ਰਾਜਪਾਲ ਨੇ ਸਨਅਤਕਾਰਾਂ ਨੂੰ ‘ਮੇਕ ਇਨ ਇੰਡੀਆ’ ਨੂੰ ਉਤਸ਼ਾਹਿਤ ਕਰਨ ਦਾ ਸੱਦਾ
09 ਦਸੰਬਰ, 2025 – ਅੰਮ੍ਰਿਤਸਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਉਦਯੋਗਪਤੀਆਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਉਦਯੋਗਪਤੀ ਨਵੇਂ ਸਟਾਰਟਅੱਪਸ ਨਾਲ ਸਹਿਯੋਗ ਕਰਕੇ ‘ਮੇਕ ਇਨ ਇੰਡੀਆ’ ਨੂੰ ਉਤਸ਼ਾਹਿਤ ਕਰਨ। ਪਾਇਟੈੱਕਸ ਵਪਾਰ ਮੇਲੇ ਵਿੱਚ ਸੈਂਕੜੇ ਕਾਰੋਬਾਰੀਆਂ ਨੇ ਅਜਿਹੇ ਉਤਪਾਦ ਲਿਆਂਦੇ ਹਨ, ਜੋ ਭਾਰਤ ਵਿੱਚ ਹੀ ਬਣੇ ਹਨ ਅਤੇ ਵਿਦੇਸ਼ੀ ਉਤਪਾਦਾਂ ਨਾਲ ਮੁਕਾਬਲਾ ਕਰ ਰਹੇ ਹਨ।
ਸ੍ਰੀ ਕਟਾਰੀਆ ਅੱਜ ਇੱਥੇ ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ 19ਵੇਂ ਪਾਇਟੈੱਕਸ ਕੌਮਾਂਤਰੀ ਵਪਾਰ ਮੇਲੇ ਮੌਕੇ ਸੰਬੋਧਨ ਕਰ ਰਹੇ ਸਨ। ਉਹ ਇਸ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਕਾਰੋਬਾਰੀਆਂ ਨੂੰ ਸ੍ਰੀ ਕਟਾਰੀਆ ਨੇ ਕਿਹਾ ਕਿ ਇਹ ਸਮਾਗਮ ਕਰਵਾਉਣ ਲਈ ਸਨਅਤਕਾਰ, ਪ੍ਰਦਰਸ਼ਨੀ ਲਾਉਣ ਵਾਲੇ ਕਾਰੋਬਾਰੀ, ਕੌਮਾਂਤਰੀ ਡੈਲੀਗੇਟ ਅਤੇ ਵਪਾਰ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵਧਾਈ ਦੇ ਹੱਕਦਾਰ ਹਨ।
PHDCCI ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ ਪਾਇਟੈੱਕਸ 2005 ਵਿੱਚ 50 ਸਟਾਲਾਂ ਨਾਲ ਸ਼ੁਰੂ ਹੋਇਆ ਸੀ। ਅੱਜ ਇੱਥੇ ਆਉਣ ਵਾਲੇ ਕਾਰੋਬਾਰੀਆਂ ਦੀ ਗਿਣਤੀ 550 ਤੱਕ ਪਹੁੰਚ ਗਈ ਹੈ, ਜੇ ਥਾਂ ਦੀ ਕਮੀ ਨਾ ਹੁੰਦੀ, ਤਾਂ ਹੋਰ ਵੀ ਕਾਰੋਬਾਰੀ ਆਪਣੇ ਉਤਪਾਦ ਇੱਥੇ ਲਿਆ ਸਕਦੇ ਸਨ।
PHDCCI ਰੀਜਨਲ ਫੈਸ਼ਨ ਟੈਕਸਟ-ਟੈੱਕ ਫੋਰਮ ਦੀ ਚੇਅਰਪਰਸਨ ਹਿਮਾਨੀ ਅਰੋੜਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਇਟੈੱਕਸ ਦੌਰਾਨ ਵੱਖ-ਵੱਖ ਸਮਾਗਮਾਂ ਰਾਹੀਂ ਚੈਂਬਰ ਨੇ ਛੋਟੇ ਤੋਂ ਛੋਟੇ ਉੱਦਮੀਆਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜ ਦਿਨ ਚੱਲੇ ਇਸ ਕੌਮਾਂਤਰੀ ਵਪਾਰ ਮੇਲੇ ਦੌਰਾਨ ਲੱਖਾਂ ਲੋਕਾਂ ਦਾ ਆਉਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪਾਇਟੈੱਕਸ ਨਾ ਸਿਰਫ਼ ਅੰਮ੍ਰਿਤਸਰ, ਸਗੋਂ ਪੂਰੇ ਪੰਜਾਬ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ।
PHDCCI ਦੇ ਸੀਨੀਅਰ ਰੀਜ਼ਨਲ ਡਾਇਰੈਕਟਰ ਭਾਰਤੀ ਸੂਦ ਨੇ ਚੰਡੀਗੜ੍ਹ ਅਤੇ ਪੰਜਾਬ ਵਿੱਚ ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਖ਼ਾਕਾ ਪੇਸ਼ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਆਰ ਐੱਸ ਸਚਦੇਵਾ, ਅੰਮ੍ਰਿਤਸਰ ਜ਼ੋਨ ਦੇ ਕੋ-ਕਨਵੀਨਰ ਨਿਪੁਨ ਅਗਰਵਾਲ ਸਮੇਤ ਕਈ ਸਹਿਯੋਗੀਆਂ ਤੇ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀ ਐੱਚ ਡੀ ਸੀ ਸੀ ਆਈ ਦੀ ਸੀਨੀਅਰ ਰੀਜਨਲ ਡਾਇਰੈਕਟਰ ਭਾਰਤੀ ਸੂਦ ਤੇ ਰੀਜਨਲ ਕੋਆਰਡੀਨੇਟਰ ਜੈਦੀਪ ਸਿੰਘ ਮੌਜੂਦ ਸਨ।
ਰਾਜਪਾਲ ਨੇ ਜਲੰਧਰ ’ਚ ਅਜਾਇਬ ਘਰ ਦਾ ਉਦਘਾਟਨ ਕੀਤਾ
ਜਲੰਧਰ (ਹਤਿੰਦਰ ਮਹਿਤਾ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਇਥੇ ਗੁਲਾਬ ਦੇਵੀ ਹਸਪਤਾਲ ਪਹੁੰਚੇ। ਹਸਪਤਾਲ ਕਮੇਟੀ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਮਾਰੋਹ ਦੌਰਾਨ ਰਾਜਪਾਲ ਨੇ ਹਸਪਤਾਲ ਵੱਲੋਂ ਬਣਾਏ ਵਿਸ਼ੇਸ਼ ਅਜਾਇਬ ਘਰ ਦਾ ਉਦਘਾਟਨ ਕੀਤਾ ਅਤੇ ਨਰਸਿੰਗ ਕਾਲਜ ਤੋਂ ਪਾਸ ਆਊਟ ਹੋਈਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਭੇਟ ਕੀਤੇ।
ਸਮਾਗਮ ਵਿੱਚ ਰਾਜਪਾਲ ਨੇ ਕਿਹਾ ਕਿ ਇਹ ਸਥਾਨ ਇਤਿਹਾਸ ਨਾਲ ਜੁੜਿਆ ਹੋਇਆ ਹੈ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਲਾਲਾ ਲਾਜਪਤ ਰਾਏ ਪ੍ਰਤੀ ਡੂੰਘਾ ਸਤਿਕਾਰ ਹੈ। ਲਾਲਾ ਜੀ ਦੀ ਯਾਦ ਨੂੰ ਸੰਭਾਲਣ ਲਈ ਹਸਪਤਾਲ ਦੇ ਯਤਨ ਸ਼ਲਾਘਾਯੋਗ ਹਨ। ਰਾਜਪਾਲ ਨੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਹਸਪਤਾਲ ਵਿੱਚ ਕਈ ਨਵੀਆਂ ਸਹੂਲਤਾਂ ਦਾ ਉਦਘਾਟਨ ਵੀ ਕੀਤਾ ਗਿਆ। ਸਮਾਗਮ ਤੋਂ ਬਾਅਦ ਮੀਡੀਆ ਨੇ ਰਾਜਪਾਲ ਨੂੰ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਬਾਰੇ ਸਵਾਲ ਕੀਤਾ।
ਰਾਜਪਾਲ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਸੁਣਦੇ ਹਨ, ਜੋ ਵੀ ਉਨ੍ਹਾਂ ਕੋਲ ਆਉਂਦਾ ਹੈ, ਉਹ ਉਨ੍ਹਾਂ ਦੀ ਗੱਲ ਸੁਣਦੇ ਹਨ। ਉਨ੍ਹਾਂ ਨਵਜੋਤ ਕੌਰ ਸਿੱਧੂ ਦੇ ਮੰਗ ਨੂੰ ਵੀ ਸੁਣਿਆ ਅਤੇ ਮੰਗ ਪੱਤਰ ਨੂੰ ਸਵੀਕਾਰ ਕੀਤਾ ਹੈ। ਪੱਤਰਕਾਰ ਨੇ ਉਨ੍ਹਾਂ ਤੋਂ 500 ਕਰੋੜ ਰੁਪਏ ਦੇ ਬ੍ਰੀਫਕੇਸ ਨਾਲ ਸਬੰਧਤ ਮਾਮਲੇ ’ਤੇ ਉਨ੍ਹਾਂ ਦੀ ਟਿੱਪਣੀ ਮੰਗੀ। ਰਾਜਪਾਲ ਨੇ ਸਿੱਧੇ ਤੌਰ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਪੰਜਾਬੀ ਟ੍ਰਿਬਯੂਨ