ਲਹਿੰਦੇ ਪੰਜਾਬ ਦੇ ਕਸੂਰ ਜ਼ਿਲ੍ਹੇ ’ਚ ਮੀਂਹ ਤੇ ਹੜ੍ਹਾਂ ਕਰਕੇ ਇਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤ ਡਿੱਗ ਪਈ ਹੈ। ਉਸ ਦਾ ਹੁਣ ਬਹੁਤ ਥੋੜ੍ਹਾ ਜਿਹਾ ਹਿੱਸਾ ਬਚਿਆ ਹੈ। ਲਾਹੌਰ-ਫ਼ਿਰੋਜ਼ਪੁਰ ਰੋਡ ’ਤੇ ਸਥਿਤ ਲਾਲਯਾਨੀ ਕਸਬੇ ਲਾਗਲੇ ਪਿੰਡ ਦਫ਼ਤੂ ਸਥਿਤ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਮਹੱਤਵ ਇਹ ਹੈ ਕਿ ਜਦੋਂ ਪਿੰਡ ਪੰਡੋਰੀ ਦੇ ਚੌਧਰੀਆਂ ਨੇ ਇਨਕਲਾਬੀ ਦਾਰਸ਼ਨਿਕ ਅਤੇ ਸੂਫ਼ੀ ਸ਼ਾਇਰ ਬੁੱਲ੍ਹੇ ਸ਼ਾਹ ਦੀ ਬਾਗ਼ੀਆਨਾ ਸੁਰ ਕਾਰਨ ਉਨ੍ਹਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ, ਤਦ ਉਨ੍ਹਾਂ ਨੇ ਇਸੇ ਗੁਰੂਘਰ ’ਚ ਪਨਾਹ ਲਈ ਸੀ।
ਇਸ ਤੋਂ ਪਹਿਲਾਂ ਲਾਹੌਰ ਲਾਗਲੇ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਵੀ ਵਰਖਾ ਕਾਰਨ ਢਹਿ-ਢੇਰੀ ਹੋ ਗਈ ਸੀ। ਓਧਰ ਪਾਕਿਸਤਾਨੀ ਪੰਜਾਬ ਦੇ ਹੀ ਸਾਹੀਵਾਲ ਜ਼ਿਲ੍ਹੇ ਦੇ ਪਾਕਪੱਟਨ ਇਲਾਕੇ ਦੇ ਗੁਰਦੁਆਰਾ ਸ੍ਰੀ ਟਿੱਬਾ ਨਾਨਕਸਰ ਸਾਹਿਬ ਦੀ ਇਮਾਰਤ ਹੁਣ ਅਤਿ ਖ਼ਸਤਾ ਹੋ ਗਈ ਹੈ ਤੇ ਉਹ ਕਿਸੇ ਵੇਲੇ ਵੀ ਢਹਿ ਸਕਦੀ ਹੈ। ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਰਿਹਾ ਹੈ। ਅਜਿਹੇ ਇਤਿਹਾਸਕ ਤੱਥ ਮੌਜੂਦ ਹਨ ਕਿ ਗੁਰੂ ਜੀ ਨੇ ਬਾਬਾ ਫ਼ਰੀਦ ਜੀ ਦੀ ਬਾਣੀ ਇੱਥੇ ਹੀ ਬਾਬਾ ਇਬਰਾਹਿਮ ਫ਼ਰੀਦ ਸਾਨੀ ਤੋਂ ਲਈ ਸੀ ਜਿਸ ਨੂੰ ਬਾਅਦ ’ਚ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਲ ਕੀਤਾ ਸੀ।
ਗੁਰਧਾਮਾਂ ਦੀ ਇਸ ਅਣਦੇਖੀ ਤੋਂ ਇਤਿਹਾਸਕ ਤੇ ਵਿਰਾਸਤੀ ਗੁਰਦੁਆਰਾ ਸਾਹਿਬਾਨ ਪ੍ਰਤੀ ਪਾਕਿਸਤਾਨ ਸਰਕਾਰ ਦੀ ਸੋਚ ਤੇ ਪਹੁੰਚ ਦਾ ਅੰਦਾਜ਼ਾ ਲੱਗਦਾ ਹੈ। ਪਾਕਿਸਤਾਨ ਦੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਉਦਾਸੀਨ ਰਵੱਈਏ ਕਾਰਨ ਹੁਣ ਉੱਥੇ ਪੋਟਿਆਂ ’ਤੇ ਗਿਣੇ ਜਾਣ ਜੋਗੇ ਸਿੱਖ ਰਹਿ ਗਏ ਹਨ। ਹੁਣ ਉਹੀ ਹਾਲ ਪਾਕਿ ਸਰਕਾਰ ਵੀ ਕਰਨਾ ਚਾਹੁੰਦੀ ਹੈ। ਨਿੱਤ ਸਿੱਖਾਂ ਨੂੰ ਅਗ਼ਵਾ ਤੇ ਕਤਲ ਕਰਨ ਦੀਆਂ ਖ਼ਬਰਾਂ ਆ ਜਾਂਦੀਆਂ ਹਨ। ਇਸੇ ਲਈ ਘੱਟ-ਗਿਣਤੀਆਂ ਨਾਲ ਸਬੰਧਤ ਭਾਈਚਾਰੇ ਪਾਕਿਸਤਾਨ ਦੀ ਧਰਤੀ ਨੂੰ ਹੁਣ ਸਦਾ ਲਈ ਅਲਵਿਦਾ ਆਖਦੇ ਜਾ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਦੀ ਹਾਲਤ ਇਸ ਵੇਲੇ ਖ਼ਸਤਾ ਚੱਲ ਰਹੀ ਹੈ, ਉਨ੍ਹਾਂ ਵੱਲ ਉਸ ਦੇਸ਼ ਦੀ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਪਰ ਉਨ੍ਹਾਂ ਲਾਗੇ ਸਥਿਤ ਸਾਰੀਆਂ ਮਸਜਿਦਾਂ ਦੀ ਮੁਰੰਮਤ ਅਤੇ ਸਫ਼ੇਦੀ ਲਗਾਤਾਰ ਹੁੰਦੀ ਰਹਿੰਦੀ ਹੈ। ਸਰਕਾਰੀ ਲਾਪਰਵਾਹੀ ਕਾਰਨ ਹੀ ਦਫ਼ਤੂ ਲਾਗਲੇ ਗੁਰੂਘਰ ਦੀ ਹਾਲਤ ਤਾਂ ਇੱਥੋਂ ਤਕ ਵਿਗੜੀ ਹੋਈ ਹੈ ਕਿ ਪਿੰਡ ਵਾਸੀ ਆਪਣੇ ਡੰਗਰ-ਵੱਛੇ ਉੱਥੇ ਬੰਨ੍ਹਣ ਲੱਗ ਪਏ ਹਨ ਅਤੇ ਉੱਥੇ ਚੁਫ਼ੇਰੇ ਪਾਥੀਆਂ ਦੇ ਢੇਰ ਲੱਗੇ ਵੇਖੇ ਜਾ ਸਕਦੇ ਹਨ। ਗੁਰਦੁਆਰਾ ਸਾਹਿਬ ਦੇ ਕਮਰਿਆਂ ’ਚ ਹਰ ਪਾਸੇ ਗੰਦਗੀ ਤੇ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਹੋਰ ਕੁਝ ਵਿਖਾਈ ਨਹੀਂ ਦਿੰਦਾ। ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੀ ਜ਼ਿੰਮੇਵਾਰੀ ਸਿੱਖ ਧਾਰਮਿਕ ਤੇ ਤੀਰਥ ਅਸਥਾਨਾਂ ਦੀ ਦੇਖਭਾਲ ਕਰਨਾ ਤੇ ਮੁਰੰਮਤ ਕਰਵਾਉਣਾ ਹੀ ਹੈ ਪਰ ਇਸ ਬੋਰਡ ਦਾ ਮੁਖੀ ਕਿਉਂਕਿ ਕਦੇ ਕਿਸੇ ਸਿੱਖ ਨੂੰ ਨਹੀਂ ਬਣਾਇਆ ਗਿਆ, ਇਸੇ ਲਈ ਉਸ ਦੇਸ਼ ਦੇ ਗੁਰੂਘਰਾਂ ਵੱਲ ਜਾਣਬੁੱਝ ਕੇ ਕਦੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ।
ਸਿਰਫ਼ ਦੇਸ਼ ਦੇ ਮੁੱਖ ਗੁਰਦੁਆਰਾ ਸਾਹਿਬਾਨ ਵੱਲ ਹੀ ਥੋੜ੍ਹਾ-ਬਹੁਤ ਧਿਆਨ ਦਿੱਤਾ ਜਾਂਦਾ ਹੈ। ਉਸ ਵਿਚ ਵੀ ਦੇਸ਼-ਵਿਦੇਸ਼ ਦੀ ਸੰਗਤ ਆਪਣਾ ਵਡਮੁੱਲਾ ਯੋਗਦਾਨ ਪਾਉਂਦੀ ਹੈ। ਜਿਸ ਦੇਸ਼ ਦੀ ਸਥਾਪਨਾ ਹੀ ਧਰਮ ਦੇ ਆਧਾਰ ’ਤੇ ਹੋਈ ਹੋਵੇ, ਉੱਥੇ ਕਿਸੇ ਧਾਰਮਿਕ ਅਸਥਾਨ ਦੀ ਇੰਜ ਬੇਕਦਰੀ ਹੋਵੇ ਤੇ ਬੇਅਦਬੀ ਹੋਵੇ, ਫਿਰ ਤਾਂ ਇਹੋ ਆਖਿਆ ਜਾ ਸਕਦਾ ਹੈ ਕਿ ‘ਰੱਬ ਰਾਖਾ’।
ਆਭਾਰ : https://www.punjabijagran.com/editorial/general-gurdhams-are-being-neglected-in-pakistan-9257896.html
test