ਪੀਡ਼ਤ ਪਰਿਵਾਰਾਂ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਮੁਜ਼ਾਹਰਾ
09 ਜੂਨ, 2026 – ਜਗਰਾਉਂ : ਚਿੱਟੇ ਕਾਰਨ ਫੌਤ ਹੋਏ ਨੌਜਵਾਨਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਲੈ ਕੇ ਉਨ੍ਹਾਂ ਦੇ ਮਾਪਿਆਂ, ਪਤਨੀਆਂ ਅਤੇ ਬੱਚਿਆਂ ਨੇ ਇੱਥੇ ਪ੍ਰਦਰਸ਼ਨ ਕੀਤਾ। ਇਹ ਨਿਵੇਕਲਾ ਪ੍ਰਦਰਸ਼ਨ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਵੀ ਸਵਾਲ ਖੜ੍ਹੇ ਕਰ ਗਿਆ।
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕੀਤੇ ਗਏ ਮੁਜ਼ਾਹਰੇ ਦੌਰਾਨ ਨਸ਼ਾ ਤਸਕਰੀ ਰੋਕਣ ਲਈ ਪ੍ਰਭਾਵੀ ਕਦਮ ਚੁੱਕਣ ’ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਖੁਦ ਇਕਜੁੱਟ ਹੋ ਕੇ ਅੱਗੇ ਲੱਗਣ ਦਾ ਸੱਦਾ ਦਿੱਤਾ ਗਿਆ ਅਤੇ ਸਰਕਾਰ ਅੱਗੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਰੱਖੀ ਗਈ। ਆਗੂਆਂ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਦਰਜਨਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹੇ ਹਨ। ਪੀੜਤ ਪਰਿਵਾਰਾਂ ਦੇ ਘਰਾਂ ’ਚ ਭੰਗ ਭੁੱਜਣ ਲੱਗੀ ਹੈ। ਪਰਿਵਾਰਾਂ ਦੀ ਦਰਦਨਾਕ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਦੀ ਸਾਰ ਲੈਣੀ ਜ਼ਰੂਰੀ ਹੈ।
ਸਥਾਨਕ ਬੱਸ ਅੱਡੇ ’ਚ ਇਕੱਤਰ ਹੋ ਕੇ ਰੈਲੀ ਕਰਨ ਮਗਰੋਂ ਉਪ ਮੰਡਲ ਮੈਜਿਸਟਰੇਟ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮਗਰੋਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ। ਸੂਬਾਈ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਅਤੇ ਨੌਜਵਾਨ ਆਗੂ ਕਰਮਜੀਤ ਸਿੰਘ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਮਾਪਿਆਂ ਦਾ ਸਹਾਰਾ ਬਣਨਾ ਸੀ ਉਹੀ ਚਿੱਟੇ ਦੀ ਦਲਦਲ ’ਚ ਵੜ੍ਹ ਕੇ ਮਾਪਿਆਂ ਲਈ ਮੁਸੀਬਤ ਬਣ ਰਹੇ ਹਨ। ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲੀਸ ਗੱਠਜੋੜ ਤੋੜਨ ’ਤੇ ਜ਼ੋਰ ਦਿੰਦਿਆਂ ਨਾਅਰੇ ਵੀ ਬੁਲੰਦ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਚਿੱਟੇ ਤੋਂ ਬਚਾਉਣ ਦੀ ਲੋੜ ਹੈ। ਇੱਕਠ ਨੂੰ ਗੁਰਮੀਤ ਸਿੰਘ ਮੱਲ੍ਹਾ, ਡਾ. ਪਾਲ ਸਿੰਘ, ਕੁਲਵੰਤ ਸਹੋਤਾ ਅਤੇ ਮਜ਼ਦੂਰ ਆਗੂ ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ