ਪੰਜਾਬ ਨੂੰ ਬੰਜਰ ਹੋਣੋਂ ਬਚਾਉਣ ਲਈ ਪਾਣੀ ਦੀ ਸੰਭਾਲ ਅਤਿ-ਜ਼ਰੂਰੀ, ਸੂਬੇ ਦੇ 150 ’ਚੋਂ 114 ਬਲਾਕ ਡਾਰਕ ਜ਼ੋਨ ’ਚ
05 ਜੂਨ, 2023 – ਜਲੰਧਰ: ਪੰਜਾਬ ’ਚ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਤੇ ਇਸ ਦੇ ਉਲਟ ਮੀਂਹ ਦੀ ਮਾਤਰਾ ਲਗਾਤਾਰ ਘੱਟਦੀ ਜਾ ਰਹੀ ਹੈ। ਸਰਕਾਰੀ ਤੇ ਗ਼ੈਰ-ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ’ਚ ਜ਼ਮੀਨ ਹੇਠਲੇ ਪਾਣੀ ਦੀ ਉਪਲੱਬਧਤਾ 21.443 ਐੱਮਸੀਐੱਮ (ਮਿਲੀਅਨ ਕਿਊਬਿਕ ਮੀਟਰਜ਼) ਹੈ ਜਦਕਿ 31.162 ਐੱਮਸੀਐੱਮ ਪਾਣੀ ਕੱਢਿਆ ਜਾ ਰਿਹਾ ਹੈ। ਇਸੇ ਤਰ੍ਹਾਂ 9.719 ਐੱਸਮੀਐੱਮ ਪਾਣੀ ਸਮੱਰਥਾ ਤੋਂ ਵੱਧ ਕੱਢਿਆ ਜਾ ਰਿਹਾ ਹੈ ਜੋ ਕਿ 164 ਫ਼ੀਸਦੀ ਬਣਦਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਸੂਬੇ ਦੇ ਕੁੱਲ 150 ’ਚੋਂ 114 ਬਲਾਕ ਡਾਰਕ ਜ਼ੋਨ ’ਚ ਜਾ ਕੇ ਚੁੱਕੇ ਹਨ ਤੇ ਜ਼ਮੀਨੀ ਪਾਣੀ ਦਾ ਪੱਧਰ 70 ਸੈਂਟੀਮੀਟਰ (2.75 ਮੀਟਰ) ਦੀ ਦਰ ਨਾਲ ਹੇਠਾਂ ਡਿੱਗ ਰਿਹਾ ਹੈ।
ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ ’ਚ ਜ਼ਮੀਨ ਹੇਠਲਾ ਪਾਣੀ 10 ਮੀਟਰ ਤੋਂ ਲੈ ਕੇ 40 ਮੀਟਰ ਤਕ ਡੂੰਘਾ ਹੋ ਚੁੱਕਾ ਹੈ ਅਤੇ ਇਹ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਪੰਜਾਬ ਦਾ ਕੁੱਲ ਰਕਬਾ 50.36 ਲੱਖ ਹੈਕਟੇਅਰ ਹੈ, ਜਿਸ ’ਚੋਂ 42 ਲੱਖ ਹੈਕਟੇਅਰ ਰਕਬਾ ਖੇਤੀ ਅਧੀਨ ਹੈ। ਖੇਤੀ ਲਈ ਸਿੰਚਾਈ ਦਾ ਮੁੱਖ ਸਾਧਨ ਟਿਊਬਵੈੱਲ ਹਨ, ਜਿਨ੍ਹਾਂ ਰਾਹੀਂ 72.5 ਫ਼ੀਸਦੀ ਰਕਬੇ ਦੀ ਸਿੰਚਾਈ ਕੀਤੀ ਜਾਂਦੀ ਹੈ, ਜਦਕਿ 26.2 ਫ਼ੀਸਦੀ ਰਕਬੇ ਦੀ ਸਿੰਚਾਈ ਨਹਿਰਾਂ ਰਾਹੀਂ ਤੇ 1.3 ਫ਼ੀਸਦੀ ਰਕਬੇ ਦੀ ਸਿੰਚਾਈ ਹੋਰ ਸਾਧਨਾਂ ਨਾਲ ਕੀਤੀ ਜਾਂਦੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਇੱਥੇ ਜ਼ਮੀਨ ’ਚ ਇਕ ਸਾਲ ਦੌਰਾਨ ਦੋ ਤੋਂ ਤਿੰਨ ਫ਼ਸਲਾਂ ਵੀ ਲਈਆਂ ਜਾਂਦੀਆਂ ਹਨ ਜਿਸ ਕਰ ਕੇ ਪਾਣੀ ਦੀ ਵਰਤੋਂ ਵੀ ਵਧੇਰੇ ਹੁੰਦੀ ਹੈ। ਪੰਜਾਬ ’ਚ ਇਸ ਵੇਲੇ ਖੇਤੀ ਟਿਊਬਵੈੱਲਾਂ ਦੀ ਗਿਣਤੀ 14.76 ਲੱਖ ਤੱਕ ਪੁੱਜ ਚੁੱਕੀ ਹੈ ਜਦਕਿ ਇੰਡਸਟਰੀ ਤੇ ਘਰੇਲੂ ਵਰਤੋਂ ਲਈ ਵਰਤੇ ਜਾਣ ਵਾਲੇ ਪਾਣੀ ਲਈ 25 ਲੱਖ ਟਿਊਬਵੈੱਲ ਚੱਲ ਰਹੇ ਹਨ। ਇਸ ਲਈ ਸੂਬੇ ’ਚ ਜਿੱਥੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੀ ਲੋੜ ਹੈ, ਉਥੇ ਹੀ ਮੀਂਹ ਦੇ ਪਾਣੀ ਦੀ ਸੰਭਾਲ ਵੀ ਅਤਿ ਜ਼ਰੂਰੀ ਹੈ। ਕੇਂਦਰੀ ਭੂ-ਜਲ ਬੋਰਡ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀਬਾੜੀ ਵਿਭਾਗ, ਪੰਜਾਬ ਭੂਮੀ ਤੇ ਜਲ ਸੰਭਾਲ ਵਿਭਾਗ ਤੋਂ ਇਲਾਵਾ ਕਈ ਮਨੁੱਖਤਾਵਾਦੀ ਤੇ ਵਾਤਾਵਰਨ ਪ੍ਰੇਮੀ ਯਤਨ ਕਰ ਰਹੇ ਹਨ ਕਿ ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਿਆ ਜਾਵੇ ਤੇ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ ਜਾਵੇ।
ਸਾਲ ਖੇਤੀ ਅਧੀਨ ਰਕਬਾ ਹੈਕਟੇਅਰ ’ਚ
1989- 7,49,600 (14.9 ਫ਼ੀਸਦੀ)
1992- 10,23,400 (20 ਫ਼ੀਸਦੀ)
1997- 14,15,100 (28 ਫ਼ੀਸਦੀ)
2002- 22,07,300 (44 ਫ਼ੀਸਦੀ)
2008- 30,41,800 (61 ਫ਼ੀਸਦੀ)
2010- 32,36,100 (64 ਫ਼ੀਸਦੀ)
2012- 33,10,400 (65 ਫ਼ੀਸਦੀ)
2016- 33,17,700 (65 ਫ਼ੀਸਦੀ)
2019- 34,24,600 (68 ਫ਼ੀਸਦੀ)
2022- 42,00,000 (83.4 ਫ਼ੀਸਦੀ)
1984 ਤੋਂ ਲੈ ਕੇ 2022 ਤਕ ਸੂਬੇ ਦੇ ਬਲਾਕਾਂ ਦੀ ਸਥਿਤੀ
ਕੈਟਾਗਿਰੀ 1984 1986 1989 1992 1999 2004 2009 2011 2013 2017 2020 2022
ਅਤਿ-ਗੰਭੀਰ 53 55 62 63 73 103 110 110 105 109 117 114
ਗੰਭੀਰ 07 09 07 07 11 05 03 04 04 02 06 04
ਘੱਟ ਗੰਭੀਰ 22 18 20 15 16 04 02 02 03 05 10 15
ਸੁਰੱਖਿਅਤ 36 36 29 33 38 25 23 22 26 22 17 17
ਕੁੱਲ 118 118 118 118 138 137 138 138 138 138 150 150
ਜਲ ਸਰੋਤ ਵਿਭਾਗ ਪੰਜਾਬ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਰਿਪੋਰਟ ਮੁਤਾਬਕ ਸੂਬੇ ’ਚ ਮੀਂਹ ਦੀ ਔਸਤ 300 ਤੋਂ 1000 ਐੱਮਐੱਮ ਤੱਕ ਹੈ, ਹਾਲਾਂਕਿ ਕਈ ਇਲਾਕਿਆਂ ’ਚ 1000 ਤੋਂ ਵੱਧ ਵੀ ਹੈ। ਵਿਭਾਗ ਵੱਲੋਂ ਮੀਂਹ ਪੈਣ ਦਰ ਦੇ 1970 ਤੋਂ ਲੈ ਕੇ 2021 ਦੇ ਉਪਲੱਬਧ ਅੰਕੜਿਆਂ ਦਾ ਵੇਰਵਾ ਇਸ ਤਰ੍ਹਾਂ ਹੈ।
ਸਾਲ ਔਸਤਨ ਮੀਂਹ (ਐੱਮਐੱਮ ’ਚ)
1970 672
1980 739
1990 754
2000 392
2010 472
2020 603
2021 528
ਜ਼ਮੀਨੀ ਪਾਣੀ ਦਾ ਪੱਧਰ ਵਧਾਉਣ ਲਈ ਹਨ ਕਈ ਤਕਨੀਕਾਂ
ਭੂਮੀ ਤੇ ਜਲ ਸੰਭਾਲ ਵਿਭਾਗ ਦੇ ਐੱਸਡੀਓ ਲੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਸੂਬੇ ਦੇ ਬਲਾਕਾਂ ਦੀ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਦੀ ਸੰਭਾਲ ਕਰਨਾ ਅਤਿ ਜ਼ਰੂਰੀ ਹੈ। ਇਸ ਲਈ ਜਿੱਥੇ ਸਿੰਚਾਈ ਦੀਆਂ ਆਧੁਨਿਕ ਤਕਨੀਕਾਂ ਵਰਤਣ ਦੀ ਲੋੜ ਹੈ, ਉਥੇ ਹੀ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਮੀਂਹ ਦੇ ਪਾਣੀ ਨੂੰ ਵੀ ਸੰਭਾਲਣ ਦੀ ਲੋੜ ਹੈ। ਬਰਸਾਤੀ ਪਾਣੀ ਦੀ ਸੰਭਾਲ ਲਈ ਰੇਨ-ਵਾਟਰ ਹਾਰਵੈਸਟਿੰਗ ਸਿਸਟਮ ਬਹੁਤ ਹੀ ਜ਼ਰੁਰੀ ਹੋ ਗਿਆ ਹੈ। ਇਸ ਲਈ ਲੋਕਾਂ ਨੂੰ ਆਪਣਾ ਘਰ ਬਣਾਉਣ ਵੇਲੇ ਜਾਂ ਖੇਤਾਂ ’ਚ ਇਹ ਸਿਸਟਮ ਲਾਉਣਾ ਚਾਹੀਦਾ ਹੈ। ਲੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਉਣ ਲਈ ਉਨ੍ਹਾਂ ਦੇ ਵਿਭਾਗ ਤੋਂ ਇਲਾਵਾ ਨਗਰ ਨਿਗਮਾਂ, ਪੰਜਾਬ ਖੇਤੀਬਾੜੀ ਵਿਭਾਗ ਵੀ ਯਤਨਸ਼ੀਲ ਹਨ। ਇਸ ਸਬੰਧੀ ਲੋਕ ਉਕਤ ਵਿਭਾਗ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਰੀਬ 18000 ਛੱਪੜ ਹਨ। ਪਿੰਡ ਦੇ ਘਰਾਂ ਦਾ ਗੰਦਾ ਪਾਣੀ ਇਨ੍ਹਾਂ ਛੱਪੜਾਂ ’ਚ ਵਗਦਾ ਹੈ। ਪਾਣੀ ਸੰਭਾਲਣ ਦੀ ਸਮਰੱਥਾ ਵਧਾਉਣ ਤੇ ਇਹ ਨਿਸ਼ਚਿਤ ਕਰਨ ਲਈ ਕਿ ਪਾਣੀ ਦੀ ਗੁਣਵੱਤਾ ਖੇਤੀਬਾੜੀ ਲਈ ਠੀਕ ਹੈ ਤਾਂ ਛੱਪੜਾਂ ਦਾ ਸ਼ੁੱਧੀਕਰਨ ਕੀਤਾ ਜਾਵੇ। ਇਸ ਦੇ ਨਾਲ ਨਾ ਕੇਵਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧੇਗਾ ਬਲਕਿ ਪੇਂਡੂ ਵਤਾਵਰਨ ਤੇ ਆਰਥਿਕ ਹਾਲਾਤ ’ਚ ਵੀ ਸੁਧਾਰ ਹੋਵੇਗਾ। ਪਾਣੀ ਨੂੰ ਖੇਤਾਂ ’ਚ ਲਿਜਾਣ ਲਈ ਇਨ੍ਹਾਂ ਛੱਪੜਾਂ ’ਚੋਂ ਜ਼ਮੀਨਦੋਜ਼ ਪਾਈਪਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਅੰਦਾਜ਼ੇ ਅਨੁਸਾਰ ਸਿੰਜਾਈ ਲਈ ਪਿੰਡ ਦੇ ਛੱਪੜ ਦੇ ਪਾਣੀ ਦੀ ਮੁਰੰਮਤ ਤੇ ਮੁੜ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪ੍ਰਤੀ ਸਾਲ 6 ਸੈਂਟੀਮੀਟਰ ਤੱਕ ਘੱਟ ਜਾਵੇਗੀ। ਪਿੰਡਾਂ ਦੇ ਸੁੱਕੇ ਛੱਪੜਾਂ ਨੂੰ ਬਰਸਾਤੀ ਪਾਣੀ ਦੀ ਸੰਭਾਲ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਕੰਮ ਲਈ ਸਰਕਾਰ ਨੇ ਸਾਂਝਾ ਜਲ ਤਾਲਾਬ ਯੋਜਨਾ ਵੀ ਸ਼ੁਰੂ ਕੀਤੀ ਹੋਈ ਹੈ, ਜਿਸ ਵਿਚ 1 ਏਕੜ ’ਚ ਉਕਤ ਤਾਲਾਬ ਬਣਾਉਣ ਲਈ ਨਰੇਗਾ ਤਹਿਤ ਛੱਪੜ ਦੀ ਤਿਆਰੀ ਕੀਤੀ ਜਾਂਦੀ ਹੈ।
ਘੱਟ ਪਾਣੀ ਵਾਲੀਆਂ ਫਸਲਾਂ ਦੀ ਬਿਜਾਈ ਕਰਨ ਦੀ ਲੋੜ : ਡਾ. ਗੁਲਾਟੀ
ਖੇਤੀਬਾੜੀ ਵਿਭਾਗ ਦੇ ਅਫਸਰ ਡਾ. ਨਰੇਸ਼ ਗੁਲਾਟੀ ਦਾ ਕਹਿਣਾ ਹੈ ਕਿ ਝੋਨਾ ਪੰਜਾਬ ਦੀ ਫਸਲ ਨਹੀਂ ਹੈ ਪਰ ਇਹ ਘੱਟ ਮਿਹਨਤ ਨਾਲ ਵੱਧ ਕਮਾਈ ਵਾਲੀ ਫਸਲ ਹੈ। ਇਸ ਲਈ ਕਿਸਾਨ ਝੋਨੇ ਦੀ ਬਿਜਾਈ ਵਧੇਰੇ ਕਰਦੇ ਹਨ। ਉਨ੍ਹਾਂ ਕਿਹਾ ਕਿ ਪੀਏਯੂ ਵੱਲੋਂ ਝੋਨੇ ਦੀਆਂ ਅਜਿਹੀਆਂ ਕਿਸਮਾਂ ਦੀ ਖੋਜ ਕੀਤੀ ਗਈ ਹੈ ਤੇ ਕੀਤੀ ਵੀ ਜਾ ਰਹੀ ਹੈ, ਜਿਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਪਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ ਤਾਂ ਜੋ ਪਾਣੀ ਦੀ ਘੱਟ ਵਰਤੋਂ ਹੋਵੇ। ਸਿੰਚਾਈ ਦੇ ਪੁਰਾਤਨ ਢੰਗ ਛੱਡ ਕੇ ਨਵੇਂ ਅਪਣਾਉਣ ਦੀ ਲੋੜ ਹੈ, ਜਿਸ ਵਿਚ ਤੁਪਕਾ ਤੇ ਫੁਹਾਰਾ ਵਿਧੀ ਬਹੁਤ ਹੀ ਅਹਿਮ ਹਨ। ਇਨ੍ਹਾਂ ਵਿਧੀਆ ਰਾਹੀਂ ਪਾਣੀ ਦੀ ਵੱਡੇ ਪੱਧਰ ’ਤੇ ਬਚਤ ਹੁੰਦੀ ਹੈ। ਸਬਜ਼ੀਆ ਤੇ ਫਲਾਂ ਦੀ ਕਾਸ਼ਤ ਨਾਲ ਜਿੱਥੇ ਕਿਸਾਨ ਨੂੰ ਵਧੇਰੇ ਆਮਦਨ ਹੁੰਦੀ ਹੈ, ਉਥੇ ਹੀ ਰੋਜ਼ਗਾਰ ਦੇ ਸਾਧਨ ਵੀ ਵੱਧਦੇ ਹਨ।
ਪੰਜਾਬ ’ਚ ਹਰ ਵਰ੍ਹੇ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ’ਚੋਂ ਕੱਢਿਆ ਜਾਂਦੈ : ਡਾ. ਸੈਣੀ
ਸਮਾਜ ਸੇਵੀ ਡਾ. ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦੇ ਕੇਵਲ 1.53 ਫੀਸਦੀ ਖੇਤਰ ਵਾਲਾ ਪੰਜਾਬ ਰਾਜ ਪਿਛਲੇ ਪੰਜ ਦਹਾਕਿਆਂ ਤੋਂ ਕੇਂਦਰੀ ਪੂਲ ’ਚ 27-40 ਫੀਸਦੀ ਚੌਲ ਤੇ 43-75 ਫੀਸਦੀ ਕਣਕ ਦਾ ਯੋਗਦਾਨ ਦੇ ਰਿਹਾ ਹੈ। ਸਿੰਚਾਈ ਅਧੀਨ ਕੁੱਲ ਖੇਤਰ ’ਚੋਂ 99 ਫੀਸਦੀ ਰਕਬਾ ਹੈ, ਜਿਸ ’ਚੋਂ ਧਰਤੀ ਹੇਠਲੇ ਪਾਣੀ ਨਾਲ (72 ਫੀਸਦੀ) ਤੇ ਨਹਿਰੀ ਪਾਣੀ (28 ਫੀਸਦੀ) ਨਾਲ ਸਿੰਜਿਆ ਜਾਂਦਾ ਹੈ। ਪੰਜਾਬ ਵਿਚ ਹਰ ਸਾਲ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ ਹੈ ਜਦਕਿ ਕੇਵਲ 18.94 ਬਿਲੀਅਨ ਕਿਊਬਿਕ ਮੀਟਰ ਪਾਣੀ ਹੀ ਰੀਚਾਰਜ ਹੁੰਦਾ ਹੈ। ਪੰਜਾਬ ਵਿਚ 25 ਤੋਂ 27 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ ਜਦਕਿ ਇਹ ਪੰਜਾਬ ਵਿਚ ਪੈਦਾ ਹੋਣ ਵਾਲੀ ਮੂਲ ਫ਼ਸਲ ਨਹੀਂ ਹੈ। ਇਸ ਫ਼ਸਲ ਦੀ ਬਿਜਾਈ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਸੂਬੇ ਦੇ 153 ਬਲਾਕਾਂ ’ਚੋਂ 17 ਹੀ ਅਜਿਹੇ ਹਨ ਜਿੱਥੇ ਧਰਤੀ ਹੇਠਲਾ ਪਾਣੀ ਸਰੱਖਿਅਤ ਸ਼ੇ੍ਰਣੀ ’ਚ ਹੈ ਜਦਕਿ ਬਾਕੀਆਂ ਦੀ ਸਥਿਤੀ ਚਿੰਤਾਜਨਕ ਅਤੇ ਗੰਭੀਰ ਹੈ। ਇਸ ਲਈ ਖੇਤੀ ਦੀਆ ਆਧੁਨਿਕ ਤਕਨੀਕਾਂ ਅਪਣਾਉਣ ਦੇ ਨਾਲ ਹੀ ਬਰਸਾਤੀ ਪਾਣੀ ਬਚਾਉਣ ਲਈ ਵੀ ਲੋਕਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਡਾ. ਸੈਣੀ ਨੇ ਕਿਹਾ ਕਿ ਪੰਜਾਬ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਕ੍ਰਮਵਾਰ 13 ਤੇ 27 ਲੱਖ ਰਿਹਾਇਸ਼ੀ ਮਕਾਨ ਹਨ। ਜੇ ਇਹ ਮੰਨ ਲਿਆ ਜਾਵੇ ਕਿ ਹਰੇਕ ਘਰ ਦਾ ਔਸਤਨ ਮੀਂਹ ਵਾਲਾ ਖੇਤਰ 100 ਮੀਟਰ ਹੋਵੇ ਤਾਂ 13500 ਕਰੋੜ ਲੀਟਰ ਪਾਣੀ ਦੀ ਬੱਚਤ ਹੋ ਸਕਦੀ ਹੈ। ਇਸ ਨਾਲ ਨਾ ਸਿਰਫ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ ਸਗੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਵਧੇਗਾ।
ਹਵਾ, ਪਾਣੀ ਤੇ ਧਰਤੀ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ : ਸੰਤ ਸੀਚੇਵਾਲ
ਵਾਤਾਵਰਨ ਪੇ੍ਰਮੀ ਤੇ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਹਵਾ, ਪਾਣੀ ਤੇ ਧਰਤੀ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਇਸ ਲਈ ਸਰਕਾਰਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਵਿਅਕਤੀਗਤ ਪੱਧਰ ’ਤੇ ਵੀ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਧਰਤੀ ’ਤੇ ਮਨੁੱਖੀ ਜੀਵਨ ਦੀ ਹੋਂਦ ਬਚਾਈ ਰੱਖਣ ਲਈ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਸੁਖਮਈ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪੋ-ਆਪਣਾ ਫ਼ਰਜ਼ ਨਿਭਾਉਣਾ ਹੋਵੇਗਾ। ਇਸ ਲਈ ਜਿੱਥੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਕੰਮ ਕਰਨ ਦੀ ਲੋੜ ਹੈ, ਉਥੇ ਹੀ ਗੰਧਲੇ ਕੀਤੇ ਜਾ ਰਹੇ ਦਰਿਆਵਾਂ, ਨਦੀਆਂ ਅਤੇ ਚੋਆਂ ਦੇ ਪਾਣੀ ਨੂੰ ਸਾਫ਼ ਰੱਖਣ ਅਤੇ ਡਰੇਨਾਂ ਨੂੰ ਬਰਸਾਤੀ ਪਾਣੀ ਦੀ ਸੰਭਾਲ ਲਈ ਵਰਤਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਦਰਸਾਏ ਰਾਹ ’ਤੇ ਚੱਲ ਕੇ ਹੀ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਨੂੰ ਘਟਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸਾਂਝੀ ਖੇਤੀ ਵੱਲ ਵਧਣਾ ਚਾਹੀਦਾ ਹੈ, ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਦਾ ਸੁਹਿਰਦ ਹੋਣਾ ਵੀ ਬਹੁਤ ਜ਼ਰੂਰੀ ਹੈ।
Posted By: Sandip Kaur
Courtesy : Punjabi Jagran
test