10 ਸਤੰਬਰ, 2024 – ਮਾਨਸਾ : CPI (ML) ਲਿਬਰੇਸ਼ਨ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਅੰਦਰ ਕੀਤੇ ਟੈਕਸਾਂ, ਬਿਜਲੀ, ਡੀਜਲ, ਪੈਟਰੋਲ ਅਤੇ ਬੱਸ ਕਿਰਾਏ ਸਹਿਤ ਹੋਰ ਲਗਪਗ 3 ਹਜ਼ਾਰ ਕਰੋੜ ਰੁਪਏ ਟੈਕਸ ਪੰਜਾਬ ਦੀ ਜਨਤਾ ਸਿਰ ਭਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਅਰਥੀ ਸਾੜੀ ਗਈ। ਪ੍ਰਦਰਸ਼ਕਾਰੀਆਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਆਗੂ ਵਿਜੈ ਕੁਮਾਰ ਭੀਖੀ ਅਤੇ ਕਾਮਰੇਡ ਸੁਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੀਤੇ ਜਿਨ੍ਹਾਂ ਵਾਅਦਿਆਂ ਕਰਕੇ ਸੱਤਾ ਵਿੱਚ ਆਈ ਸੀ, ਅੱਜ ਭਗਵੰਤ ਮਾਨ ਸਰਕਾਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ਿਆਂ ਦੇ ਵਪਾਰ, ਮਾੜੀ ਕਾਨੂੰਨ ਵਿਵਸਥਾ ਦੇ ਨਾਲ-ਨਾਲ ਝੂਠੇ ਅੰਕੜੇ ਪੇਸ਼ ਕਰ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ। ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਜਸਵੀਰ ਕੌਰ ਨੱਤ ਨੇ ਕਿਹਾ ਕਿ 14 ਅਤੇ 16 ਸਤੰਬਰ ਨੂੰ ਸਰਦੂਲਗੜ੍ਹ ਅਤੇ ਮਾਨਸਾ ਹਲਕਾ ਵਿਧਾਇਕਾ ਦੇ ਦਫ਼ਤਰ ਅੱਗੇ ਆਪਣੀ ਹਮਖ਼ਿਆਲੀ ਖੱਬੀ ਪਾਰਟੀ ਆਰਐਮਪੀਆਈ ਨਾਲ ਮਿਲਕੇ ਰੋਸ ਪ੍ਰਦਰਸ਼ਨ ਕਰੇਗੀ।
ਗਰੀਬ ਵਿਰੋਧੀ ਸਾਬਤ ਹੋਈ ‘ਆਪ’ ਸਰਕਾਰ: ਗੁਰਪ੍ਰੀਤ ਰੂੜੇਕੇ
ਬਰਨਾਲਾ(ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਤੇ ਬੱਸ ਕਿਰਾਏ ’ਚ ਕੀਤੇ ਵਾਧੇ ਦੀ ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਨਿਖੇਧੀ ਕੀਤੀ ਹੈ। ਲਿਬਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਸਰਕਾਰ ਦੇ ਡੀਜ਼ਲ-ਪੈਟਰੋਲ ’ਤੇ ਸੈੱਸ ਲਾਉਣ ਅਤੇ ਬਿਜਲੀ ਰੇਟਾਂ ’ਚ ਭਾਰੀ ਵਾਧਾ ਕਰ ਕੇ ਸੂਬੇ ਦੇ ਗਰੀਬ ਖਪਤਕਾਰਾਂ ਸਿਰ ਹਜ਼ਾਰਾਂ ਕਰੋੜ ਰੁਪਏ ਦਾ ਬੇਲੋੜਾ ਬੋਝ ਲੱਦਣ ਦਾ ਨਾਦਰਸ਼ਾਹੀ ਫ਼ੈਸਲਾ ਥੋਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਗਰੀਬ ਵਿਰੋਧੀ ਸਾਬਤ ਹੋਈ ਹੈ। ਜਿਸ ਦੀ ਨਿਖੇਧੀ ਕਰਦਿਆਂ ਉਨ੍ਹਾਂ ਉਕਤ ਲੋਕ ਵਿਰੋਧੀ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
Courtesy : Punjabi Tribune
test