ਰਾਜੀਵ ਸਚਾਨ
ਕੀ ਇਤਰਾਜ਼ਯੋਗ ਹੈ ਅਤੇ ਕੀ ਨਹੀਂ, ਕਿਉਂਕਿ ਜੋ ਕਿਸੇ ਲਈ ਅਸ਼ਲੀਲ ਹੁੰਦਾ ਹੈ, ਉਹ ਹੋਰਾਂ ਲਈ ਮਜ਼ੇਦਾਰ ਹੈ। ਜੋ ਕਿਸੇ ਲਈ ਇਤਰਾਜ਼ਯੋਗ ਜਾਂ ਅਪਮਾਨਜਨਕ ਹੁੰਦਾ ਹੈ, ਉਹ ਹੋਰਾਂ ਲਈ ਖ਼ਰੀ ਗੱਲ। ਇਸੇ ਤਰ੍ਹਾਂ ਜੋ ਕਿਸੇ ਲਈ ਅਭੱਦਰ-ਅਸ਼ਲੀਲ ਹੁੰਦਾ ਹੈ, ਉਹ ਹੋਰਾਂ ਲਈ ‘ਕੂਲ’।
ਕਾਮੇਡੀਅਨ ਸਮਯ ਰੈਨਾ ਦੇ ਯੂਟਿਊਬ ਚੈਨਲ ’ਤੇ ‘ਇੰਡੀਆਜ਼ ਗੋਟ ਲੇਟੈਂਟ’ ਪ੍ਰੋਗਰਾਮ ਦੌਰਾਨ ਇਕ ਹੋਰ ਯੂਟਿਊਬਰ ਰਣਵੀਰ ਇਲਾਹਾਬਾਦੀਆ ਵੱਲੋਂ ਕੀਤੀ ਗਈ ਬੇਹੱਦ ਘਟੀਆ ਟਿੱਪਣੀ ਦਾ ਮਾਮਲਾ ਫਿਰ ਤੋਂ ਸੁਪਰੀਮ ਕੋਰਟ ਵਿਚ ਸੁਣਿਆ ਗਿਆ। ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਨੂੰ ਆਪਣਾ ਪੋਡਕਾਸਟ ਸ਼ੁਰੂ ਕਰਨ ਦੀ ਆਗਿਆ ਤਾਂ ਦੇ ਦਿੱਤੀ ਪਰ ਉਸ ਨੇ ਸਮਯ ਰੈਨਾ ਨੂੰ ਖ਼ੂਬ ਖ਼ਰੀਆਂ-ਖੋਟੀਆਂ ਸੁਣਾਈਆਂ ਕਿਉਂਕਿ ਜੱਜਾਂ ਨੂੰ ਇਸ ਤੋਂ ਜਾਣੂ ਕਰਵਾਇਆ ਗਿਆ ਕਿ ਰੈਨਾ ਨੇ ਆਪਣੇ ਕੈਨੇਡਾ ਦੌਰੇ ਮੌਕੇ ਸੁਪਰੀਮ ਕੋਰਟ ਦੀ ਕਾਰਵਾਈ ’ਤੇ ਤਨਜ਼ ਕੱਸਿਆ ਹੈ। ਇਸ ਮਾਮਲੇ ਦੀ ਜਾਂਚ ਮੁੰਬਈ ਅਤੇ ਗੁਹਾਟੀ ਪੁਲਿਸ ਵੀ ਕਰ ਰਹੀ ਹੈ। ਕਹਿਣਾ ਮੁਸ਼ਕਲ ਹੈ ਕਿ ਉਹ ਕਿਸ ਨਤੀਜੇ ’ਤੇ ਪੁੱਜੇਗੀ। ਇਹ ਕਹਿਣਾ ਵੀ ਮੁਸ਼ਕਲ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਵਿਚ ਕੀ ਕਰੇਗਾ ਪਰ ਫ਼ਿਲਹਾਲ ਇਹ ਦਿਸ ਰਿਹਾ ਹੈ ਕਿ ਉਸ ਨੇ ਸਖ਼ਤ ਵਤੀਰਾ ਅਪਣਾਇਆ ਹੋਇਆ ਹੈ। ਉਸ ਨੇ ਸਰਕਾਰ ਨੂੰ ਫਿਰ ਕਿਹਾ ਹੈ ਕਿ ਉਹ ਯੂਟਿਊਬ ਚੈਨਲਾਂ ਅਤੇ ਹੋਰ ਆਨਲਾਈਨ ਪਲੇਟਫਾਰਮਾਂ ਦੀ ਸਮੱਗਰੀ ਦਾ ਨਿਯਮਨ ਕਰੇ। ਉਹ ਇਸ ਮਸਲੇ ’ਤੇ ਕਿੰਨਾ ਗੰਭੀਰ ਹੈ, ਇਸ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਉਸ ਨੇ ਸਰਕਾਰ ਨੂੰ ਇਸ ਦਾ ਖਰੜਾ ਤਿਆਰ ਕਰਨ ਵਾਸਤੇ ਕਿਹਾ ਹੈ।
ਜੇ ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ ਸਰਕਾਰ ਇਸ ਦਿਸ਼ਾ ਵਿਚ ਕੋਈ ਪਹਿਲ ਕਰਦੀ ਹੈ ਤਾਂ ਇਸ ਵਿਰੁੱਧ ਇਹ ਕਹਿੰਦੇ ਹੋਏ ਰੌਲਾ ਪੈ ਸਕਦਾ ਹੈ ਕਿ ਇਸ ਨਾਲ ਪ੍ਰਗਟਾਵੇ ਦੀ ਆਜ਼ਾਦੀ ਪ੍ਰਭਾਵਿਤ ਹੋ ਸਕਦੀ ਹੈ। ਉਂਜ ਤਾਂ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਨਿਯਮਨ ਦੇ ਉਪਾਅ ਸੈਂਸਰਸ਼ਿਪ ਵਰਗੇ ਨਹੀਂ ਲੱਗਣੇ ਚਾਹੀਦੇ ਪਰ ਇਸ ਦੇ ਪੂਰੇ ਆਸਾਰ ਹਨ ਕਿ ਇਸ ਦਿਸ਼ਾ ਵਿਚ ਸਰਕਾਰ ਦੀ ਕਿਸੇ ਵੀ ਪਹਿਲ ’ਤੇ ਅਜਿਹੇ ਸਵਾਲ ਜ਼ਰੂਰ ਉੱਠਣਗੇ ਕਿ ਪ੍ਰਗਟਾਵੇ ਦੀ ਆਜ਼ਾਦੀ ਵਿਚ ਰੁਕਾਵਟ ਪਾਈ ਜਾ ਰਹੀ ਹੈ। ਸਭ ਜਾਣਦੇ ਹਨ ਕਿ ਪ੍ਰਗਟਾਵੇ ਦੀ ਆਜ਼ਾਦੀ ਅਸੀਮਤ ਨਹੀਂ ਹੁੰਦੀ ਪਰ ਹੱਦ ਦੀ ਉਲੰਘਣਾ ਕਦ ਹੁੰਦੀ ਹੈ, ਇਹ ਤੈਅ ਕਰਨਾ ਸਦਾ ਮੁਸ਼ਕਲ ਹੋ ਜਾਂਦਾ ਹੈ। ਕੀ ਇਤਰਾਜ਼ਯੋਗ ਹੈ ਅਤੇ ਕੀ ਨਹੀਂ, ਕਿਉਂਕਿ ਜੋ ਕਿਸੇ ਲਈ ਅਸ਼ਲੀਲ ਹੁੰਦਾ ਹੈ, ਉਹ ਹੋਰਾਂ ਲਈ ਮਜ਼ੇਦਾਰ ਹੈ। ਜੋ ਕਿਸੇ ਲਈ ਇਤਰਾਜ਼ਯੋਗ ਜਾਂ ਅਪਮਾਨਜਨਕ ਹੁੰਦਾ ਹੈ, ਉਹ ਹੋਰਾਂ ਲਈ ਖ਼ਰੀ ਗੱਲ। ਇਸੇ ਤਰ੍ਹਾਂ ਜੋ ਕਿਸੇ ਲਈ ਅਭੱਦਰ-ਅਸ਼ਲੀਲ ਹੁੰਦਾ ਹੈ, ਉਹ ਹੋਰਾਂ ਲਈ ‘ਕੂਲ’। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਸਮਯ ਰੈਨਾ, ਰਣਵੀਰ ਇਲਾਹਾਬਾਦੀਆ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕਾਰਵਾਈ ਦਾ ਅਨੇਕ ਲੋਕ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਆਖ਼ਰ ਅਸ਼ਲੀਲਤਾ ਲਈ ਕਿਸੇ ਨੂੰ ਜੇਲ੍ਹ ਵਿਚ ਕਿਵੇਂ ਸੁੱਟਿਆ ਜਾ ਸਕਦਾ ਹੈ? ਕੁਝ ਇਹ ਕਹਿ ਰਹੇ ਹਨ ਕਿ ਇਸ ਮਾਮਲੇ ਵਿਚ ਪੁਲਿਸ ਅਤੇ ਅਦਾਲਤ ਆਪਣਾ ਸਮਾਂ ਜ਼ਾਇਆ ਕਰ ਰਹੀਆਂ ਹਨ ਅਤੇ ਆਖ਼ਰ ਰੈਨਾ ਅਤੇ ਇਲਾਹਾਬਾਦੀਆ ਨੇ ਲੋਕਾਂ ਨੂੰ ਆਪਣਾ ਸ਼ੋਅ ਦੇਖਣ ਲਈ ਸੱਦਿਆ ਤਾਂ ਨਹੀਂ ਸੀ। ਕੁਝ ਲੋਕ ਇਹ ਵੀ ਪੁੱਛ ਰਹੇ ਹਨ ਕਿ ਕੀ ਰੈਨਾ, ਇਲਾਹਾਬਾਦੀਆ ਆਦਿ ਨੂੰ ਜੇਲ੍ਹ ਭੇਜ ਦੇਣ ਨਾਲ ਗ਼ਰੀਬੀ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਉਨ੍ਹਾਂ ਦੇ ਕਹਿਣ ਦਾ ਇਹ ਅਰਥ ਹੈ ਕਿ ਪੁਲਿਸ ਜਾਂ ਅਦਾਲਤ ਨੂੰ ਇਸ ਵਿਵਾਦ ਵਿਚ ਨਹੀਂ ਪੈਣਾ ਚਾਹੀਦਾ। ਕੀ ਵਾਕਈ ਨਹੀਂ ਪੈਣਾ ਚਾਹੀਦਾ?
ਇਸ ਦਾ ਵੀ ਕੋਈ ਸਿੱਧਾ ਜਵਾਬ ਨਹੀਂ ਪਰ ਇੰਨਾ ਤਾਂ ਤੈਅ ਹੈ ਕਿ ਅਨੇਕ ਕਾਮੇਡੀਅਨ, ਇਨਫਲੂਐਂਸਰ ਵਰਗੇ ਜਿਹੋ ਜਿਹੀ ਆਨਲਾਈਨ ਅਸ਼ਲੀਲਤਾ ਫੈਲਾਈ ਜਾ ਰਹੇ ਹਨ, ਉਸ ਦੀ ਅਣਦੇਖੀ ਕਰਨ ਨਾਲ ਵੀ ਕੋਈ ਸਮੱਸਿਆ ਸੁਲਝਣ ਵਾਲੀ ਨਹੀਂ। ਇਸ ਦਾ ਇਹ ਵੀ ਮਤਲਬ ਨਹੀਂ ਕਿ ਰੈਨਾ, ਇਲਾਹਾਬਾਦੀਆ ਆਦਿ ਨੂੰ ਜੇਲ੍ਹ ਵਿਚ ਸੁੱਟ ਦੇਣਾ ਸਮੱਸਿਆ ਦਾ ਸਹੀ ਹੱਲ ਹੈ। ਜੋ ਲੋਕ ਇਹ ਚਾਹੁੰਦੇ ਹਨ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਅਸ਼ਲੀਲ-ਹੋਛੀ ਆਨਲਾਈਨ ਸਮੱਗਰੀ ਦੀ ਅਣਦੇਖੀ ਕਰ ਦਿੱਤੀ ਜਾਵੇ, ਉਨ੍ਹਾਂ ਦੀ ਤਰਫ਼ਦਾਰੀ ਕਰਨਾ ਵੀ ਮੁਸ਼ਕਲ ਹੈ ਕਿਉਂਕਿ ਅਨੇਕ ਕਥਿਤ ਕਾਮੇਡੀਅਨ ਅਤੇ ਇਨਫਲੂਐਂਸਰ ਆਨਲਾਈਨ ਪਲੇਟਫਾਰਮਾਂ ’ਤੇ ਡਟ ਕੇ ਗੰਦਗੀ ਪਰੋਸ ਰਹੇ ਹਨ। ਅਜਿਹਾ ਕਰ ਕੇ ਉਹ ਪੈਸਾ ਤਾਂ ਬਣਾ ਹੀ ਰਹੇ ਹਨ ਬਲਕਿ ਪ੍ਰਚਾਰ ਤੇ ਪ੍ਰਸਿੱਧੀ ਵੀ ਹਾਸਲ ਕਰ ਰਹੇ ਹਨ। ਉਹ ਟੀਵੀ ਸ਼ੋਅਜ਼ ਵਿਚ ਪ੍ਰਤੀਭਾਗੀ ਜਾਂ ਮਹਿਮਾਨ ਦੇ ਤੌਰ ’ਤੇ ਸੱਦੇ ਜਾਣ ਲੱਗੇ ਹਨ। ਸਮਯ ਰੈਨਾ ਕੁਝ ਸਮਾਂ ਪਹਿਲਾਂ ਹੀ ‘ਕੌਨ ਬਨੇਗਾ ਕਰੋੜਪਤੀ’ ਵਿਚ ਪ੍ਰਗਟ ਹੋਇਆ ਸੀ। ਕੋਈ ਵੀ ਸਮਝ ਸਕਦਾ ਹੈ ਕਿ ਉਸ ਨੂੰ ਇਸ ਲਈ ਸੱਦਿਆ ਗਿਆ ਤਾਂ ਕਿ ‘ਕੌਨ ਬਨੇਗਾ ਕਰੋੜਪਤੀ’ ਦੇ ਦਰਸ਼ਕ ਵਧਣ। ਭਾਵੇਂ ਹੀ ਅਜਿਹੇ ਲੋਕ ਇਨਫਲੂਐਂਸਰ ਕਹੇ ਜਾਂਦੇ ਹੋਣ ਪਰ ਇਹ ਸਮਝਣਾ ਮੁਸ਼ਕਲ ਹੈ ਕਿ ਉਹ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਦੁਖੀ ਕਰਦੇ ਹਨ? ਯੂਟਿਊਬ, ਇੰਸਟਾਗ੍ਰਾਮ, ਟਵਿੱਟਰ (ਐਕਸ) ਵਰਗੇ ਪਲੇਟਫਾਰਮਾਂ ’ਤੇ ਬੇਹੂਦਾ, ਅਸ਼ਲੀਲ ਕੰਟੈਂਟ ਦੀ ਭਰਮਾਰ ਹੈ। ਪੋਰਨੋਗ੍ਰਾਫੀ ਨੂੰ ਲੈ ਕੇ ਹਰ ਦੇਸ਼ ਨੇ ਭਾਵੇਂ ਹੀ ਆਪੋ-ਆਪਣੇ ਕਾਇਦੇ-ਕਾਨੂੰਨ ਬਣਾਏ ਹੋਣ ਪਰ ਆਨਲਾਈਨ ਪਲੇਟਫਾਰਮਾਂ ਨੇ ਉਨ੍ਹਾਂ ਨੂੰ ਬੇਮਾਅਨਾ ਸਾਬਿਤ ਕਰ ਦਿੱਤਾ ਹੈ।
ਇਹ ਨਿਰਾ ਝੂਠ ਹੈ ਕਿ ਆਨਲਾਈਨ ਪਲੇਟਫਾਰਮ ਬੇਹੂਦਗੀ ਤੇ ਅਸ਼ਲੀਲਤਾ ਨੂੰ ਲੈ ਕੇ ਸੰਵੇਦਨਸ਼ੀਲ ਹਨ। ਉਹ ਅਜਿਹਾ ਦਾਅਵਾ ਭਾਵੇਂ ਹੀ ਕਰਦੇ ਹੋਣ ਪਰ ਸੱਚ ਇਹੀ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਤਰ੍ਹਾਂ ਦੀ ਸਮੱਗਰੀ ਦੇਖਣ। ਇਹ ਇਸੇ ਲਈ ਹੈ ਕਿਉਂਕਿ ਇਨ੍ਹਾਂ ਪਲੇਟਫਾਰਮਾਂ ਨੇ ਇਸ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਇਹ ਪਲੇਟਫਾਰਮ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਉਹ ਤਾਂ ਜ਼ਰੀਆ ਜਿਹਾ ਹੀ ਹਨ ਯਾਨੀ ਉਨ੍ਹਾਂ ਦਾ ਕੰਮ ਡਾਕੀਏ ਵਰਗਾ ਹੈ। ਇਸੇ ਕਾਰਨ ਇਨ੍ਹਾਂ ਪਲੇਟਫਾਰਮਾਂ ਦਾ ਇਸਤੇਮਾਲ ਨਫ਼ਰਤੀ ਅਤੇ ਅਰਾਜਕ ਅਨਸਰਾਂ ਦੇ ਨਾਲ-ਨਾਲ ਅੱਤਵਾਦੀ ਵੀ ਕਰਦੇ ਰਹਿੰਦੇ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਆਨਲਾਈਨ ਪਲੇਟਫਾਰਮ ਬੇਲਗਾਮ ਹਨ ਅਤੇ ਉਹ ਕਿਸੇ ਨਿਯਮ-ਕਾਨੂੰਨ ਦੀ ਪਰਵਾਹ ਨਹੀਂ ਕਰਦੇ। ਇਸੇ ਕਾਰਨ ਉਹ ਫੇਕ ਨਿਊਜ਼ ਦਾ ਸਭ ਤੋਂ ਵੱਡਾ ਜ਼ਰੀਆ ਬਣੇ ਹੋਏ ਹਨ। ਹੁਣ ਜਦ ਇਸ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਬੇਹੂਦਗੀ ਫੈਲਾਉਣ ਦੇ ਮਾਮਲੇ ਵਿਚ ਸਰਕਾਰ ਅਤੇ ਸੁਪਰੀਮ ਕੋਰਟ ਕੀ ਕਰਦੇ ਹਨ ਤਦ ਇਹ ਵੀ ਦੇਖਣਾ ਹੋਵੇਗਾ ਕਿ ਸਮਾਜ ਕੀ ਕਰਦਾ ਹੈ ਕਿਉਂਕਿ ਆਨਲਾਈਨ ਪਲੇਟਫਾਰਮਾਂ ’ਤੇ ਜਿਹੋ ਜਿਹੀ ਸਮੱਗਰੀ ਜ਼ਿਆਦਾ ਦੇਖੀ ਜਾਂਦੀ ਹੈ, ਉਹੋ ਜਿਹੀ ਹੀ ਵਧੇਰੇ ਪ੍ਰਸਾਰਤ ਹੁੰਦੀ ਹੈ। ਕਿਉਂਕਿ ਬੇਹੂਦਾ ਸਮੱਗਰੀ ਦੇਖੀ ਜਾ ਰਹੀ ਹੈ, ਇਸ ਲਈ ਉਹ ਪਰੋਸੀ ਵੀ ਜਾ ਰਹੀ ਹੈ।
– (ਲੇਖਕ ‘ਦੈਨਿਕ ਜਾਗਰਣ’ ਵਿਚ ਐਸੋਸੀਏਟ ਐਡੀਟਰ ਹੈ)
Credit : https://www.punjabijagran.com/editorial/general-it-is-difficult-to-deal-with-online-filth-online-platforms-are-not-caring-about-any-rules-and-laws-9463592.html
test