NDA ਦੀ ਪ੍ਰੀਖਿਆ ਵਿੱਚ ਆਲ ਇੰਡੀਆ 18 ਵਾ ਰੈਂਕ ਹਾਸਲ ਕਰਨ ਵਾਲੀ ਪੰਜਾਬ ਦੀ ਧੀ ਕੋਮਲਪ੍ਰੀਤ ਕੌਰ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ।
09 ਜੂਨ, 2026 – ਅੰਮ੍ਰਿਤਸਰ: NDA ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 18ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਪਿੰਡ ਅਤੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀ ਧੀ ਕੋਮਲਪ੍ਰੀਤ ਕੌਰ ਦਾ ਉਨ੍ਹਾਂ ਦੇ ਜੱਦੀ ਪਿੰਡ ਸ਼ਾਹੁਰਾ ਪਹੁੰਚਣ ‘ਤੇ ਪਿੰਡ ਵਾਸੀਆਂ ਵੱਲੋਂ ਬੇਹੱਦ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੂਰੇ ਪਿੰਡ ਵਿੱਚ ਖੁਸ਼ੀ, ਉਤਸ਼ਾਹ ਅਤੇ ਮਾਣ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਇਲਾਕਾ ਨਿਵਾਸੀਆਂ ਅਤੇ ਸਾਕ-ਸੰਬੰਧੀਆਂ ਨੇ ਕੋਮਲਪ੍ਰੀਤ ਕੌਰ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮਠਿਆਈਆਂ ਵੰਡ ਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸ ਦਾ ਜ਼ੋਰਦਾਰ ਅਭਿਨੰਦਨ ਕੀਤਾ।
ਰਕਾਰੀ ਸਕੂਲਾਂ ਤੋਂ ਪੜ੍ਹ ਕੇ ਇਹ ਮੁਕਾਮ ਹਾਸਲ ਕੀਤਾ
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੋਮਲਪ੍ਰੀਤ ਕੌਰ ਨੇ ਆਪਣੀ ਇਸ ਬੇਮਿਸਾਲ ਸਫ਼ਲਤਾ ਦੀ ਕਹਾਣੀ ਸਾਂਝੀ ਕੀਤੀ। ਕੋਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਕਾਫੀ ਖੁਸ਼ੀ ਹੈ ਐਨਡੀਏ ਦੇ ਵਿੱਚ ਇੰਨਾ ਚੰਗਾ ਰੈਂਕ ਲਿਆ ਹੈ। ਉਸਨੇ ਕਿਹਾ ਕਿ ਉਸਨੇ ਆਪਣੀ ਮੁੱਢਲੀ ਪੜ੍ਹਾਈ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਟਾਰੀ ਤੋਂ ਕੀਤੀ ਜਦਕਿ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਜਵਾਰ ਨਵੋਦਿਆ ਵਿਦਿਆਲੇ ਅੰਮ੍ਰਿਤਸਰ ਤੋਂ ਪੂਰੀ ਕੀਤੀ ਇਸ ਤੋਂ ਬਾਅਦ ਸਕੋਲਰਸ਼ਿਪ ਦੇ ਅਧਾਰ ‘ਤੇ ਉਸਨੇ ਗਿਆਰਵੀਂ ਅਤੇ ਬਾਰਵੀਂ ਚੰਡੀਗੜ੍ਹ ਤੋਂ ਉੱਚੇ ਅੰਕਾਂ ਨਾਲ ਪਾਸ ਕੀਤੀ।
ਸਖ਼ਤ ਮਿਹਨਤ ਦਾ ਨਤੀਜਾ
ਕੋਮਲਪ੍ਰੀਤ ਕੌਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐੱਸ.ਸੀ ਦੀ ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਦੇਸ਼ ਦੀ ਵੱਕਾਰੀ ਐੱਨਡੀਏ ਪ੍ਰੀਖਿਆ ਦਿੱਤੀ ਸੀ। ਦਿਨ-ਰਾਤ ਕੀਤੀ ਸਖ਼ਤ ਮਿਹਨਤ, ਲਗਨ, ਸੱਚੀ ਨਿਸ਼ਠਾ ਅਤੇ ਅਟੁੱਟ ਆਤਮ-ਵਿਸ਼ਵਾਸ ਦੇ ਬਲਬੂਤੇ ਉਨ੍ਹਾਂ ਨੇ ਇਸ ਪ੍ਰੀਖਿਆ ਵਿੱਚ ਦੇਸ਼ ਭਰ ‘ਚੋਂ 18ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਆਪਣੀ ਇਸ ਵੱਡੀ ਪ੍ਰਾਪਤੀ ਦਾ ਪੂਰਾ ਸਿਹਰਾ ਆਪਣੇ ਸਤਿਕਾਰਯੋਗ ਮਾਤਾ-ਪਿਤਾ, ਅਧਿਆਪਕਾਂ ਅਤੇ ਸਮੂਹ ਪਿੰਡ ਵਾਸੀਆਂ ਸਿਰ ਬੰਨ੍ਹਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਹਿਯੋਗ, ਸਹੀ ਮਾਰਗਦਰਸ਼ਨ ਅਤੇ ਲਗਾਤਾਰ ਮਿਲੇ ਹੌਸਲੇ ਤੋਂ ਬਿਨਾਂ ਇਹ ਇਤਿਹਾਸਕ ਸਫ਼ਲਤਾ ਹਾਸਲ ਕਰਨਾ ਬਿਲਕੁਲ ਵੀ ਸੰਭਵ ਨਹੀਂ ਸੀ।
“ਵੱਡੇ ਸੁਫਨੇ ਦੇਖਣ ਤੋਂ ਕਦੇ ਨਾ ਡਰੋ ਮਿਹਨਤ ਲਗਨ ਅਤੇ ਆਤਮ ਵਿਸ਼ਵਾਸ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਜੇਕਰ ਮੈਂ ਐਨਡੀਏ ਵਿੱਚ ਕਾਮਯਾਬੀ ਹਾਸਿਲ ਕਰ ਸਕਦੀ ਹਾਂ ਤਾਂ ਹੋਰ ਵੀ ਲੜਕੀਆਂ ਆਪਣੇ ਸੁਫਨੇ ਜਰੂਰ ਪੂਰੇ ਕਰ ਸਕਦੀਆਂ ਹਨ।“- ਕੋਮਲਪ੍ਰੀਤ ਕੌਰ
ਦੇਸ਼ ਦੀਆਂ ਧੀਆਂ ਅਤੇ ਨੌਜਵਾਨਾਂ ਨੂੰ ਦਿੱਤਾ ਖਾਸ ਸੁਨੇਹਾ
ਪਿੰਡ ਦੀਆਂ ਧੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇੱਕ ਪ੍ਰੇਰਨਾਦਾਇਕ ਸੰਦੇਸ਼ ਦਿੰਦਿਆਂ ਕੋਮਲਪ੍ਰੀਤ ਕੌਰ ਨੇ ਆਖਿਆ ਕਿ ਜ਼ਿੰਦਗੀ ਵਿੱਚ ਕਦੇ ਵੀ ਵੱਡੇ ਸੁਪਨੇ ਦੇਖਣ ਤੋਂ ਡਰਨਾ ਨਹੀਂ ਚਾਹੀਦਾ। ਜੇਕਰ ਤੁਹਾਡਾ ਨਿਸ਼ਾਨਾ ਬਿਲਕੁਲ ਸਪਸ਼ਟ ਹੈ ਅਤੇ ਤੁਸੀਂ ਉਸ ਨੂੰ ਹਾਸਲ ਕਰਨ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਮਿਹਨਤ ਕਰਦੇ ਹੋ, ਤਾਂ ਦੁਨੀਆ ਦੀ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਉਸਨੇ ਹੌਸਲਾ ਵਧਾਉਂਦਿਆਂ ਕਿਹਾ ਕਿ ਜੇਕਰ ਉਹ ਪਿੰਡ ਵਿੱਚ ਰਹਿ ਕੇ ਐੱਨਡੀਏ ਵਰਗੀ ਦੇਸ਼ ਦੀ ਸਭ ਤੋਂ ਕਠਿਨ ਪ੍ਰੀਖਿਆ ਵਿੱਚ ਸਫ਼ਲਤਾ ਝੰਡੇ ਗੱਡ ਸਕਦੀ ਹੈ, ਤਾਂ ਦੇਸ਼ ਦੀਆਂ ਬਾਕੀ ਲੜਕੀਆਂ ਵੀ ਉੱਚੀ ਉਡਾਣ ਭਰ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਹਰ ਸੁਪਨੇ ਨੂੰ ਹਕੀਕਤ ਵਿੱਚ ਬਦਲ ਸਕਦੀਆਂ ਹਨ।
ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ
ਇਸ ਮੌਕੇ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਸ਼ਾਹੁਰਾ ਪਿੰਡ ਦੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ “ਉਨ੍ਹਾਂ ਨੂੰ ਆਪਣੀ ਧੀ ਉੱਤੇ ਕਾਫੀ ਮਾਨ ਹੈ। ਕਿਉਂਕਿ ਉਨ੍ਹਾਂ ਦੇ ਪਿੰਡ ਦੀ ਧੀ ਨੇ ਐਨਡੀਏ ਦੇ ਵਿੱਚ 18 ਵਾਂ ਰੈਂਕ ਹਾਸਿਲ ਕੀਤਾ ਹੈ। ਜੋ ਕਿ ਬਹੁਤ ਹੀ ਮਾਨ ਵਾਲੀ ਗੱਲ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਮਲਪ੍ਰੀਤ ਕੌਰ ਭਾਰਤ ਦੇਸ਼ ਦੀ ਸੇਵਾ ਕਰੇਗੀ ਅਤੇ ਪੰਜਾਬ ਦਾ ਨਾਮ ਹੋਰ ਵੀ ਰੌਸ਼ਨ ਕਰੇਗੀ।” ਇਸਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪੰਜਾਬ ਦੀ ਧੀ-ਪੁੱਤ ਪੰਜਾਬ ਵਿੱਚ ਰਹਿ ਕੇ ਵੀ ਉੱਚੇ ਮੁਕਾਮਾਂ ‘ਤੇ ਪਹੁੰਚ ਸਕਦੇ ਹਨ। ਉਨ੍ਹਾਂ ਨੂੰ ਤਰੱਕੀਆਂ ਹਾਸਿਲ ਕਰਨ ਲਈ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੈ।
ਦੱਸੇ ਦਈਏ ਕਿ ਬੀਤੇ ਦਿਨ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਮੋਹਾਲੀ ਦੀਆਂ ਦੋ ਮਹਿਲਾ ਕੈਡੇਟਾਂ ਨੇ ਦ੍ਰਿੜ੍ਹਤਾ ਅਤੇ ਸਾਹਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਹਿਲਾ ਕੈਡੇਟ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਦੀ ਮੈਰਿਟ ਲਿਸਟ ਵਿੱਚ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦੋਂਕਿ ਮਹਿਲਾ ਕੈਡੇਟ ਕੋਮਲਪ੍ਰੀਤ ਕੌਰ ਨੇ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਖੜਕਵਾਸਲਾ ਵਿੱਚ ਦਾਖਲੇ ਲਈ ਦੇਸ਼ ਭਰ ਵਿਚੋਂ 18ਵਾਂ ਰੈਂਕ ਹਾਸਲ ਕੀਤਾ ਹੈ।
ETV BHARAT