ ’ਤੇ ਕਿਹਾ ਕਿ ਡੀਏਸੀਪੀਜ਼ ਦੀ ਬਹਾਲੀ ਵਿੱਚ 3 ਮਹੀਨਿਆਂ ਦੀ ਬੇਲੋੜੀ ਦੇਰੀ ਮਨਜ਼ੂਰ ਨਹੀਂ ਹੈ। ਇਸ ਨੂੰ ਮੁੜ ਬਹਾਲ ਕਰਨ ਵਿੱਚ ਸਿਰਫ 2021 ਵਿੱਚ ਜਾਰੀ ਕੀਤੇ ਗਏ ਵਿੱਤ ਵਿਭਾਗ ਦੇ ਇੱਕ ਮਨਮਾਨੇ ਪੱਤਰ ਨੂੰ ਰੱਦ ਕਰਨਾ ਜ਼ਰੂਰੀ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਏਸੀਪੀਜ਼ ਨੂੰ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਅਗਲੀ ਮੀਟਿੰਗ 19 ਸਤੰਬਰ ਦੀ ਥਾਂ ਇਸੇ ਹਫ਼ਤੇ ਹੀ ਮੁੜ ਤੈਅ ਕੀਤੀ ਜਾਵੇ।
Courtesy : Punjabi Tribune
ਸਰਕਾਰੀ ਹਸਪਤਾਲਾਂ ਵਿੱਚ ਠੱਪ ਰਹੀਆਂ ਓਪੀਡੀ ਸੇਵਾਵਾਂ
13 ਸਤੰਬਰ, 2024 – ਬਠਿੰਡਾ : ਸਰਕਾਰੀ ਡਾਕਟਰਾਂ ਨੇ ਅੱਜ ਤੋਂ ਤਿੰਨ ਦਿਨਾਂ ਲਈ (14 ਸਤੰਬਰ ਤੱਕ) ਹੜਤਾਲ ਨੂੰ ਪੂਰੇ ਦਿਨ ’ਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਧਾ ਦਿਨ ਹੜਤਾਲ ਕੀਤੀ ਜਾਂਦੀ ਸੀ। ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਪਰ ਓਪੀਡੀ ਬਿਲਕੁਲ ਬੰਦ ਰੱਖੀ ਜਾਵੇਗੀ।
ਲੰਘੇ ਦਿਨ ਹੜਤਾਲੀ ਡਾਕਟਰਾਂ ਦੇ ਵਫ਼ਦ ਅਤੇ ਸਿਹਤ ਮੰਤਰੀ ਪੰਜਾਬ ਵਿਚਾਲੇ ਮੰਗਾਂ ਬਾਰੇ ਮੀਟਿੰਗ ਹੋਈ ਸੀ ਪਰ ਮਾਮਲੇ ਕਿਸੇ ਸਿਰੇ ਨਾ ਲੱਗਣ ਕਾਰਣ ਡਾਕਟਰ ਅੰਦੋਲਨ ਕਰਨ ’ਤੇ ਅੜੇ ਹੋਏ ਹਨ। ਦੂਜੇ ਪਾਸੇ ਡਾਕਟਰਾਂ ਦੀ ਹੜਤਾਲ ਦਾ ਖ਼ਮਿਆਜ਼ਾ ਮਰੀਜ਼ਾਂ ਨੂੰ ਵੀ ਭੋਗਣਾ ਪੈ ਰਿਹਾ ਹੈ। ਹਸਪਤਾਲਾਂ ਤੇ ਸਿਹਤ ਕੇਂਦਰਾਂ ’ਚ ਮਰੀਜ਼ ਚੈਕਅਪ ਅਤੇ ਦਵਾਈਆਂ ਲੈਣ ਲਈ ਪਹੁੰਚ ਰਹੇ ਹਨ ਪਰ ਅੱਗੋਂ ਡਾਕਟਰ ਨਾ ਮਿਲਣ ਕਾਰਣ ਨਿਰਾਸ਼ ਹੋ ਕੇ ਮਜਬੂਰੀ ਵੱਸ ਨਿੱਜੀ ਹਸਪਤਾਲਾਂ ਦਾ ਰੁਖ਼ ਕਰ ਰਹੇ ਹਨ। ਨਿੱਜੀ ਹਸਪਤਾਲਾਂ ’ਚੋਂ ਇਲਾਜ ਕਰਾਉਣਾ ਗਰੀਬ ਰੋਗੀਆਂ ਲਈ ਭਾਵੇਂ ਮਜਬੂਰੀ ’ਚੋਂ ਉਪਜਿਆ ਰਸਤਾ ਹੈ ਪਰ ਸਰੀਰਕ ਤਕਲੀਫ ਕਾਰਣ ਉਹ ਛਿੱਲ ਲੁਹਾਉਣ ਲਈ ਲਾਚਾਰ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਅੰਦੋਲਨਕਾਰੀ ਡਾਕਟਰਾਂ ਨੂੰ ਗਰੀਬਾਂ ਦੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ, ਆਪਣੇ ਫੈਸਲੇ ’ਤੇ ਮੁੜ ਨਜ਼ਰਸਾਨੀ ਕਰਕੇ, ਅੰਦੋਲਨ ਦਾ ਤਰੀਕਾ ਬਦਲ ਲੈਣਾ ਚਾਹੀਦਾ ਹੈ।
ਦੋਦਾ: ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹਾਲੋਂ-ਬੇਹਾਲ ਹੋ ਗਏ ਹਨ। ਕੁਝ ਮਰੀਜ਼ਾਂ ਵੱਲੋਂ ਚਾਰ ਦਿਨਾਂ ਦੀ ਭਾਰੀ ਮੁਸ਼ਕਿਲ ਦੇ ਕਾਰਨ ਅੱਕ ਕੇ ਪ੍ਰਾਈਵੇਟ ਡਾਕਟਰਾਂ ਵੱਲੋਂ ਮੂੰਹ ਮੋੜ ਲਿਆ ਹੈ।
ਸ੍ਰੀ ਮੁਕਤਸਰ ਸਾਹਿਬ: ਡਾਕਟਰਾਂ ਹੜਤਾਲ ਕਾਰਨ ਮਰੀਜ਼ਾਂ ਵਿਚ ਹਾਹਾਕਾਰ ਮੱਚ ਗਈ ਹੈ। ਅੱਜ ਦਵਾਈਆਂ ਵਾਲੀ ਖਿੜਕੀ ਅਤੇ ਪਰਚੀਆਂ ਵਾਲੀ ਖਿੜਕੀ ਵੀ ਬੰਦ ਰਹੀ। ਹਾਲਾਂ ਕਿ ਹਸਪਤਾਲ ਦੇ ਸੇਵਾਦਾਰ ਤੇ ਹੋਰ ਕਰਮਚਾਰੀ ਮਰੀਜ਼ਾਂ ਨੂੰ ਵਾਰ-ਵਾਰ ਦੱਸ ਰਹੇ ਸਨ ਕਿ ਅੱਜ ਡਾਕਟਰ ਸਾਰੇ ਦਿਨ ਦੀ ਹੜਤਾਲ ’ਤੇ ਹਨ ਇਸ ਲਈ ਕਿਸੇ ਮਰੀਜ਼ ਨੂੰ ਚੈਕ ਨਹੀਂ ਕਰਨਗੇ ਪਰ ਬਜ਼ੁਰਗ, ਔਰਤਾਂ ਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਏ ਮਰੀਜ਼ ਇਸ ਆਸ ਵਿੱਚ ਬੈਠੇ ਰਹੇ ਕਿ 11 ਵਜੇ ਤੋਂ ਬਾਅਦ ਤਾਂ ਡਾਕਟਰ ਵੇਖਣਗੇ ਹੀ ਪਰ ਜਦੋਂ ਕਿ ਦੁਪਹਿਰ ਤੱਕ ਕਿਸੇ ਡਾਕਟਰ ਨੇ ਚੈਕ ਨਹੀਂ ਕੀਤਾ ਤਾਂ ਉਹ ਰੋਣ-ਹਾਕੇ ਹੁੰਦੇ ਹੋਏ ਘਰਾਂ ਨੂੰ ਪਰਤਣ ਲੱਗੇ। ਊਸ਼ਾ ਰਾਣੀ, ਰੀਡ ਦੀ ਹੱਡੀ ਦੇ ਦਰਦ ਤੋਂ ਪ੍ਰੇਸ਼ਾਨ ਹੈ। ਉਹ ਬੜੀ ਮੁਸ਼ਕਲ ਨਾਲ ਆਟੋ ਕਰਵਾ ਕੇ ਹਸਪਤਾਲ ਆਈ। ਇਸੇ ਤਰ੍ਹਾਂ ਗੁਰਦਿਆਲ ਸਿੰਘ ਵੀਲ੍ਹ ਚੇਅਰ ’ਤੇ ਆਪਣੇ ਗੋਡੇ ਦਾ ਇਲਾਜ ਕਰਾਉਣ ਆਇਆ ਸੀ। ਰਾਘਵ ਆਪਣੇ ਪਿਸ਼ਾਬ ਦੇ ਬੰਨ੍ਹ ਦੇ ਇਲਾਜ ਵਾਸਤੇ ਆਇਆ ਪਰ ਕਿਸੇ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ। ਅਜਿਹੇ ਹਾਲਤਾਂ ਵਿੱਚ ਲੋਕਾਂ ਦੀ ਮੰਗ ਸੀ ਕਿ ਮਰੀਜ਼ਾਂ ਦੇ ਇਲਾਜ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਡਾਕਟਰ ਅਰਪਨ ਬਰਾੜ ਪ੍ਰਧਾਨ, ਡਾ. ਆਲਮਜੀਤ ਢਿੱਲੋਂ, ਡਾ. ਵਿਸ਼ਵਜੋਤ ਹੋਰਾਂ ਨੇ ਦੱਸਿਆ ਕਿ ਹੜਤਾਲ ਕਰਨਾ ਉਨ੍ਹਾਂ ਦੀ ਮਜਬੂਰੀ ਹੈ। ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ ਤਾਂ ਉਹ ਕੰਮ ਕਰਨ ਵਾਸਤੇ ਤਿਆਰ ਹਨ।
ਮਲੋਟ: ਇਥੇ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਦੀ ਹੜਤਾਲ ਕਾਰਨ ਮਰੀਜਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਕਰਨਾ ਪਿਆ, ਇਸ ਦੇ ਚਲਦਿਆਂ ਕੁੱਝ ਕੁ ਮਰੀਜ ਤਾਂ ਵਾਪਸ ਘਰਾਂ ਨੂੰ ਪਰਤ ਗਏ, ਪਰ ਕੁੱਝ ਕੁ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗਾ ਇਲਾਜ ਲੈਣ ਲਈ ਮਜਬੂਰ ਹੋਣਾ ਪਿਆ।
ਡਾਕਟਰ ਹੜਤਾਲ ਦੇ ਫੈਸਲੇ ’ਤੇ ਮੁੜ ਗੌਰ ਕਰਨ: ਗਰਗ
ਬਠਿੰਡਾ: ਆਪ ਦੇ ਸੀਨੀਅਰ ਤਰਜ਼ਮਾਨ ਨੀਲ ਗਰਗ ਨੇ ਕਿਹਾ ਕਿ ਸਰਕਾਰ ਡਾਕਟਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਰਾਜ ਵਿੱਚ ਸਿਹਤ ਪ੍ਰਣਾਲੀ ਨੂੰ ਲਗਾਤਾਰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਯਤਨਸ਼ੀਲ ਹੈ। ਉਨ੍ਹਾਂਕਿਹਾ ਕਿ ਉਹ ਡਾਕਟਰਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹਨ ਅਤੇ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਾਂ। ਇਸ ਲਈ ਸਿਹਤ ਸਕੱਤਰ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਤਿੰਨ ਮਹੀਨਿਆਂ ਦੇ ਅੰਦਰ ਹੱਲ ਲੱਭਣ ਲਈ ਰੋਡਮੈਪ ਤਿਆਰ ਕਰੇਗੀ। ਗਰਗ ਨੇ ਕਿਹਾ ਕਿ ‘ਸਾਨੂੰ ਆਪਣੇ ਮਾਣਯੋਗ ਡਾਕਟਰਾਂ ਤੋਂ ਉਮੀਦ ਹੈ ਕਿ ਉਹ ਆਪਣੀ ਹੜਤਾਲ ਉੱਤੇ ਮੁੜ ਵਿਚਾਰ ਕਰਨਗੇ, ਕਿਉਂਕਿ ਇਸ ਨਾਲ ਹਸਪਤਾਲਾਂ ਵਿੱਚ ਆ ਰਹੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਉਨ੍ਹਾਂ ਆਖਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਪਹਿਲਾਂ ਹੀ 1,940 ਨਵੇਂ ਡਾਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ 31 ਅਕਤੂਬਰ ਤੱਕ ਪੂਰੀ ਹੋ ਜਾਏਗੀ।
ਸਰਕਾਰ ਨੂੰ ਨਹੀਂ ਲੱਭ ਰਿਹਾ ਬਲਦਵਾਂ ਪ੍ਰਬੰਧ
ਮਾਨਸਾ: ਇਥੇ ਸਰਕਾਰੀ ਹਸਪਤਾਲ ਵਿਚ ਅੱਜ ਓਪੀਡੀ ਸੇਵਾਵਾਂ ਸਾਰਾ ਦਿਨ ਬੰਦ ਰੱਖੀਆਂ ਗਈਆਂ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਅਨੁਸਾਰ ਅੱਜ ਤੋਂ ਡਾਕਟਰ ਕਿਸੇ ਵੀ ਤਰ੍ਹਾਂ ਮੈਡੀਕਲ ਸਰਟੀਫਿਕੇਟ, ਡਰਾਈਵਿੰਗ ਲਾਈਸੈਂਸ ਅਤੇ ਨੌਕਰੀ ਲਈ ਮੈਡੀਕਲ ਸਰਟੀਫਿਕੇਟ ਵੀ ਨਹੀਂ ਬਣਾਉਣਗੇ। ਦੂਜੇ ਪੜਾਅ ਦੀ ਇਹ ਹੜਤਾਲ 15 ਸਤੰਬਰ ਤੱਕ ਚੱਲੇਗੀ। ਭਾਵੇਂ ਅਮਰਜੈਂਸੀ ਸੇਵਾਵਾਂ ਜਾਰੀ ਰੱਖਣ ਦਾ ਵਾਅਦਾ ਕੀਤਾ ਗਿਆ ਹੈ ਪਰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਵੰਨੀਓ ਮਰੀਜ਼ਾਂ ਲਈ ਬੂਹੇ ਬੰਦ ਹੋ ਗਏ ਹਨ ਤੇ ਸਰਕਾਰ ਕੋਲ ਕੋਈ ਬਦਲਵਾਂ ਪ੍ਰਬੰਧ ਵੀ ਨਜ਼ਰ ਨਹੀਂ ਆ ਰਿਹਾ। ਮਾਨਸਾ ਜ਼ਿਲ੍ਹੇ ਭਰ ਦੇ ਸਬ-ਡਵੀਜਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਓ.ਪੀ.ਡੀ ਸੇਵਾਵਾਂ ਸਾਰੇ ਦਿਨ ਲਈ ਬੰਦ ਰੱਖੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਡਾ. ਗੁਰਜੀਵਨ ਸਿੰਘ ਨੇ ਕਿਹਾ ਕਿ 16 ਨੂੰ ਜੇਕਰ ਨੌਬਤ ਆਈ ਤਾਂ ਉਹ ਹਰ ਤਰ੍ਹਾਂ ਦੀਆਂ ਮੈਡੀਕਲ ਲੀਗਲ ਸੇਵਾਵਾਂ ਛੱਡਣ ਲਈ ਮਜਬੂਰ ਹੋਣਗੇ।
Courtesy : Punjabi Tribune
https://www.punjabitribuneonline.com/news/malwa/opd-services-are-stalled-in-government-hospitals/
ਸਰਕਾਰੀ ਹਸਪਤਾਲਾਂ ’ਚ O.P.D ਸੇਵਾਵਾਂ ਠੱਪ
13 ਸਤੰਬਰ, 2024 – ਅੰਮ੍ਰਿਤਸਰ : ਪਿਛਲੇ ਚਾਰ ਦਿਨਾਂ ਤੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਚਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਵੀਰਵਾਰ ਦਾ ਦਿਨ ਮਰੀਜ਼ਾਂ ਲਈ ਵਧੇਰੇ ਔਖਾ ਰਿਹਾ ਕਿਉਂਕਿ ਅੱਜ ਓਪੀਡੀ ਸੇਵਾਵਾਂ ਪੂਰਾ ਦਿਨ ਬੰਦ ਰਹੀਆਂ। ਇਸ ਤੋਂ ਪਹਿਲਾਂ ਡਾਕਟਰ ਰੋਜ਼ਾਨਾ ਤਿੰਨ ਘੰਟੇ ਓਪੀਡੀ ਦਾ ਬਾਈਕਾਟ ਕਰ ਰਹੇ ਸਨ , ਜਿਸ ਦੇ ਚਲਦਿਆਂ ਮਰੀਜ਼ ਦੂਜੇ ਅੱਧ ਦੌਰਾਨ ਡਾਕਟਰੀ ਸਲਾਹ ਲੈ ਲੈਂਦੇ ਸਨ ਪਰ ਅੱਜ ਪੂਰਾ ਦਿਨ ਓਪੀਡੀ ਸੇਵਾ ਬੰਦ ਰਹੀ ਅਤੇ ਮਰੀਜ਼ਾਂ ਨੂੰ ਬਿਨਾਂ ਇਲਾਜ ਕਰਵਾਏ ਹੀ ਪਰਤਣਾ ਪਿਆ।
ਇਕ ਮਰੀਜ ਜੋਗਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਨੂੰਹ ਨਾਲ ਹਸਪਤਾਲ ਆਈ ਤਾਂ ਪਤਾ ਲੱਗਾ ਕਿ ਡਾਕਟਰ ਹੜਤਾਲ ’ਤੇ ਹਨ। ਉਸ ਨੇ ਕਿਹਾ ਕਿ ਉਸ ਦੇ ਵਰਗੇ ਜ਼ਿਆਦਾਤਰ ਮਰੀਜ਼ ਪ੍ਰਾਈਵੇਟ ਕਲੀਨਿਕਾਂ ਅਤੇ ਹਸਪਤਾਲਾਂ ਦੀਅ ਮਹਿੰਗੀਆਂ ਡਾਕਟਰੀ ਸੇਵਾਵਾਂ ਲੈਣ ਦੇ ਸਮਰੱਥ ਨਹੀਂ ਹਨ।
ਇਕ ਹੋਰ ਮਰੀਜ਼ ਸੁਨੀਤਾ ਨੇ ਕਿਹਾ,‘ਮੈਨੂੰ ਨਹੀਂ ਪਤਾ ਕਿ ਡਾਕਟਰ ਕੀ ਮੰਗ ਕਰ ਰਹੇ ਹਨ ਪਰ ਮੈਂ ਪਿਛਲੇ ਤਿੰਨ ਦਿਨਾਂ ਤੋਂ ਆ ਰਹੀ ਹਾਂ। ਪਹਿਲੇ ਦਿਨ ਡਾਕਟਰ ਨੇ ਕੁਝ ਟੈਸਟ ਕਰਵਾਉਣ ਵਾਸਤੇ ਕਿਹਾ ਸੀ ਜਦੋਂ ਲੈਬ ਪੁੱਜੀ ਤਾਂ ਉਹ ਬੰਦ ਸੀ। ਅਗਲੇ ਦਿਨ ਮੈਂ ਟੈਸਟ ਦੀਆਂ ਰਿਪੋਰਟਾਂ ਪ੍ਰਾਪਤ ਕੀਤੀ ਅਤੇ ਹੁਣ ਡਾਕਟਰ ਨੂੰ ਰਿਪੋਰਟਾਂ ਦਿਖਾਉਣੀ ਸੀ ਪਰ ਹੁਣ ਓਪੀਡੀ ਬੰਦ ਹੋਣ ਕਾਰਨ ਇਹ ਰਿਪੋਰਟਾਂ ਕਿਸ ਨੂੰ ਦਿਖਾਵਾਂ।’
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਅੰਮ੍ਰਿਤਸਰ ਦੇ ਪ੍ਰਧਾਨ ਡਾ. ਸੁਮਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਢਿੱਲ ਮੱਠ ਕਰ ਰਹੀ ਹੈ ਅਤੇ ਡਾਕਟਰਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀਸੀਐਮਐਸਏ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਫ਼ਸੋਸ ਪ੍ਰਗਟ ਕਰਦਾ ਹੈ ਪਰ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਇਸ ਲਈ ਇਹ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਜਨਰਲ ਸਕੱਤਰ ਡਾਕਟਰ ਮਧੁਰ ਪੋਦਾਰ ਨੇ ਕਿਹਾ,‘ਅਸੀਂ ਹੁਣ ਵੀ ਸਾਰੀਆਂ ਐਮਰਜੈਂਸੀ ਸੇਵਾਵਾਂ ਚਲਾ ਰਹੇ ਹਾਂ। ਇੱਥੋਂ ਤੱਕ ਕਿ ਐਮਰਜੈਂਸੀ ਸਰਜਰੀਆਂ ਵੀ ਕਰਵਾਈਆਂ ਜਾ ਰਹੀਆਂ ਹਨ।ਪਰ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਐਸੋਸੀਏਸ਼ਨ ਮੈਡੀਕੋ ਲੀਗਲ ਸੇਵਾਵਾਂ ਦਾ ਵੀ ਬਾਈਕਾਟ ਕਰੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਜਲੰਧਰ : ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸਿਵਲ ਹਸਪਤਾਲ ਜ਼ਿਲ੍ਹਾ ਜਲੰਧਰ ਦੇ ਡਾਕਟਰਾਂ ਨੇ ਓਪੀਡੀ ਬੰਦ ਕਰ ਕੇ ਵੀਰਵਾਰ ਨੂੰ ਚੌਥੇ ਦਿਨ ਵੀ ਹੜਤਾਲ ਜਾਰੀ ਰੱਖੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਦੋਂ ਕਿ ਹਸਪਤਾਲ ਵਿੱਚ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹੀਆਂ। ਹਸਪਤਾਲਾਂ ਵਿੱਚ ਦਵਾਈਆਂ ਦੇ ਕਾਊਂਟਰ ਵੀ ਬੰਦ ਰਹੇ। ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਤੋਂ ਆਏ ਮਰੀਜ਼ ਪਰਚੀ ਕਾਊਂਟਰ ਦੇ ਬਾਹਰ ਉਡੀਕ ਕਰਦੇ ਰਹੇ ਅਤੇ ਕੁਝ ਮਰੀਜ਼ ਵਾਪਸ ਮੁੜ ਕੇ ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਚਲੇ ਗਏ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ 9 ਸਤੰਬਰ ਤੋਂ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ, ਜਿਸ ਤਹਿਤ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਅੱਜ ਪੂਰੇ ਦਿਨ ਦੀ ਹੜਤਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਅਤੇ (ਪੀਸੀਐਮਐਸਏ) ਡਾਕਟਰਾਂ ਦੀ ਤਰੱਕੀ ਅਤੇ ਰੈਗੂਲਰ ਭਰਤੀ ਸ਼ਾਮਲ ਹਨ। ਦੂਜੇ ਪਾਸੇ ਓਪੀਡੀ ਬੰਦ ਹੋਣ ਕਾਰਨ ਦੂਰ-ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸਿਵਲ ਸਰਜਨ ਵੱਲੋਂ ਐਮਰਜੈਂਸੀ ਅਤੇ ਗਾਇਨੀ ਸੇਵਾਵਾਂ ਦਾ ਨਿਰੀਖਣ
ਅੰਮ੍ਰਿਤਸਰ (ਟਨਸ): ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਐਮਰਜੈਂਸੀ ਅਤੇ ਗਾਇਨੀ ਵਾਰਡ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਦਾਖਿਲ ਮਰੀਜ਼ਾਂ ਪਾਸੋਂ ਪੁੱਛ-ਗਿੱਛ ਕੀਤੀ ਅਤੇ ਐਮਰਜੈਂਸੀ ਵਾਰਡ ਦੀ ਜਾਂਚ ਕੀਤੀ। ਉਨ੍ਹਾਂ ਐਮਰਜੈਂਸੀ ਵਿੱਚ ਤਾਇਨਾਤ ਸਟਾਫ ਦੀ ਹਾਜ਼ਰੀ ਚੈੱਕ ਕੀਤੀ, ਜਿਸ ਵਿਚ ਐਮਰਜੈਂਸੀ ਮੈਡੀਕਲ ਅਫਸਰਾਂ ਸਮੇਤ ਸਮੂਹ ਸਟਾਫ ਹਾਜ਼ਰ ਪਾਇਆ ਗਿਆ। ਇਸ ਦੇ ਨਾਲ ਹੀ ਜ਼ਰੂਰੀ ਦਵਾਈਆਂ ਅਤੇ ਐਮਰਜੈਂਸੀ ਸੇਵਾਵਾਂ ਦੇ ਪ੍ਰਬੰਧਾਂ ਦਾ ਵੀ ਜਾਇਜਾ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਲੇਬਰ-ਰੂਮ ਅਤੇ ਗਾਇਨੀ ਵਾਰਡ ਦੀ ਵੀ ਚੈਕਿੰਗ ਕੀਤੀ ਗਈ। ਇਸ ਮਗਰੋਂ ਉਨ੍ਹਾਂ ਵੱਲੋਂ ਸਬੰਧਤ ਸਟਾਫ ਨੂੰ ਮੌਕੇ ’ਤੇ ਹੋਰ ਬਿਹਤਰ ਸੇਵਾਵਾਂ ਦੇਣ ਸਬੰਧੀ ਹਦਾਇਤਾਂ ਦਿੱਤੀਆਂ ਅਤੇ ਸਿਵਲ ਹਸਪਤਾਲ ਦੇ ਸਮੂਹ ਮੈਡੀਕਲ ਅਫਸਰਾਂ ਤੇ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜ਼ਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤਵਿਨ ਅਤੇ ਜ਼ਿਲ੍ਹਾ ਐੱਮ.ਈ.ਆਈ.ਓ. ਅਮਰਦੀਪ ਸਿੰਘ ਵੀ ਹਾਜ਼ਰ ਸਨ।
Courtesy : Punjabi Tribune
https://www.punjabitribuneonline.com/news/amritsar/opd-services-stopped-in-government-hospitals/
test