29 ਨਵੰਬਰ, 2024 – ਚੰਡੀਗੜ੍ਹ : ਇੱਥੇ ਮੁਹਾਲੀ ਜ਼ਿਲ੍ਹੇ ਵਿੱਚ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਲਗਾਏ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਕਈ ਮਹੀਨਿਆਂ ਤੋਂ ਲੋਕ ਅਰਪਣ ਨਹੀਂ ਹੋ ਸਕਿਆ। ਅੱਜ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਹਵਾਈ ਅੱਡੇ ’ਤੇ ਬੀਤੇ 6 ਮਹੀਨੇ ਤੋਂ ਲੱਗੇ ਭਗਤ ਸਿੰਘ ਦੇ ਬੁੱਤ ਦਾ ਲੋਕ ਅਰਪਣ ਨਾ ਕਰਨ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ। ਭਾਜਪਾ ਆਗੂਆਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ 72 ਘੰਟਿਆਂ ਵਿੱਚ ਬੁੱਤ ਲੋਕ ਅਰਪਣ ਨਾ ਕੀਤਾ ਗਿਆ ਤਾਂ ਪੰਜਾਬ ਦੇ ਨੌਜਵਾਨਾਂ ਵੱਲੋਂ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਮੂਰਖ ਬਨਾਉਣ ਲਈ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਉਨ੍ਹਾਂ ਦੇ ਦਿਖਾਏ ਰਾਹ ’ਤੇ ਚੱਲਣ ਦਾ ਡਰਾਮਾ ਕਰ ਰਹੇ ਹਨ। ਮੁੱਖ ਮੰਤਰੀ ਕੋਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਹਰ ਤੀਜੇ ਦਿਨ ਦਿੱਲੀ ਜਾਣ ਦਾ ਸਮਾਂ ਤਾਂ ਹੁੰਦਾ ਹੈ, ਪਰ ਬੁੱਤ ਦਾ ਉਦਘਾਟਨ ਕਰਨ ਦਾ ਸਮਾਂ ਤੱਕ ਨਹੀਂ ਹੈ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ’ਤੇ ਸ਼ਹੀਦ ਭਗਤ ਸਿੰਘ ਦਾ 30 ਫੁੱਟ ਉੱਚਾ ਬੁੱਤ ਲਗਾਇਆ ਗਿਆ ਹੈ। ਬੁੱਤ ਦਾ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਉਦਘਾਟਨ ਕਰਨਾ ਸੀ ਪਰ ਪੰਚਾਇਤੀ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਣ ਕਰਕੇ ਇਸ ਸਬੰਧੀ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ, ਫਤਹਿ ਬਾਜਵਾ, ਵਿਨੀਤ ਜੋਸ਼ੀ ਅਤੇ ਮੁਹਾਲੀ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test