ਸੁੱਚਾ ਰਾਮ ਲੱਧੜ, ਆਈ.ਏ.ਐਸ
ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਜਿੱਥੇ ਹੱਥੀ ਕੰਮ ਕਰਨ ਨੂੰ ਵਡਿਆਇਆ ਗਿਆ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦਾ ਸੰਦੇਸ਼ ਦੇ ਕੇ ਕਿਰਤ ਕਰਨ ਨੂੰ, ਹੱਥੀ ਮਿਹਨਤ ਕਰਨ ਨੂੰ ਤੇ ਲੋਕਾਂ ਨੂੰ ਵਡਿਆਇਆ ਹੈ। ‘ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ‘, ਕਹਿ ਕੇ ਦੂਸਰਿਆ ਦਾ ਹੱਕ ਨਾ ਮਾਰਨ ਦੀ ਵਕਾਲਤ ਕੀਤੀ ਹੈ। ਪੂਰੇ ਭਾਰਤ ਵਿੱਚ ਵਰਣ ਵਿਵਿਸਥਾ ਕਾਰਣ ਤੇ ਜਾਤੀ-ਪਾਤੀ ਦਾ ਬੋਲ-ਬਾਲਾ ਹੋਣ ਕਾਰਣ ਹੱਥੀ ਕੰਮ ਕਰਨ ਵਾਲਿਆ ਨੂੰ ਨਾ ਤਾਂ ਇੱਜਤ ਮਿਲੀ ,ਨਾ ਹੀ ਬਣਦਾ ਮਹਿਨਤਾਨਾ। ਜੇਕਰ ਫੈਕਟਰੀ ਮਾਲਕ ਮਜਦੂਰਾਂ ਦਾ ਸੋਸ਼ਣ ਕਰਦੇ ਹਨ ਤਾਂ ਜਿਮੀਂਦਾਰ ਵੀ ਮਜਦੂਰਾਂ ਦਾ ਰੱਜ ਕੇ ਸੋਸ਼ਣ ਕਰਦੇ ਹਨ।
ਲੇਖਕ ਸੰਗਰੂਰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਰਹਿਣ ਕਾਰਣ ਤੇ ਰਾਜਸੀ ਗਤੀ ਵਿਧੀਆਂ ਵਿੱਚ ਹਿੱਸਾ ਲੈਣ ਕਾਰਣ ਇਸ ਤੱਥ ਤੋਂ ਭਲੀਂ ਭਾਂਤ ਜਾਣੂ ਹੈ ਕਿ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਅੱਜ ਵੀ 500/- ਰੁਪਏ ਮਹੀਨਾਂ ਤੇ ਜਿਮੀਂਦਾਰਾਂ ਦੇ ਘਰ ਗੋਹਾ-ਕੂੜਾ ਕਰਦੀਆਂ ਹਨ। ਬਦਲੇ ਵਿੱਚ ਉਹਨਾਂ ਨੂੰ ਪਹਿਨਿਆਂ ਹੋਇਆ ਉਤਾਰ, ਬਾਸੀ ਰੋਟੀ ਤੇ ਲੱਸੀ ਦਾ ਡੋਲੂ ਮਿਲ ਜਾਂਦਾ ਹੈ। ਕਈ ਵਾਰ ਕਰਜਾ ਨਾ ਉਤਾਰਨ ਕਾਰਣ ਕਈ ਕਈ ਪੀੜੀਆਂ ਸੀਰੀ ਦੇ ਕੰਮ ਤੋਂ ਛੁਟਕਾਰਾਂ ਨਹੀਂ ਪਾ ਸਕਦੀਆਂ।
ਖੇਤ ਮਜਦੂਰਾਂ ਦੀ ਹਾਲਤ ਸਭ ਤੋਂ ਮਾੜੀ ਹੈ। ਅਨਪੜ੍ਹਤਾਂ ਉਹਨਾਂ ਦੇ ਦੁੱਖਾ ਵਿੱਚ ਹੋਰ ਵਾਧਾ ਕਰਦੀ ਹੈ। ਕਿਸੇ ਵੀ ਲਿਖਾ-ਪੜ੍ਹੀ ਦੀ ਅਣਹੋਂਦ ਵਿੱਚ ਇੱਕ ਸਾਲ ਦੀ ਬਜਾਏ ਤੇਰਾ ਜਾਂ ਚੌਦਾਂ ਮਹੀਨੇ ਕੰਮ ਲਿਆ ਜਾਂਦਾ ਹੈ। ਜੇਕਰ ਕਾਮਾੇ ਬਿਮਾਰ ਹੋ ਜਾਏ ਜਾਂ ਰਿਸ਼ਤੇਦਾਰੀ ਵਿੱਚ ਕੰਮ ਪੈ ਜਾਵੇ ਤਾਂ ਛੁੱਟੀਆ ਕੱਟ ਲਈਆਂ ਜਾਂਦੀਆ ਹਨ। ਹਫਤਾਵਾਰ ਛੁੱਟੀ ਵੀ ਨਹੀਂ ਦਿੱਤੀ ਜਾਂਦੀ। ਕੰਮ ਦੇ ਘੰਟੇ ਨਿਸਚਤ ਨਹੀ, ਕੋਈ ਉਵਰਟਾਈਮ ਨਹੀ,ਗੱਲ ਕੀ ਬੰਧੂਆ ਮਜਦੂਰਾਂ ਵਾਂਗ ਕੰਮ ਲਿਆ ਜਾਂਦਾ ਹੈ। ਜੇਕਰ ਮਾਂ ਜਾਂ ਬਾਪ ਬਿਮਾਰ ਪੈ ਜਾਵੇ ਤਾਂ ਧੀਂ ਜਾਂ ਪੁੱਤ ਨੂੰ ਕੰਮ ਤੇ ਭੇਜਿਆ ਜਾਂਦਾ ਹੈ। ਲੇਖਕ ਨੂੰ ਯਾਦ ਹੈ ਕਿ ਕਿਵੇਂ ਇੱਕ ਜਿਮੀਂਦਾਰ ਨੇ ਚੌਦਾ- ਪੰਦਰਾਂ ਸਾਲ ਦੀ ਬਾਲੜੀ ਦਾ ਰੇਪ ਕਰ ਦਿੱਤਾ ਸੀ ਕਿਉਂਕਿ ਉਸ ਦੀ ਮਾਂ ਨੂੰ ਹਫਤਾਂ ਭਰ ਲਗਾਤਾਰ ਬੁਖਾਰ ਆ ਰਿਹਾ ਸੀ ਤੇ ਉਹ ਕੰਮ ਤੇ ਨਹੀਂ ਜਾ ਸਕੀ।
ਇਹ ਵਾਕਿਆ ਪਿੰਡ ਕਿਲੀ ਨਿਹਾਲ ਸਿੰਘ ਵਾਲਾ, ਜਿਲ੍ਹਾਂ ਬਠਿੰਡਾ ਦਾ ਹੈ ਤੇ ਪੁਲਿਸ ਸ਼ੁਰੂ ਵਿੱਚ ਸ਼ਿਕਾਇਤ ਹੋਣ ਦੇ ਬਾਵਜੂਦ ਸਿਆਸੀ ਦਬਾਅ ਕਰ ਕੇ ਐਕਸ਼ਨ ਲੈਣ ਤੋਂ ਟਾਲ-ਮਟੋਲ ਕਰਦੀ ਰਹੀ। ਪਿੰਡਾਂ ਵਿੱਚ ਖੇਤ ਮਜਦੂਰ ਭਾਰਤ ਦੇ ਸਭ ਤੋਂ ਵੱਧ ਸ਼ੋਸ਼ਿਤ ਵਰਗ ਹਨ ਜਿਹਨਾਂ ਨੂੰ ਮਜਦੂਰੀ ਮੰਗਣ ਤੇ ਜਾਂ ਕਈ ਵਾਰ ਝੋਨਾ ਲਵਾਈ ਦਾ ਰੋਟ ਵਧਾਉਣ ਦੀ ਮੰਗ ਨੂੰ ਲੈ ਕੇ ਸੋਸ਼ਲ ਬਾਈਕਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਦੇ ਖੇਤ ਮਜਦੂਰ ਮਸ਼ੀਨੀਕਰਣ ਕਾਰਣ ਸਭ ਤੋਂ ਵੱਧ ਬੇਰੁਜਗਾਰੀ ਦਾ ਸ਼ਿਕਾਰ ਹੋਏ ਹਨ। ਬੇਰੁਜਗਾਰੀ ਦੇ ਨਾਲ-ਨਾਲ ਸਮਾਜਿਕ ਸੱਤਰ ਵਿੱਚ ਵੀ ਗਿਰਾਵਟ ਆਈ ਹੈ।
ਹਰੇ-ਇੰਨਕਲਾਬ ਤੋਂ ਪਹਿਲਾ ਗਰੀਬ ਬੇ-ਜ਼ਮੀਨੇ ਅਨੁਸੂਚਿਤ ਜਾਤੀ ਦੇ ਲੋਕ ਅੱਧ ਤੇ ਜਾਂ ਬਟਾਈ ਤੇ ਜਮੀਨ ਲੈ ਕੇ ਖੇਤੀਬਾੜੀ ਕਰ ਲੈਂਦੇ ਸਨ। ਚੰਗਾ ਖਾਂਦੇ ਤੇ ਚੰਗਾ ਪਹਿਨਦੇ ਸਨ ਪਰ ਹਰੇ ਇੰਨਕਲਾਬ ਨੇ ਇਹ ਸਾਰੇ ਲੋਕ ਇੱਕਦਮ ਕਿਸਾਨੀ ਤੋਂ ਮਜਦੂਰ ਵਰਗ ਵਿੱਚ ਤਬਦੀਲ ਕਰ ਦਿੱਤੇ। ਕਿਸੇ ਖੇਤੀਬਾੜੀ ਯੂਨੀਵਰਸਿਟੀ ਜਾਂ ਹੋਰ ਸੰਸਥਾਂ ਵਲੋਂ ਕੋਈ ਕੀਤੀ ਸਟੱਡੀ ਰਿਪੋਰਟ ਮੇਰੇ ਧਿਆਨ ਵਿੱਚ ਨਹੀਂ ਆਈ ਕਿ ਇਹ ਵਰਤਾਰਾਂ ਕਿਵੇਂ ਵਾਪਰਿਆ,ਇਸ ਦਾ ਕੀ ਹੱਲ ਕੀਤਾ ਜਾਵੇ। ਹਮੇਸ਼ਾ ਦੀ ਤਰ੍ਹਾਂ ਗੈਰ ਸੰਗਠਿਤ ਹੋਣ ਕਾਰਣ ਇਹਨਾਂ ਮਜਦੂਰਾਂ ਦੇ ਪੁੱਤਰਾਂ ਨੇ ਅਰਬ-ਦੇਸ਼ਾਂ ਵੱਲ ਮੂੰਹ ਕਰ ਲਿਆ। ਕਈ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਪੜ੍ਹ-ਲਿਖ ਕੇ ਸਰਕਾਰੀ ਨੋਕਰੀਆਂ ਵਿੱਚ ਆ ਗਏ।
ਕਈਆਂ ਦਾ ਜੀਵਨ ਪੱਧਰ ਉੱਚਾ ਹੋ ਗਿਆ ਤਾਂ ਜਨਰਲ ਵਰਗ ਦੀ ਈਰਖਾ ਕਾਰਣ ਕਈ ਗੈਰ ਸੰਵਿਧਾਨਿਕ ਅੰਦੋਲਨ ਚੱਲ ਪਏ। ਕਈ ਰਾਖਵੇਕਰਣ ਦਾ ਆਧਾਰ ਆਰਥਿਕਤਾ,ਕਦੇ ਜਾਤੀ ਆਧਾਰਤ ਰਾਖਵੇਕਰਣ ਦੀ ਆਪਸੀ ਵੰਡ ਤੇ ਕਦੇ 85ਵੀਂ ਸੰਵਿਧਾਨਿਕ ਸੋਧ ਆਦਿ ਨੇ ਸਮਾਜ ਵਿੱਚ ਕਈ ਤਰ੍ਹਾਂ ਦੇ ਵਿਰੋਧਾ-ਭਾਸ ਪੈਦਾ ਕੀਤੇ। ਜਦੋਂ ਲੇਬਰ ਡੇ ਤੇ ਸਰਕਾਰੀ ਦਫਤਰਾਂ ਵਿੱਚ ਪਹਿਲੀ ਮਈ ਨੂੰ ਛੁੱਟੀ ਹੋਈ ਤਾਂ ਮਨ ਵਿੱਚ ਕਈ ਖਿਆਲ ਉਤਪੰਨ ਹੋਏ ਕਿ ਜੋ ਲੋਕ ਲੇਬਰ ਕਰਦੇ ਹਨ ਉਹਨਾਂ ਲਈ ਸਰਕਾਰ ਨੇ ਕੀ ਕੀਤਾ? ਛੁੱਟੀ ਦਾ ਲਾਭ ਲੇਬਰ ਨੂੰ ਕਿਵੇਂ ਮਿਲਿਆ? ਕੀ ਪਹਿਲੀ ਮਈ ਨੂੰ ਲੇਬਰ ਨੂੰ ਡਬਲ ਤਨਖਾਹ ਮਿਲੀ? ਕੀ ਅਣ-ਸੰਗਠਿਤ ਲੇਬਰ ਕਲਾਸ ਲਈ ਸਰਕਾਰ ਨੇ ਕੋਈ ਸਾਰਥਿਕ ਕਦਮ ਚੁੱਕਿਆ? ਕੋਈ ਲੁੱਟ ਖਸੁੱਟ ਰੋਕਣ ਲਈ ਕਨੂੰਨ ਬਣਾਇਆ? ਬਿਲਕੁਲ ਨਹੀਂ। ਚਾਰ ਕੁ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸਰਾਹੀਂ ਲੇਬਰ ਦੇ ਰੋਜ਼ਾਨਾ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰ ਦਿੱਤੇ। ਕਿਸੇ ਸਿਆਸੀ ਪਾਰਟੀ ਨੇ ਵਿਰੋਧ ਨਹੀਂ ਕੀਤਾ, ਕਿਸੇ ਮੀਡੀਆਂ ਨੇ ਟੀ.ਵੀ. ਤੇ ਡੀਬੇਟ ਨਹੀਂ ਕਰਵਾਏ।
ਕਿਸੇ ਕਿਸਾਨ ਜੱਥੇਬੰਦੀ ਨੇ ਮਜਦੂਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾਂ ਨਹੀਂ ਮਾਰਿਆ। ਕਿਸੇ ਨੂੰ ਬਾਬਾ ਨਾਨਕ ਯਾਦ ਨਹੀਂ ਆਇਆ, ਜਿਹਨਾਂ ਨੇ ਗਰੀਬਾਂ ਦੀ, ਕਿਰਤੀਆਂ ਦੀ, ਨੀਚ ਜਾਤੀਆਂ ਦੀ ਗੱਲ ਕੀਤੀ ਸੀ। ‘ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆ ਸੋ ਕਿਆ ਰੀਸ’। ਕੀ ਕੀਤਾ ਜਾਵੇ? ਇੱਥੇ ਰੋਲ ਆ ਜਾਂਦਾ ਹੈ ਡਾ. ਬਾਬਾ ਸਾਹਿਬ ਭੀਮ ਰਾਓ ਵਰਗੇ ਪੜ੍ਹੇ ਲਿਖੇ, ਸੁਹਿਰਦ ਵਿਅਕਤੀਆਂ ਦਾ ਜੋ ਦਿਲੋਂ ਮਹਿਸੂਸ ਕਰਨ ਕੇ ਭਾਰਤ ਇੱਕ ਸੱਭਿਅਕ ਦੇਸ਼ ਬਨਣਾ ਚਾਹੀਦਾ ਹੈ। ਕਿਉਂ ਅਸੀ ਇੰਤਜਾਰ ਕਰੀਏ ਕਿ ਕੋਈ ਏ.ਓ. ਹਿਓਮ ਆ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਨੀਂਹ ਰੱਖੇ ਤੇ ਦੇਸ਼ ਦੀ ਆਜਾਦੀ ਦੀ ਜੰਗ ਲੜੀ ਜਾਵੇ। ਕਿਉਂ ਡਾ. ਅੰਬੇਡਕਰ ਇਹ ਦਲਿਤ ਸਮਾਜ ਵਿੱਚ ਪੈਦਾ ਹੋ ਕੇ ਹੀ ਮਜਦੂਰਾਂ ਲਈ ਸੰਘਰਸ਼ ਕਰੇ? ਕਿਉਂ ਅਸੀ ਬਾਬਾ ਸਾਹਿਬ ਦੇ ਉਸ ਕਥਨ ਨੂੰ ਗਲਤ ਸਾਬਤ ਕਰਨ ਦਾ ਯਤਨ ਨਹੀਂ ਕਰਦੇ। ਜਦੋਂ ਉਹ ਕਹਿੰਦੇ ਸਨ, “ਇਹ ਆਸ ਰੱਖਣੀ ਕਿ ਇੱਕ ਬ੍ਰਾਹਮਣ ਸਮਾਜ ਸੁਧਾਰ ‘ਚ ਅੰਦੋਲਨਕਾਰੀ ਸਿੱਧ ਹੋਵੇਗਾ। ਉਸੇ ਤਰਾਂ ਬੇ ਮਤਲਬ ਹੈ ਜਿਵੇਂ ਇੰਗਲੈਂਡ ਦੀ ਪਾਰਲੀਮੈਂਟ ਤੋਂ ਇਹ ਉਮੀਂਦ ਕਰਨੀ ਕਿ ਉਹ ਇੱਕ ਅਜਿਹਾ ਐਕਟ ਪਾਸ ਕਰੇ ਜਿਸ ਤਹਿਤ ਸਾਰੇ ਅੰਗਰੇਜ਼ ਬੱਚੇ ਜਿਹਨਾਂ ਦੀਆਂ ਅੱਖਾਂ ਨੀਲੀਆਂ ਹਨ ਨੂੰ ਕਤਲ ਕਰ ਦਿੱਤਾ ਜਾਵੇ”।
ਲੇਕਿਨ ਬ੍ਰਾਹਮਣ ਨਾ ਸਹੀ, ਹੁਣ ਤਾਂ ਡਾਂ. ਅੰਬੇਡਕਰ ਦੇ ਰਾਖਵੇਂਕਰਣ ਦੀ ਬਦੌਲਤ ਹਜਾਰਾਂ ਨਹੀਂ ਲੱਖਾਂ ਲੋਕ ਪੜ੍ਹ-ਲਿਖ ਗਏ ਹਨ, ਵਿਦਵਾਨ ਬਣ ਗਏ ਹਨ, ਕੀ ਕਦੀ ਉਹਨਾਂ ਦੇ ਮਨਾਂ ਵਿੱਚ ਆਪਣੇ ਸਮਾਜ ਪ੍ਰਤੀ ਆਪਣੇ ਉਹਨਾਂ ਭਰਾਵਾਂ ਪ੍ਰਤੀ ਚੀਸ ਨਹੀਂ ਉੱਠਦੀ? ਅੱਜ ਦੇ ਯੁੱਗ ਵਿੱਚ ਸਰਕਾਰ ਦਾ ਰੋਲ ਪਰੋ-ਐਕਟਿਵ ਹੋਣਾ ਚਾਹੀਦਾ ਹੈ। ਕਾਨੂੰਨ ਵਿੱਚ ਕੁੱਝ ਸੋਧਾਂ ਕਰਨ ਦੀ ਲੋੜ ਹੈ। ਜਿਸ ਨਾਲ ਬਿਨ੍ਹਾਂ ਕਿਸੇ ਦਾ ਹੱਕ ਖੋਇਆ ਗਰੀਬਾਂ ਨਾਲ, ਮਜਦੂਰਾਂ ਨਾਲ ਕਾਮਿਆਂ ਨਾਲ ਇਨਸਾਫ ਹੋਵੇ, ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਿਆ ਜਾ ਸਕੇ।
ਕੁੱਝ ਸੁਝਾਅ ਹਨ:
- ਹਰ ਕਿਰਤੀ ਦਾ, ਮੁਲਾਜਮ ਦਾ, ਖੇਤ ਮਜਦੂਰ ਦਾ, ਘਰੇਲੂ ਨੌਕਰ ਦਾ, ਸਬਜ਼ੀ ਵਾਲੇ ਦਾ, ਰਿਹੜੀ ਵਾਲੇ ਦਾ, ਫੈਕਟਰੀ ਵਰਕਰ ਦਾ ਸੋਸ਼ਲ ਸਿਕਿਉਰਟੀ ਨੰਬਰ ਜਾਰੀ ਹੋਵੇ, ਇੱਕ ਕਾਰਡ ਜਾਰੀ ਹੋਵੇ ਤੇ ਉਹ ਸਾਰੀ ਉਮਰ ਬਦਲਿਆ ਨਾ ਜਾਵੇ।
- ਕਿਸੇ ਵੀ ਵਿਅਕਤੀ ਨੂੰ ਬਿਨ੍ਹਾ ਕਾਰਡ/ ਨੰਬਰ ਦੇ ਲੇਬਰ ਰੱਖਣਾ ਗੈਰ ਕਾਨੂੰਨੀ ਤੇ ਅਪਰਾਧਿਕ ਘੋਸ਼ਿਤ ਕਰ ਦਿੱਤਾ ਜਾਵੇ।
- ਹਰ ਕਾਮੇ ਲਈ ਪ੍ਰਾਈਵੇਟ ਫੰਡ ਕਾਇਮ ਹੋਵੇ, ਜਿਸ ਵਿੱਚ ਕੁਝ ਪ੍ਰਤੀਸ਼ਤ ਕੰਮ ਦੇਣ ਵਾਲਾ ਪਾਵੇ ਤੇ ਅਜਿਹੇ ਫੰਡ ਤੇ ਕੰਮ ਦੇਣ ਵਾਲੇ ਨੂੰ ਇੰਨਕਮ ਟੈਕਸ ਤੋਂ ਛੋਟ ਮਿਲੇ ਤਾਂ ਜੋ ਉਹ ਕਿਸੇ ਕਿਸਮ ਦੀ ਚੋਰੀ ਲਈ ਪਰੇਰਿਤ ਨਾ ਹੋਵੇ।
- ਪ੍ਰਾਈਵੇਟ ਫੰਡ ਦਾ 50% (ਪੰਜਾਹ ਪ੍ਰਤੀਸ਼ਤ) ਸਰਕਾਰ ਕਾਮੇ ਦੇ ਖਾਤੇ ਵਿੱਚ ਪਾਵੇ।
- ਸਰਕਾਰੀ ਮੁਲਾਜਮਾਂ ਵਾਂਗ ਖੇਤ ਮਜ਼ਦੂਰਾਂ ਲਈ ਘੱਟੋ – ਘੱਟ ਉਜਰਤ ਨੀਯਤ ਹੋਵੇ ਤਾਂ ਜੋ ਕੋਈ ਵੀ ਉਹਨਾਂ ਦਾ ਸੋਸ਼ਣ ਨਾ ਕਰ ਸਕੇ ।
- ਖੇਤ – ਮਜਦੂਰ, ਫੈਕਟਰੀ ਕਾਮੇ, ਘਰੇਲੂ ਕਾਮੇ ਜਾ ਔਰਤਾਂ ਲਈ ਸਰਕਾਰ ਵਿਸ਼ੇਸ਼ ਵੰਡ ਕਾਇਮ ਕਰੇ ਤਾਂ ਜੋ ਉਹ ਉਸ ਵਿੱਚੋਂ ਕਰਜਾ ਲੈ ਸਕਣ ਤੇ ਅਜਿਹਾ ਕਰਜਾ ਓਹਨਾਂ ਦੇ ਪ੍ਰਾਵੀਡੈਂਟ ਫੰਡ ਵਿੱਚੋਂ ਕੱਟਿਆ ਜਾਵੇ ਅਤੇ ਨਾ ਮੋੜਨਯੋਗ ਹੋਵੇ|
- ਲੇਬਰ ਡੇ ਆਦਿ ਤੇ ਸਰਕਾਰੀ ਮੁਲਾਜਮਾਂ ਦੀਆਂ ਛੁੱਟੀਆਂ ਖਤਮ ਕੀਤੀਆ ਜਾਣ ਤੇ ਸਿਰਫ ਕਾਮਿਆਂ ਨੂੰ ਹੀ ਤਨਖਾਹ ਸਮੇਤ ਛੁੱਟੀ ਦਿੱਤੀ ਜਾਵੇ।
- ਹਰ ਜਿਲਾ ਲੈਵਲ ਤੇ ਸਪੈਸ਼ਲ ਅਫਸਰਾਂ ਦੀ ਨਿਯੁਕਤੀ ਕੀਤੀ ਜਾਵੇ ਜੋ ਲੇਬਰ ਵੈਲਫੇਅਰ ਨੂੰ ਵਾਚਣ ਤੇ ਆਈ.ਏ.ਐਸ/ ਪੀ ਸੀ ਐਸ ਅਧਿਕਾਰੀਆਂ ਲਈ ਇਸ ਵਿੱਚ ਸ਼ੁਰੂਆਤੀ ਕੈਰੀਅਰ ਦੇ ਦੋ ਸਾਲ ਸੇਵਾ ਲਈ ਲਾਜਮੀ ਕਰਾਰ ਦਿੱਤੇ ਜਾਣ ।
- ਜੇਕਰ ਨੀਯਤ ਹੋਵੇ ਤਾਂ ਬਹੁਤ ਕੁੱਝ ਕੀਤਾ ਜਾ ਸਕਦਾ ਹੈ।
ਜੇਕਰ ਸੋਸ਼ਣ ਕਰਨ ਵਾਲਿਆ ਦਾ ਸਾਥ ਦੇਣਾ ਹੈ ਤਾਂ ਪਤਾ ਨਹੀਂ ਕਿੰਨੀਆ ਸਦੀਆ ਇੰਨਕਲਾਬ ਆਉਣ ਲਈ ਹੋਰ ਲੱਗ ਜਾਣਗੀਆਂ। ਅੱਜ ਅਜ਼ਾਦੀ ਤੋਂ ਬਾਅਦ ਜੋ ਵੀ ਬਦਲਾਅ ਆਇਆ ਹੈ, ਦੇਸ਼ ਦੇ ਸੰਵਿਧਾਨ ਕਾਰਣ ਆਇਆ ਹੈ। ਦੇਸ਼ ਦਾ ਸੰਵਿਧਾਨ ਪੜ੍ਹ ਕੇ ਜੇਕਰ ਉਸ ਨੂੰ ਹੀ ਅਮਲ ਵਿੱਚ ਲੈ ਆਂਦਾ ਜਾਵੇ ਤਾਂ ਹੋਰ ਕਿਸੇ ਅੰਦੋਲਨ ਦੀ ਲੋੜ ਨਹੀਂ ਹੈ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਜਿਸਦੀ ਗੱਲ ਦੇਸ਼ ਦੇ ਸੰਵਿਧਾਨ ਦਾ ਪਹਿਲਾ ਵਰਕਾ ਪ੍ਰਸਤਾਵਨਾ ਕਰਦਾ ਹੈ, ਉਸਨੂੰ ਪੜ੍ਹ ਲੈਣਾ ਤੇ ਲਾਗੂ ਕਰਨਾ ਹੀ ਕਾਫੀ ਹੋਵੇਗਾ।
(ਐਸ ਆਰ ਲੱਧੜ੍ਹ ਸੇਵਾ-ਮੁੱਕਤ ਆਈ ਏ ਐਸ ਅਧਿਕਾਰੀ ਹੈ)
test