ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸਬੰਧ ਹੈ। ਹਰ ਉਮਰ, ਵਰਗ ਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਲੋਕ ਖੇਡਾਂ ਲੋਕ-ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਤੇ ਸਹਿਜ ਰੂਪ ’ਚ ਨਿੰਮਦੀਆਂ-ਵਿਗਸਦੀਆਂ ਰਹਿੰਦੀਆਂ ਹਨ। ਲੋਕ ਖੇਡਾਂ ’ਚ ਸਥਾਨਕ ਪੱਧਰ ਉੱਤੇ ਆਸਾਨੀ ਨਾਲ ਪ੍ਰਾਪਤ ਖੇਡ-ਸਮੱਗਰੀ ਵਾਲੀਆਂ ਖੇਡਾਂ ਪ੍ਰਚੱਲਿਤ ਹੁੰਦੀਆਂ ਹਨ।
ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸਬੰਧ ਹੈ। ਹਰ ਉਮਰ, ਵਰਗ ਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਲੋਕ ਖੇਡਾਂ ਲੋਕ-ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਤੇ ਸਹਿਜ ਰੂਪ ’ਚ ਨਿੰਮਦੀਆਂ-ਵਿਗਸਦੀਆਂ ਰਹਿੰਦੀਆਂ ਹਨ। ਲੋਕ ਖੇਡਾਂ ’ਚ ਸਥਾਨਕ ਪੱਧਰ ਉੱਤੇ ਆਸਾਨੀ ਨਾਲ ਪ੍ਰਾਪਤ ਖੇਡ-ਸਮੱਗਰੀ ਵਾਲੀਆਂ ਖੇਡਾਂ ਪ੍ਰਚੱਲਿਤ ਹੁੰਦੀਆਂ ਹਨ। ਪੰਜਾਬ ਦੇ ਲੋਕਾਂ ਦੀਆਂ ਖੇਡਾਂ ਵੀ ਉਨ੍ਹਾਂ ਦੇ ਸੁਭਾਅ ਵਾਂਗ ਖੁੱਲ੍ਹੀਆਂ-ਡੁੱਲ੍ਹੀਆਂ, ਸਾਦੀਆਂ, ਸਰੀਰਕ ਤੇ ਮਾਨਸਿਕ ਵਿਕਾਸ ਵਾਲੀਆਂ ਹਨ। ਉਨ੍ਹਾਂ ਦੀਆਂ ਪੁਰਾਤਨ ਖੇਡਾਂ, ਜਿਵੇਂ ਕਬੱਡੀ, ਗੁੱਲੀ-ਡੰਡਾ, ਖਿੱਦੋ-ਖੂੰਡੀ, ਰੱਸਾਕਸ਼ੀ, ਗੱਤਕਾ, ਲੁਕਣ-ਮੀਚੀ, ਕੋਟਲਾ-ਛਪਾਕੀ, ਬਾਰ੍ਹਾਂ ਟਹਿਣੀ, ਸਟਾਪੂ, ਸ਼ਤਰੰਜ, ਗੁੱਡੀ ਪਟੋਲਾ, ਬਿੱਲੀ ਮਾਸੀ, ਅੱਡੀ-ਟੱਪਾ, ਕੁਸ਼ਤੀਆਂ, ਮੂੰਗਲੀਆਂ ਫੇਰਨੀਆਂ, ਛਾਲਾਂ ਮਾਰਨੀਆਂ, ਰੱਸੀ ਟੱਪਣੀ, ਕਿੱਕਲੀ, ਸੌਂਚੀ, ਖੁੱਤੀਆਂ, ਪਿੱਠੂ, ਕੌਡੀਆਂ, ਬੰਟੇ, ਪੀਚੋ ਬੱਕਰੀ, ਮੈਂ ਰਾਜਾ ਪਟਵਾਰੀ ਆਦਿ ਹਨ। ਸਮਾਂ ਬਦਲਣ ਨਾਲ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਖੇਡਾਂ ਤਾਂ ਲੋਪ ਹੋ ਗਈਆਂ ਤੇ ਕੁਝ ਨਵੀਆਂ ਆ ਗਈਆਂ ਹਨ।
ਲੋਕ ਖੇਡਾਂ ਦੀ ਸਮੱਗਰੀ ਤੇ ਤਰੀਕਾ
ਪੰਜਾਬੀ ਲੋਕ-ਖੇਡਾਂ ਵਿੱਚ ਸਥਾਨਕ ਪੱਧਰ ‘ਤੇ ਪ੍ਰਾਪਤ ਸਮੱਗਰੀ ਜਿਵੇਂ ਗੀਟੇ, ਗੀਟੀਆਂ, ਇੱਟਾਂ ਦੇ ਰੋੜੇ, ਠੀਕਰੀਆਂ, ਟਾਹਣਾਂ, ਕੌਡੀਆਂ, ਲੱਕੜਾਂ, ਕੋਲਾ, ਡੰਡਾ, ਗੁੱਲੀ, ਖੂੰਡੀਆਂ, ਪੁਰਾਣੇ ਕੱਪੜੇ ਦੀਆਂ ਖਿੱਦੋ, ਸਣ ਦੀਆਂ ਰੱਸੀਆਂ ਆਦਿ ਸ਼ਾਮਲ ਹੁੰਦੀ ਹੈ। ਇਨ੍ਹਾਂ ਖੇਡਾਂ ਦਾ ਕੋਈ ਨਿਸਚਿਤ ਸਮਾਂ, ਸਥਾਨ ਨਹੀਂ ਹੁੰਦਾ। ਸਵੇਰੇ, ਸ਼ਾਮ, ਦੁਪਹਿਰੇ, ਤ੍ਰਿਕਾਲਾਂ ਵੇਲੇ ਚਾਨਣੀਆਂ ਰਾਤਾਂ ’ਚ ਜਦੋਂ ਵਿਹਲ ਮਿਲੇ, ਖੇਡੀਆਂ ਜਾ ਸਕਦੀਆਂ ਹਨ। ਵਧੇਰੇ ਖੇਡਾਂ ਵਿਚ ਸਰੀਰਕ ਹਰਕਤਾਂ, ਭੱਜ-ਦੌੜ, ਉੱਛਲ-ਕੁੱਦ ਤੇ ਦਾਅ-ਪੇਚ ਹੁੰਦੇ ਹਨ। ਲੋਕ-ਖੇਡਾਂ ਵਿੱਚ ਖਿਡਾਰੀਆਂ ਨੂੰ ਇਕੱਤਰ ਕਰਨ, ਪੁੱਗਣ, ਆੜੀ ਮਿਥਣ ਦੀਆਂ ਵਿਧੀਆਂ ਸਧਾਰਨ ਪਰ ਦਿਲਚਸਪ ਹੁੰਦੀਆਂ ਹਨ।
ਖੇਡਾਂ ਦਾ ਵਰਗੀਕਰਨ
ਲੋਕ-ਖੇਡਾਂ ਨੂੰ ਉਮਰ, ਲਿੰਗ ਦੇ ਅਧਾਰ ’ਤੇ ਵੀ ਵੰਡਿਆ ਜਾ ਸਕਦਾ ਹੈ ਤੇ ਮਾਨਸਿਕ ਤੇ ਸਰੀਰਕ ਖੇਡਾਂ ਦੇ ਰੂਪ ਵਿਚ ਵੀ। ਜਿਵੇਂ ਛੋਟੇ ਬੱਚਿਆਂ ਦੀਆਂ ਖੇਡਾਂ ਲਾਟੂ, ਭੰਬੀਰੀਆਂ ਚਲਾਉਣਾ, ਅੱਕੜ-ਬੱਕੜ, ਬੰਟੇ ਖੇਡਣੇ ਆਦਿ। ਜਵਾਨਾਂ ਦੀਆਂ ਖੇਡਾਂ ਸਰੀਰਕ ਜ਼ੋਰ-ਅਜ਼ਮਾਈ ਵਾਲੀਆਂ ਹੁੰਦੀਆਂ ਹਨ, ਜਿਵੇਂ–ਕਬੱਡੀ, ਮੁਗਦਰ ਫੇਰਨਾ, ਮੂੰਗਲੀਆਂ ਫੇਰਨੀਆਂ ਆਦਿ। ਬਜ਼ੁਰਗਾਂ ਦੀਆਂ ਖੇਡਾਂ ਤਾਸ਼ ਖੇਡਣਾ, ਸ਼ਤਰੰਜ, ਚੌਪਟ ਆਦਿ ਪਰ ਕੁਝ ਖੇਡਾਂ ਵਿਚ ਉਮਰ ਦੀ ਸੀਮਾ ਨਿਸ਼ਚਿਤ ਨਹੀਂ ਸਗੋਂ ਸਰੀਰਕ ਸਮਰੱਥਾ ਹੀ ਪ੍ਰਧਾਨ ਹੁੰਦੀ ਹੈ। ਇਸੇ ਤਰ੍ਹਾਂ ਕੁੜੀਆਂ ਦੀਆਂ ਖੇਡਾਂ ਵਿਚ ਗੀਟੇ, ਕੋਟਲਾ ਛਪਾਕੀ, ਖਿੱਦੋ, ਗੁੱਡੀ ਫੂਕਣੀ, ਕਿੱਕਲੀ, ਸਟਾਪੂ ਆਦਿ ਹਨ।
ਕਬੱਡੀ
ਕਬੱਡੀ ਕਈ ਕਿਸਮਾਂ ਦੀ ਹੁੰਦੀ ਹੈ, ਜਿਵੇਂ ਲੰਮੀ ਕਬੱਡੀ, ਛੋਟੀ ਜਾਂ ਜੱਫਲ ਕਬੱਡੀ। ਲੰਮੀ ਕਬੱਡੀ ਲਈ ਪੰਜ-ਛੇ ਕਦਮਾਂ ਦੀ ਦੂਰੀ ’ਤੇ ਆਹਮੋ-ਸਾਹਮਣੇ ਦੋ ਨਿਸ਼ਾਨ ਲਾ ਲਏ ਜਾਂਦੇ ਹਨ। ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਗਿਣਤੀ ਬਰਾਬਰ ਹੁੰਦੀ ਹੈ। ਇਕ ਪਾਸੇ ਦਾ ਇਕ ਖਿਡਾਰੀ ‘ਕਬੱਡੀ-ਕਬੱਡੀ’ ਕਹਿੰਦਾ ਹੋਇਆ ਦੂਜੇ ਪਾਸੇ ਦੇ ਖਿਡਾਰੀਆਂ ਨੂੰ ਛੂਹਣ ਲਈ ਜਾਂਦਾ ਹੈ ਤੇ ਉਹ ਅੱਗੋਂ ਝਕਾਨੀਆਂ ਦਿੰਦੇ ਹਨ। ਕਬੱਡੀ-ਕਬੱਡੀ ਕਰਨ ਵਾਲਾ ਖਿਡਾਰੀ ਕਿਸੇ ਵਿਰੋਧੀ ਨੂੰ ਛੂਹ ਲਵੇ ਤੇ ਜੇ ਉਹਦਾ ਵਾਪਸ ਆਉਂਦੇ ਸਮੇਂ ਦਮ ਟੁੱਟ ਜਾਵੇ ਤੇ ਵਿਰੋਧੀ ਖਿਡਾਰੀ ਨਿਸ਼ਾਨ ਤੋਂ ਪਹਿਲਾਂ ਉਸ ਨੂੰ ਹੱਥ ਵੀ ਲਾ ਦੇਵੇ ਤਾਂ ਉਹ ਹਾਰ ਗਿਆ ਸਮਝਿਆ ਜਾਂਦਾ ਹੈ। ਕਬੱਡੀ ਦੀ ਅਗਲੀ ਕਿਸਮ ਜੱਫਲ ਕਬੱਡੀ ਹੁੰਦੀ ਹੈ। ਇਸ ਖੇਡ ਵਿਚ ਕਬੱਡੀ ਪਾਉਣ ਆਏ ਵਿਰੋਧੀ ਨੂੰ ਖਿਡਾਰੀ ਜੱਫਾ ਮਾਰ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਕਬੱਡੀ ਪਾਉਣ ਵਾਲੇ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਜੱਫਾ ਨਾ ਪਵੇ ਤੇ ਜੇ ਜੱਫਾ ਪੈ ਜਾਂਦਾ ਹੈ ਤਾਂ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਨਿਸ਼ਾਨ ਤਕ ਪਹੁੰਚ ਜਾਵੇ ਤਾਂ ਜਿੱਤ ਜਾਂਦਾ ਹੈ। ਅੱਜ-ਕੱਲ੍ਹ ਅਜਿਹੀ ਕਬੱਡੀ ਨੂੰ ਨੈਸ਼ਨਲ ਸਟਾਈਲ ਤੇ ਪੰਜਾਬ ਸਟਾਈਲ ਕਬੱਡੀ ਕਿਹਾ ਜਾਂਦਾ ਹੈ। ਇਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਗੁੱਲੀ ਡੰਡਾ
ਗੁੱਲੀ ਅਤੇ ਡੰਡਾ ਦੋਵੇਂ ਲੱਕੜ ਦੇ ਹੁੰਦੇ ਹਨ। ਗੁੱਲੀ ਨੂੰ ਸਿਰਿਆਂ ਤੋਂ ਘੜ ਕੇ ਤਿੱਖੀ ਕਰ ਲਿਆ ਜਾਂਦਾ ਹੈ। ਮੈਦਾਨ ’ਚ ਛੋਟਾ ਜਿਹਾ ਟੋਆ/ਰਾਬ ਪੁੱਟ ਲਿਆ ਜਾਂਦਾ ਹੈ। ਖਿਡਾਰੀ ਦੋ ਲਾਈਨਾਂ ਵਿਚ ਵੰਡੇ ਜਾਂਦੇ ਹਨ। ਵਾਰੀ ਪੁੱਗਣ ਤੋਂ ਬਾਅਦ ਪਹਿਲੀ ਵਾਰੀ ਲੈਣ ਵਾਲਾ ਗੁੱਲੀ ਨੂੰ ਰਾਬ ’ਤੇ ਰੱਖ ਕੇ ਡੰਡੇ ਨਾਲ ਦੂਰ ਸੁੱਟਦਾ ਹੈ। ਵਿਰੋਧੀ ਟੀਮ ਦੇ ਖਿਡਾਰੀ ਗੁੱਲੀ ਫੜ ਕੇ ਰਾਬ ’ਤੇ ਰੱਖੇ ਡੰਡੇ ’ਤੇ ਮਾਰਦੇ ਹਨ। ਜੇ ਨਿਸ਼ਾਨਾ ਡੰਡੇ ’ਤੇ ਜਾ ਕੇ ਲੱਗੇ ਤਾਂ ਪਹਿਲੇ ਦੀ ਵਾਰੀ ਖ਼ਤਮ ਤੇ ਜੇ ਨਿਸ਼ਾਨਾ ਨਾ ਲੱਗੇ ਤਾਂ ਫਿਰ ਉਸੇ ਦੀ ਵਾਰੀ ਆ ਜਾਂਦੀ ਹੈ।
ਰੱਸਾਕਸ਼ੀ
ਇਹ ਸਰੀਰਕ ਸਮਰੱਥਾ ਵਾਲੀ ਖੇਡ ਹੈ। ਇਸ ’ਚ ਵੱਡਾ ਸਾਰਾ ਮੋਟਾ ਰੱਸਾ ਹੁੰਦਾ ਹੈ। ਅੱਧੇ ਖਿਡਾਰੀ ਰੱਸੇ ਦੇ ਇਕ ਪਾਸੇ ਤੇ ਅੱਧੇ ਦੂਜੇ ਪਾਸੇ ਆਹਮਣੋ -ਸਾਹਮਣੇ ਮੂੰਹ ਕਰ ਕੇ ਰੱਸਾ ਆਪਣੇ-ਆਪਣੇ ਵੱਲ ਖਿੱਚਦੇ ਹਨ। ਜਿਹੜੀ ਟੀਮ ਆਪਣੇ ਵੱਲ ਰੱਸਾ ਖਿੱਚ ਲਵੇ, ਉਹ ਜਿੱਤ ਜਾਂਦੀ ਹੈ।
ਲੁਕਣਮੀਚੀ
ਇਹ ਖੇਡ ਛੋਟੇ-ਛੋਟੇ ਬੱਚਿਆਂ ’ਚ ਹਰਮਨ ਪਿਆਰੀ ਹੈ। ਇਸ ਖੇਡ ਵਿਚ ਖਿਡਾਰੀਆਂ ਦੀ ਗਿਣਤੀ ਤਿੰਨ ਤੋਂ ਪੰਜ ਤਕ ਵੀ ਹੋ ਸਕਦੀ ਹੈ। ਇਸ ’ਚ ਇੱਕ ਬੱਚੇ ਦੀਆਂ ਅੱਖਾਂ ਢਕ ਕੇ ਜਾਂ ਬੰਦ ਕਰ ਕੇ ਬਾਕੀ ਬੱਚੇ ਲੁਕ ਜਾਂਦੇ ਹਨ। ਫਿਰ ਉਸ ਨੂੰ ਅੱਖਾਂ ਤੋਂ ਹੱਥ ਹਟਾ ਕੇ ਬਾਕੀਆਂ ਨੂੰ ਲੱਭਣ ਲਈ ਭੇਜਿਆ ਜਾਂਦਾ ਹੈ। ਜਿਹੜਾ ਸਭ ਤੋਂ ਪਹਿਲਾਂ ਲੱਭਿਆ ਜਾਵੇ, ਵਾਰੀ ਉਸ ਦੇ ਸਿਰ ਆ ਜਾਂਦੀ ਹੈ।
ਕੋਟਲਾ ਛਪਾਕੀ
ਇਹ ਖੇਡ ਬੜੀ ਦਿਲਚਸਪ ਤੇ ਕਸਰਤ ਵਾਲੀ ਹੈ। ਇਸ ਖੇਡ ਵਿਚ ਖਿਡਾਰੀ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਹਨ ਤੇ ਆਪਣਾ ਸਿਰ ਨੀਵਾ ਕਰ ਲੈਂਦੇ ਹਨ। ਫਿਰ ਇੱਕ ਖਿਡਾਰੀ ਹੱਥ ’ਚ ਕੋਰੜਾ (ਕੱਪੜੇ ਦਾ ਵੱਟਿਆ ਹੋਇਆ) ਫੜ ਕੇ ਉਨ੍ਹਾਂ ਦੇ ਚਾਰ-ਚੁਫੇਰੇ ‘ਕੋਟਲਾ–ਛਪਾਕੀ ਜੁੰਮੇ ਰਾਤ ਆਈ ਹੈ, ਆਈ ਹੈ ਬਈ ਆਈ ਹੈ, ਜਿਹੜਾ ਅੱਗੇ ਪਿੱਛੇ ਵੇਖੇ, ਉਹਦੀ ਸ਼ਾਮਤ ਆਈ ਹੈ, ਆਈ ਹੈ ਬਈ ਆਈ ਹੈ’ ਬੋਲਦਾ ਹੋਇਆ ਮਲੱਕੜੇ ਜਿਹੇ ਕਰੜਾ ਕਿਸੇ ਖਿਡਾਰੀ ਦੀ ਪਿੱਠ ਪਿੱਛੇ ਰੱਖ ਦਿੰਦਾ ਹੈ ਤੇ ਆਪ ਦੌੜ ਜਾਂਦਾ ਹੈ ਤੇ ਫਿਰ ਚੱਕਰ ਕੱਟਣ ਲੱਗ ਪੈਂਦਾ ਹੈ। ਜੇ ਚੱਕਰ ਕੱਟਦਿਆਂ ਉੱਥੇ ਪੁੱਜਣ ਤਕ ਰੱਖੇ ਕੋਰੜੇ ਵਾਲੇ ਨੂੰ ਪਤਾ ਨਾ ਲੱਗੇ ਤਾਂ ਉਹ ਕੋਰੜਾ ਚੁੱਕ ਕੇ ਉਸ ਨੂੰ ਮਾਰਨ ਲੱਗ ਪੈਂਦਾ ਹੈ ਤੇ ਫਿਰ ਦੂਜੇ ਦੀ ਵਾਰੀ ਆ ਜਾਂਦੀ ਹੈ। ਜੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਕੋਰੜਾ ਉਸ ਦੇ ਪਿੱਛੇ ਹੈ ਤਾਂ ਫਿਰ ਉਹ ਕੋਰੜਾ ਚੁੱਕ ਕੇ ਉਸ ਦੇ ਮਾਰਨ ਲਈ ਦੌੜਦਾ ਹੈ।
ਸਟਾਪੂ
ਇਹ ਖੇਡ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਵਿਚ ਧਰਤੀ ’ਤੇ ਚੌਰਸ ਡੱਬਾ ਬਣਾ ਕੇ ਉਸ ਵਿਚ ਖ਼ਾਨੇ ਬਣਾ ਲਏ ਜਾਂਦੇ ਹਨ। ਇਕ ਖਿਡਾਰੀ ਠੀਕਰੀ ਨੂੰ ਆਪਣੇ ਪੈਰ ਨਾਲ ਅਗਲੇ ਡੱਬੇ ਵਿਚ ਪਾਉਂਦਾ ਹੈ ਤੇ ਜੇ ਠੀਕਰੀ ਜਾਂ ਪੈਰ ਲਾਈਨ ’ਤੇ ਆ ਜਾਵੇ ਤਾਂ ਉਹ ਆਊਟ ਹੋ ਜਾਂਦਾ ਹੈ ਤੇ ਦੂਸਰੀ ਦੀ ਵਾਰੀ ਆ ਜਾਂਦੀ ਹੈ। ਇਹ ਖੇਡ ਵੀ ਲੋਪ ਹੋ ਰਹੀ ਹੈ
ਗੀਟੇ-ਟਹਿਣੀਆਂ
ਇਹ ਖੇਡ ਵੀ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਖੇਡ ਵਿਚ ਪੰਜ ਜਾਂ ਸੱਤ ਮਿੱਟੀ ਆਦਿ ਦੀਆਂ ਟਹਿਣਾਂ ਹੁੰਦੀਆਂ ਹਨ ਤੇ ਗੇਂਦ ਨਾਲ ਖੇਡੀਆਂ ਜਾਂਦੀਆਂ ਹਨ। ਖੇਡਣ ਵਾਲੀ ਲੜਕੀ ਆਪਣੇ ਖੱਬੇ ਹੱਥ ਦਾ ਘਰ ਜਿਹਾ ਬਣਾ ਲੈਂਦੀ ਹੈ ਤੇ ਗੇਂਦ ਜਾਂ ਗੀਟਾ ਹੀ ਉੱਪਰ ਸੁੱਟ ਕੇ ਦੂਜੇ ਹੱਥ ਨਾਲ ਇਕ-ਇਕ ਜਾਂ ਦੋ-ਦੋ ਟਹਿਣਾਂ ਆਪਣੇ ਹੱਥ ਵਿਚਲੇ ਘਰ ਵਿਚ ਪਾਈ ਜਾਂਦੀ ਹੈ। ਜੇ ਟਹਿਣਾਂ ਘਰ ਵਿਚ ਪੈਣ ਤੋਂ ਪਹਿਲਾਂ ਗੇਂਦ ਜਾਂ ਗੀਟਾ ਕਾਬੂ ਨਹੀਂ ਕੀਤਾ ਜਾਂਦਾ ਤਾਂ ਖੇਡ ਖ਼ਤਮ ਹੋ ਜਾਂਦੀ ਹੈ ਤੇ ਜੇ ਸਾਰੀਆਂ ਟਹਿਣਾਂ ਘਰ ਵਿਚ ਪੈ ਜਾਣ, ਤਾਂ ਇਹ ਸਾਰੀਆਂ ਟਹਿਣਾਂ ਆਪਣੇ ਪੁੱਠੇ ਹੱਥ ’ਤੇ ਰੱਖ ਫਿਰ ਸਿੱਧੇ ਹੱਥ ਵਿਚ ਫੜੀਆਂ ਜਾਂਦੀਆਂ ਹਨ ਤੇ ਸਾਰੀਆਂ ਟਹਿਣਾਂ ਵਾਪਸ ਹੱਥ ਵਿਚ ਨਾ ਆਉਣ ਤਾਂ ਵਾਰੀ ਆਊਟ ਹੋ ਜਾਂਦੀ ਹੈ ਪਰ ਇਹ ਖੇਡ ਵੀ ਲੋਪ ਹੋ ਰਹੀ ਹੈ।
ਬਿੱਲੀ ਮਾਸੀ
ਇਹ ਕਲਪਨਾਤਮਿਕ ਤੇ ਦਾਅ-ਪੇਚ ਵਾਲੀ ਖੇਡ ਹੈ। ਇਸ ਖੇਡ ਵਿਚ ਬੱਚਾ ਮਾਸੀ ਦੀ ਅਦਾਕਾਰੀ ਕਰਦਾ ਹੋਇਆ ਕੁਝ ਚੀਜ਼ਾਂ ਬਾਕੀ ਬੱਚਿਆਂ ਵਿਚ ਵੰਡਦਾ ਹੈ। ਉੱਧਰੋਂ ਦੂਜਾ ਬੱਚਾ ਬਿੱਲੀ ਦੀ ਅਦਾਕਾਰੀ ਕਰਦਾ ਹੋਇਆ ਬਾਕੀ ਚੀਜ਼ਾਂ ਚੁਰਾਉਣ ਦਾ ਅਭਿਨੈ ਕਰਦਾ ਹੈ। ਬਿੱਲੀ ਤੇ ਮਾਸੀ ਦੇ ਰੂਪ ਵਾਲੇ ਬੱਚੇ ਅੱਗੜ-ਪਿੱਛੜ ਦਾਅ-ਪੇਚ ਮਾਰਦੇ ਹੋਏ ਦੌੜਦੇ ਹਨ ਤੇ ਇਹ ਗੀਤ ਗਾਉਂਦੇ ਹਨ :
ਬਿੱਲੀਏ, ਬਿੱਲੀਏ ਤੂੰ ਹੀ ਖਾਧਾ।
ਮਾਸੀ, ਮਾਸੀ ਮੈਂ ਨਹੀਂ ਖਾਧਾ।
ਅੱਡੀ ਛੜੱਪਾ
ਇਹ ਵੀ ਕੁੜੀਆਂ ਦੀ ਖੇਡ ਹੈ। ਇਸ ’ਚ ਆਹਮੋ-ਸਾਹਮਣੇ ਦੋ ਕੁੜੀਆਂ ਲਟਵੇਂ ਦਾਅ ’ਤੇ ਲੱਤਾਂ ਦੁਆਰਾ ਬਣਾਏ ਸਮੁੰਦਰੀ ਜਾਂ ਖੂਹੀ-ਆਕਾਰ ਨੂੰ ਵਾਰੋ-ਵਾਰੀ ਟੱਪਦੀਆਂ ਹਨ। ਇਸ ਨਾਲ ਲੰਮੀ ਛਾਲ ਦਾ ਅਭਿਆਸ ਹੁੰਦਾ ਹੈ। ਫਿਰ ਪੈਰਾਂ ਤੇ ਹੱਥਾਂ ਦੀਆਂ ਮੁੱਠਾਂ ਤੇ ਫਿਰ ਗਿੱਠਾਂ ਬਣਾ ਕੇ ਟੱਪਿਆ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਖੇਡਾਂ ਲੋਪ ਹੋ ਚੁੱਕੀਆਂ ਹਨ। ਲੋਕ ਖੇਡਾਂ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਸਥਿਤੀਆਂ ਤੇ ਲੋੜਾਂ ਅਨੁਸਾਰ ਵਰਤਮਾਨ ਸਮੇਂ ’ਚ ਖੇਡਾਂ ਅਤੇ ਖੇਡਾਂ ਦੇ ਸਰੂਪ ਵੀ ਬਦਲ ਚੁੱਕੇ ਹਨ।
ਆਭਾਰ : https://www.punjabijagran.com/lifestyle/balwari-traditional-childrens-games-are-disappearing-9409531.html
test