ਦੁਖੀ ਕਿਸਾਨਾਂ ਦੀ ਚੋਰਾਂ ਨੂੰ ਅਪੀਲ, ਸਕੈਨਰ ਲਗਾ ਦਿਓ, ਪੈਸੇ ਪਾ ਦਿਆ ਕਰਾਂਗੇ !
ਖੇਤਾਂ ਵਿੱਚੋਂ ਇੱਕੋ ਰਾਤ ਵਿੱਚ 25 ਦੇ ਕਰੀਬ ਚੋਰੀ ਹੋਈਆਂ ਮੋਟਰਾਂ ਨੂੰ ਲੈਕੇ ਦੁਖੀ ਕਿਸਾਨਾਂ ਵੱਲੋਂ ਸਰਕਾਰ ‘ਤੇ ਤੰਜ ਕੱਸਿਆ ਗਿਆ ਹੈ।
09 ਜੂਨ, 2026 – ਫਰੀਦਕੋਟ: ਜ਼ਿਲ੍ਹੇ ਅੰਦਰ ਸੋਸ਼ਲ ਮੀਡੀਆ ’ਤੇ ਇੱਕ ਪੋਸਟਰ ਬਹੁਤ ਹੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਚੋਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਸਾਨਾਂ ਨੇ ਲਿਖਿਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਸਾਨੂੰ ਝੋਨੇ ਨੂੰ ਪਾਣੀ ਲਗਾਉਣ ਲਈ ਮੋਟਰਾਂ ਦੀ ਬਹੁਤ ਲੋੜ ਹੈ, ਜੋ ਉਹ ਕਿਸਾਨਾਂ ਦੀਆਂ ਖੇਤਾਂ ਵਿੱਚ ਲੱਗੀਆਂ ਮੋਟਰਾਂ ਚੋਰੀ ਕਰਦੇ ਹਨ ਅੱਗੇ ਤੋਂ ਮੋਟਰਾਂ ਚੋਰੀ ਨਾ ਕਰਨ, ਕਿਸੇ ਸਾਂਝੀ ਥਾਂ ’ਤੇ ਆਪਣਾ ਸਕੈਨਰ ਲਗਾ ਦਿਓ ਅਸੀਂ ਰਲ ਮਿਲ ਕੇ ਖਾਤੇ ਵਿੱਚ ਪੈਸਾ ਪਾ ਦਿਆਂਗੇ ਕਿਉਂਕਿ ਇਸ ਨਾਲ ਸਾਡਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਜਾਵੇਗਾ।
ਫਰੀਦਕੋਟ ਦੇ ਪਿੰਡ ਪੱਖੀ ਕਲਾਂ ਵਿੱਚ ਵੱਡੀ ਵਾਰਦਾਤ
ਇਹ ਹੈਰਾਨ ਕਰਦੀ ਵਾਰਦਾਤ ਫਰੀਦਕੋਟ ਦੇ ਪਿੰਡ ਪੱਖੀ ਕਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਚੋਰਾਂ ਤੋਂ ਕਿਸਾਨ ਦੁਖੀ ਹੋ ਚੁੱਕੇ ਹਨ ਅਤੇ ਉਨ੍ਹਾਂ ਅੱਗੇ ਤਰਲੇ ਪਾ ਰਹੇ ਹਨ। ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰੀਬ 2 -3 ਮਹੀਨੇ ਪਹਿਲਾਂ ਉਨ੍ਹਾਂ ਦੇ ਖੇਤਾਂ ਵਿੱਚੋਂ ਇਕੱਠੀਆਂ 15 ਦੇ ਕਰੀਬ ਮੋਟਰਾਂ ਚੋਰੀ ਹੋਈਆਂ ਸਨ ਪਰ ਚੋਰਾਂ ਨੂੰ ਫੜਨ ਵਿੱਚ ਪੁਲਿਸ ਨਕਾਮ ਰਹੀ ਜਿਸ ਕਰਕੇ ਲਗਾਤਾਰ ਚੋਰਾਂ ਵੱਲੋਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
25 ਦੇ ਕਰੀਬ ਮੋਟਰਾਂ ਚੋਰੀ
ਕਿਸਾਨਾਂ ਨੇ ਕਿਹਾ ਕਿ ਇਸੇ ਬੇਖ਼ੌਫੀ ਦੇ ਚੱਲਦੇ ਹੀ ਚੋਰਾਂ ਵੱਲੋਂ ਉਨ੍ਹਾਂ ਦੇ ਖੇਤ ਵਿੱਚੋਂ ਇੱਕੋ ਰਾਤ ਦੇ ਵਿੱਚ 25 ਦੇ ਕਰੀਬ ਮੋਟਰਾਂ ਚੋਰੀ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦੇ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਇੱਕੋ ਮੰਗ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਸ਼ਾਤਿਰ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦਾ ਜੋ ਨੁਕਸਾਨ ਚੋਰਾਂ ਵੱਲੋਂ ਕੀਤਾ ਜਾ ਰਿਹਾ ਹੈ ਉਸਦਾ ਭੁਗਤਾਨ ਵੀ ਕੀਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਆਖਰ ਉਹ ਚੋਰ ਕੌਣ ਨੇ ਜੋ ਲਗਾਤਾਰ ਕਿਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਇਹ ਸਾਰੇ ਚੋਰ ਬੇਨਕਾਬ ਹੋਣੇ ਚਾਹੀਦੇ ਹਨ।
ਵਾਇਰਲ ਪੋਸਟ ‘ਤੇ ਕਿਸਾਨਾਂ ਦਾ ਬਿਆਨ
ਕਿਸਾਨਾਂ ਦਾ ਕਹਿਣੈ ਕਿ “ਇਹ ਪੋਸਟਰ ਬਣਾ ਕੇ ਉਨ੍ਹਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਿਹਣਾ ਮਾਰਿਆ ਗਿਆ ਸੀ ਕਿ ਜੇ ਉਨ੍ਹਾਂ ਤੋਂ ਚੋਰ ਕੰਟਰੋਲ ਨਹੀਂ ਹੁੰਦੇ ਤਾਂ ਉਹ ਚੋਰਾਂ ਖੁਦ ਹੀ ਪੈਸੇ ਦੇ ਦਿਆ ਕਰਨਗੇ।”
ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ
ਕਿਸਾਨਾਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਕਿਸਾਨਾਂ ਦਾ ਕਹਿਣੈ ਕਿ ਲਗਾਤਾਰ ਚੋਰਾਂ ਨੂੰ ਉਨ੍ਹਾਂ ਦੇ ਖੇਤਾਂ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਪੁਲਿਸ ਨੂੰ ਇੰਨ੍ਹਾ ਵਾਰਦਾਤਾਂ ਨੂੰ ਕੰਟਰੋਲ ਕਰਨ ਵਿੱਚ ਅਤੇ ਚੋਰਾਂ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੀ ਹੈ।
ETV BHARAT