ਮਾਨਸਾ ਜ਼ਿਲ੍ਹੇ ਇੱਕੋ-ਇੱਕ ਆਈ ਸੀ ਐੱਸ ਈ ਦੇ ਸਿਲੇਬਸ ਵਾਲੇ ਦਿ ਰੈਨੇਸਾਂਂ ਸਕੂਲ ਦੇ 6ਵੀਂ ਤੋਂ 12ਵੀਂ ਜਮਾਤ ਦੇ ਕਰੀਬ 15 ਵਿਦਿਆਰਥੀਆਂ ਨੇ ‘ਸਿੱਖ ਰੋਬੋਟ’ ਤਿਆਰ ਕੀਤਾ ਹੈ। ਇਸ ਦਾ ਨਾਮ ‘ਜਨੀਜ਼’ ਰੱਖਿਆ ਗਿਆ ਹੈ।
09 ਦਸੰਬਰ, 2025 – ਮਾਨਸਾ : ਮਾਨਸਾ ਜ਼ਿਲ੍ਹੇ ਇੱਕੋ-ਇੱਕ ਆਈ ਸੀ ਐੱਸ ਈ ਦੇ ਸਿਲੇਬਸ ਵਾਲੇ ਦਿ ਰੈਨੇਸਾਂਂ ਸਕੂਲ ਦੇ 6ਵੀਂ ਤੋਂ 12ਵੀਂ ਜਮਾਤ ਦੇ ਕਰੀਬ 15 ਵਿਦਿਆਰਥੀਆਂ ਨੇ ‘ਸਿੱਖ ਰੋਬੋਟ’ ਤਿਆਰ ਕੀਤਾ ਹੈ। ਇਸ ਦਾ ਨਾਮ ‘ਜਨੀਜ਼’ ਰੱਖਿਆ ਗਿਆ ਹੈ। ਇਸ ਰੋਬੋਟ ਨਾਲ ਬੰਬ ਨਾਕਾਰਾ ਕਰਨ ਸਣੇ ਹਦਾਇਤ ਕਰ ਕੇ ਘਰ ਦੇ ਸਾਰੇ ਜ਼ਰੂਰੀ ਕੰਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਰੋਬੋਟ ਦੀ ਹਾਲੇ ਤੱਕ ਪਰਖ ਨਹੀਂ ਕੀਤੀ ਗਈ ਪਰ ਇਲਾਕੇ ਵਿੱਚ ਇਸ ਦੀ ਚਰਚਾ ਜ਼ੋਰਾਂ ’ਤੇ ਹੈ। ਸਕੂਲੀ ਬੱਚਿਆਂ ਨੇ ਇਹ ਰੋਬੋਟ ਤਿੰਨ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਹੈ। ਸਕੂਲ ਦਾ ਕਹਿਣਾ ਹੈ ਕਿ ਆਉਂਦੇ ਦੋ ਸਾਲਾਂ ਤੱਕ ਇਸ ਰੋਬੋਟ ’ਚ ਹੋਰ ਬਦਲਾਅ ਅਤੇ ਕੰਮ ਕਰਨ ਦੀ ਸਮਰੱਥਾ ਵਧਾ ਕੇ ਇਸ ਨੂੰ ਕੌਮੀ ਪੱਧਰੀ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਜਾਵੇਗਾ।
ਦਿ ਰੈਨੇਸਾਂ ਸਕੂਲ ਮਾਨਸਾ ਦੇ ਛੇਵੀਂ ਤੋਂ ਬਾਰ੍ਹਵੀਂ ਦੇ ਬੱਚਿਆਂ ਪਰਾਚੀ, ਨਮਰੀਤ ਕੌਰ, ਅਗਮਵੀਰ ਸਿੰਘ, ਮੇਹਰਪ੍ਰਤਾਪ ਸਿੰਘ ਸਿੱਧੂ, ਰਿਦੇਜੋਤ ਕੌਰ ਅਤੇ ਖੁਸ਼ਰੀਤ ਸਿੰਘ ਆਦਿ ਨੇ ਇਹ ਰੋਬੋਟ ਬਣਾ ਕੇ ਇਸ ਦਾ ਸੜਕ ’ਤੇ ਟਰਾਇਲ ਵੀ ਲਿਆ। ਇਸ ਸਬੰਧੀ ਬਣਾਈ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਰੋਬੋਟ ਉੱਚੀ ਜਗ੍ਹਾ ’ਤੇ ਜਾ ਕੇ ਬੰਬ ਨੂੰ ਨਾਕਾਰਾ ਕਰ ਸਕਦਾ ਹੈ, ਅੱਗ ਬੁਝਾ ਸਕਦਾ ਹੈ, ਘਰ ਵਿੱਚ ਸਿਲੰਡਰ ਲੀਕ ਹੋਣ ’ਤੇ ਉਸ ਨੂੰ ਬੰਦ ਕਰ ਸਕਦਾ ਹੈ ਅਤੇ ਮੀਂਹ ਪੈਣ ’ਤੇ ਕੱਪੜੇ ਭਿੱਜਣ ਦੀ ਸੂਚਨਾ ਵੀ ਦੇ ਸਕਦਾ ਹੈ।
ਸਕੂਲ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਅਧਿਆਪਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਰੋਬੋਟ ਹਰ ਵਿਅਕਤੀ ਦੀ ਗੱਲ ਸੁਣ ਕੇ ਉਸ ਦਾ ਉਤਰ ਦੇ ਸਕਦਾ ਹੈ ਅਤੇ ਪੁੱਛਣ ’ਤੇ ਆਪਣਾ ਨਾਮ ਵੀ ਦੱਸਦਾ ਹੈ। ਉਨ੍ਹਾਂ ਇਹ ਰੋਬੋਟ ਉੱਥੇ ਜਾ ਕੇ ਵੀ ਕੰਮ ਕਰ ਸਕਦਾ ਹੈ ਜਿੱਥੇ ਮਨੁੱਖ ਪਹੁੰਚ ਨਹੀਂ ਸਕਦਾ। ਇਸ ਵਿੱਚ ਕਈ ਤਰ੍ਹਾਂ ਸੈਂਸਰ ਲਗਾਏ ਗਏ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਪੰਜਾਬੀ ਰੋਬੋਟ ਹੈ।
ਸਕੂਲ ਦੇ ਡਾਇਰੈਕਟਰ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਰੋਬੋਟ ਨੂੰ ਸਕੂਲ ਦੀ ਏ ਟੀ ਐੱਲ ਭਾਵ ਅਟਲ ਟਿਕਰਿੰਗ ਲੈਬ ਵਿੱਚ ਤਿਆਰ ਕੀਤਾ ਹੈ ਜਿੱਥੇ ਵਿਦਿਆਰਥੀਆਂ ਨੇ ਪਹਿਲਾਂ ਤਾੜੀ ਵਜਾ ਕੇ ਲਾਈਟ ਬੰਦ ਜਾਂ ਜਗਾਉਣ ਦਾ ਪ੍ਰਯੋਗ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਇਹ ਰੋਬੋਟ ਤਿਆਰ ਕਰਨ ਦੀ ਇੱਛਾ ਪੈਦਾ ਹੋਈ। ਉਨ੍ਹਾਂ ਦੱਸਿਆ ਕਿ ਇਸ ਲੈਬ ਵਿੱਚ ਵਿਦਿਆਰਥੀਆਂ ਨੂੰ ਤਕਨਾਲੋਜੀ ਬਾਰੇ ਦੱਸਿਆ ਜਾਂਦਾ ਹੈ ਤੇ ਇਸ ਅਟਲ ਟਿਕਰਿੰਗ ਲੈਬ ਦੀ ਸ਼ੁਰੂਆਤ 2016 ’ਚ ਨੀਤੀ ਅਯੋਗ ਦੇ ਸਮਾਰੋਹ ਮਿਸ਼ਨ ਦੇ ਤਹਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਰੋਬੋਟ ਨੂੰ ਤਿਆਰ ਕਰਨ ਲਈ ਐੱਡੀ ਐੱਨ ਓ ਅਤੇ ਰਸਵਰੀ (ਮਿਨੀ ਕੰਪਿਊਟਰ) ਦੀ ਵਰਤੋਂ ਕੀਤੀ ਗਈ ਹੈ।
ਪੰਜਾਬੀ ਟ੍ਰਿਬਯੂਨ