ਵਿਰੋਧੀਆਂ ਨੇ ਪੰਜਾਬ ਸਰਕਾਰ ਘੇਰੀ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਜੋ ਸਤੰਬਰ ਤੋਂ ਫ਼ਰਾਰ ਸੀ, ਕਥਿਤ ਤੌਰ ’ਤੇ ਆਸਟ੍ਰੇਲੀਆ ਦੇ ਐਡੀਲੇਡ ਤੋਂ ਸਾਹਮਣੇ ਆਇਆ ਹੈ।
12 ਨਵੰਬਰ, 2025 – ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਜੋ ਸਤੰਬਰ ਤੋਂ ਫ਼ਰਾਰ ਸੀ, ਕਥਿਤ ਤੌਰ ’ਤੇ ਆਸਟ੍ਰੇਲੀਆ ਦੇ ਐਡੀਲੇਡ ਤੋਂ ਸਾਹਮਣੇ ਆਇਆ ਹੈ। ਦੂਜੇ ਪਾਸੇ ਸਨੌਰ ਤੋਂ ਵਿਧਾਇਕ ਪਠਾਨਮਾਜਰਾ ਦੀ ਜਬਰ-ਜ਼ਨਾਹ ਅਤੇ ਧੋਖਾਧੜੀ ਦੇ ਕਥਿਤ ਦੋਸ਼ਾਂ ਦੇ ਸਬੰਧ ਵਿੱਚ ਪੰਜਾਬ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
‘ਦ ਆਸਟ੍ਰੇਲੀਆ ਟੂਡੇ’ (The Australia Today) ਦੇ ਅਨੁਸਾਰ ਪਠਾਨਮਾਜਰਾ ਇੱਕ ਪੰਜਾਬੀ ਵੈੱਬ ਚੈਨਲ ’ਤੇ ਇੱਕ ਵੀਡੀਓ ਇੰਟਰਵਿਊ ਵਿੱਚ ਪੇਸ਼ ਹੋਏ ਹਨ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਲੱਗੇ ਦੋਸ਼ ਇੱਕ ਸਿਆਸੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਜ਼ਮਾਨਤ ਮਿਲਣ ਤੋਂ ਬਾਅਦ ਹੀ ਭਾਰਤ ਵਾਪਸ ਆਉਣਗੇ।
ਪੁਲੀਸ 2 ਸਤੰਬਰ ਤੋਂ ਪਠਾਨਮਾਜਰਾ ਦੀ ਭਾਲ ਕਰ ਰਹੀ ਹੈ, ਜਦੋਂ ਉਨ੍ਹਾਂ ਦੇ ਸਮਰਥਕਾਂ ਨੇ ਹਰਿਆਣਾ ਦੇ ਇੱਕ ਫਾਰਮ ਹਾਊਸ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਥਿਤ ਤੌਰ ’ਤੇ ਨਾਕਾਮ ਕਰ ਦਿੱਤਾ ਸੀ। ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਪਟਿਆਲਾ ਦੀ ਇੱਕ ਅਦਾਲਤ ਨੇ ਪਠਾਨਮਾਜਰਾ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਵਿਧਾਇਕ ’ਤੇ ਜਬਰ-ਜ਼ਨਾਹ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਦੋਸ਼ ਹਨ, ਜਿਸ ਵਿੱਚ ਇੱਕ ਔਰਤ ਨੇ ਉਨ੍ਹਾਂ ‘ਤੇ 2021 ਵਿੱਚ ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਵਿਆਹੁਤਾ ਰੁਤਬੇ ਬਾਰੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਔਰਤ ਨੇ ਜਿਨਸੀ ਸ਼ੋਸ਼ਣ, ਧਮਕੀਆਂ ਅਤੇ ਪਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਹਨ।
ਉਧਰ ਪਠਾਨਮਾਜਰਾ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਫਰਜ਼ੀ ਮੁਕਾਬਲੇ ਦੇ ਡਰੋਂ ਭਾਰਤ ਤੋਂ ਭੱਜਿਆ ਹੈ। ਆਸਟਰੇਲੀਆ ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਵਿਰੋਧੀ ਪਾਰਟੀਆਂ ਨੂੰ ਪੰਜਾਬ ਸਰਕਾਰ ’ਤੇ ਸਵਾਲ ਚੁੱਕਣ ਲਈ ਨਵਾਂ ਮੁੱਦਾ ਦੇ ਦਿੱਤਾ ਹੈ। ਵਿਰੋਧੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਿਧਾਇਕ ਦੀ ਰਾਖੀ ਕਰਨ ਦਾ ਦੋਸ਼ ਲਗਾਇਆ ਹੈ।
ਪੰਜਾਬ ਪੁਲੀਸ ਨੇ ਕਥਿਤ ਤੌਰ ‘ਤੇ ਪਠਾਨਮਾਜਰਾ ਦੀ ਸਥਿਤੀ ਦੀ ਪੁਸ਼ਟੀ ਕਰਨ ਲਈ ਕੇਂਦਰੀ ਏਜੰਸੀਆਂ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ ਅਤੇ ਹਵਾਲਗੀ (extradition) ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ। ਆਸਟਰੇਲੀਆਈ ਅਧਿਕਾਰੀਆਂ ਤੋਂ ਸਹਿਯੋਗ ਲੈਣ ਲਈ ਕੂਟਨੀਤਕ ਚੈਨਲਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਲੁੱਕਆਊਟ ਨੋਟਿਸ ਅਤੇ ਇਸ਼ਤਿਹਾਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਪੰਜਾਬੀ ਟ੍ਰਿਬਯੂਨ