ਤਾਨੀਆ ਸੰਘਾ
ਪੰਜਾਬੀ ਦੋਗਾਣਾ ਕਾਫ਼ੀ ਪੁਰਾਣੀ ਹੈ ਅਤੇ ਇਸ ਦੀਆਂ ਜੜ੍ਹਾਂ ਰਵਾਇਤੀ ਲੋਕ ਸੰਗੀਤ ਵਿੱਚ ਹਨ, ਪਰ ਪੰਜਾਬ ਤੋਂ ਬਾਹਰ ਹਮੇਸ਼ਾ ਅਜਿਹਾ ਨਹੀਂ ਰਿਹਾ ਹੈ।
ਉਸ ਸਮੇਂ ਮਰਦਾਂ ਅਤੇ ਔਰਤਾਂ ਦੇ ਦੋਗਾਣੇ ਅਤੇ ਹਾਰਮੋਨੀਅਮ, ਅਕਾਰਡੀਅਨ ਅਤੇ ਗਿਟਾਰ ਦੀਆਂ ਆਵਾਜ਼ਾਂ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਨ।
1970 ਅਤੇ 1980 ਦੇ ਦਹਾਕੇ ਨੂੰ ਇਸਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ। ਉਸ ਦੌਰਾਨ ਭੰਗੜੇ ਨੂੰ ਆਧੁਨਿਕ ਸ਼ਹਿਰੀ ਧੁਨਾਂ ਵਿੱਚ ਢਾਲਿਆ ਗਿਆ ਅਤੇ ਮਿਲਾਇਆ ਗਿਆ।
ਲੇਕਿਨ ਜਿਵੇਂ-ਜਿਵੇਂ ਇਸ ਸ਼ੈਲੀ ਨੇ ਵਿਕਾਸ ਕੀਤਾ, ਇਸ ਦਾ ਮੁਹਾਂਦਰਾ ਘੜਨ ਵਿੱਚ ਮਦਦ ਕਰਨ ਵਾਲੇ ਦੋਗਾਣੇ ‘ਪੁਰਾਣੇ’ ਜਾਪਣ ਲੱਗੇ ਪਰ ਸ਼ਾਇਦ ਹੁਣ ਉਹ ਵਾਪਸੀ ਕਰ ਸਕਦੇ ਹਨ।
ਹਾਲ ਹੀ ਵਿੱਚ ਆਏ ਗਾਣੇ ‘ਫਾਰਐਵਰ’ ਦੇ ਪਿੱਛੇ ਬ੍ਰਿਟਿਸ਼ ਏਸ਼ੀਆਈ ਰਿਕਾਰਡ ਨਿਰਮਾਤਾ ਮੰਨੀ ਸੰਧੂ ਦਾ ਹੱਥ ਹੈ।
ਇਹ ਗੀਤ ਗਾਇਕ ਤੇਗੀ ਪੰਨੂ ਅਤੇ ਪ੍ਰੇਮ ਲਤਾ ਦਾ ਦੋਗਾਣਾ ਹੈ, ਜੋ ਕਿ ਲਗਾਤਾਰ ਪੰਜ ਹਫ਼ਤਿਆਂ ਤੱਕ ਅਧਿਕਾਰਤ ਬ੍ਰਿਟਿਸ਼ ਏਸ਼ੀਅਨ ਚਾਰਟ ਵਿੱਚ ਸਿਖਰ ’ਤੇ ਰਿਹਾ ਹੈ।
ਇਸ ਨੂੰ ਸਪੌਟੀਫਾਈ ਅਤੇ ਯੂਟਿਯੂਬ ’ਤੇ ਕੁੱਲ ਮਿਲਾ ਕੇ ਤਿੰਨ ਕਰੋੜ ਤੋਂ ਵੱਧ ਵਾਰ ਵਜਾਇਆ ਗਿਆ। ਇਹ ਗਲੋਬਲ ਏਸ਼ੀਅਨ ਮਿਊਜ਼ਿਕ ਚਾਰਟ ਵਿੱਚ ਦੂਜੇ ਨੰਬਰ ’ਤੇ ਰਿਹਾ ਹੈ।
ਮੰਨੀ ਨੇ ਬੀਬੀਸੀ ਏਸ਼ੀਅਨ ਨੈੱਟਵਰਕ ਨੂੰ ਕਿਹਾ, ‘‘ਦੋਗਾਣਾ ਗਾਇਕੀ ਦਾ ਦੌਰ ਯਕੀਨਨ ਵਾਪਸ ਆ ਰਿਹਾ ਹੈ।’’
ਦੋਗਾਣਾ ਗਾਇਕੀ ਦਾ ਦੌਰ ਕਿਵੇਂ ਵਾਪਸ ਆ ਰਿਹਾ ਹੈ ?
ਮੰਨੀ ਨੂੰ ਲੱਗਦਾ ਹੈ ਕਿ ‘ਫਾਰਐਵਰ’ ਦੀ ਪ੍ਰਸਿੱਧੀ ਉਸ ਤਰ੍ਹਾਂ ਦੇ ਪੰਜਾਬੀ ਲੋਕ ਸੰਗੀਤ ਪ੍ਰਤੀ ਵੱਧਦੀ ਚਾਹਤ ਦੇ ਕਾਰਨ ਹੈ ਜੋ ਕਈ ਦਹਾਕਿਆਂ ਪਹਿਲਾਂ ਬਹੁਤ ਪਸੰਦ ਕੀਤੀ ਜਾਂਦੀ ਸੀ।
ਉਹ ਕਹਿੰਦੇ ਹਨ, ‘‘ਸਾਡੀ ਸਨਅਤ ਯਕੀਨੀ ਤੌਰ ਉਪਰ ਇੱਕ ਅਜਿਹੇ ਦੌਰ ਵਿੱਚੋਂ ਲੰਘੀ ਹੈ ਜਿੱਥੇ ਅਸੀਂ ਪੱਛਮ ਦੀ ਨਕਲ ਕਰਨ ਅਤੇ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ।’’
‘‘ਪਰ ਇਹ ਕਦੇ ਵੀ ਉਸ ਤਰ੍ਹਾਂ ਨਹੀਂ ਹੋਣ ਵਾਲਾ ਸੀ ਕਿਉਂਕਿ ਇਹ ਪ੍ਰਮਾਣਿਕ ਨਹੀਂ ਹੈ।
‘‘ਮੈਨੂੰ ਲੱਗਦਾ ਹੈ ਕਿ ਪਿਛਲੇ ਛੇ-ਸੱਤ ਮਹੀਨਿਆਂ ਵਿੱਚ ਜੋ ਸੰਗੀਤ ਸਾਹਮਣੇ ਆਇਆ ਹੈ, ਉਸ ਵਿੱਚ ਨਿਸ਼ਚਤ ਤੌਰ ‘ਤੇ ਜ਼ਿਆਦਾ ਰਵਾਇਤੀ ਧੁਨਾਂ ਹਨ।’’
ਉਨ੍ਹਾਂ ਦਾ ਕਹਿਣਾ ਹੈ ਕਿ ‘ਫਾਰਐਵਰ’ ਦੀਆਂ ਧੁਨਾਂ ‘ਥੋੜ੍ਹੀਆਂ ਸ਼ਹਿਰੀ’ ਹਨ, ਪਰ ਗਾਇਕੀ ਅਤੇ ਬੋਲਾਂ ਵਿੱਚ ‘ਪ੍ਰਮਾਣਿਕ ਪੁਰਾਣਾ ਪੰਜਾਬੀ ਸੰਗੀਤ ਮੌਜੂਦ ਹੈ।
ਮੰਨੀ ਨੇ ਅੱਗੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਇਸ ਦਾ ਸੰਗੀਤ ਜ਼ਿਆਦਾਤਰ ਲੋਕ ਸੰਗੀਤ ਵਰਗਾ ਹੈ ਕਿਉਂਕਿ ਅਜਿਹਾ ਹੀ ਹੋਣਾ ਚਾਹੀਦਾ ਹੈ।’’
ਇਸ ਦੀਆਂ ਮੂਲ ਲੋਕ ਧੁਨਾਂ ਅਮਰ ਸਿੰਘ ਚਮਕੀਲਾ ਤੋਂ ਕਾਫ਼ੀ ਪ੍ਰਭਾਵਿਤ ਸਨ, ਜਿਸ ਨੂੰ 1980 ਦੇ ਦਹਾਕੇ ਵਿੱਚ ‘ਪੰਜਾਬ ਦਾ ਐਲਵਿਸ’ ਕਿਹਾ ਜਾਂਦਾ ਸੀ।
ਚਮਕੀਲਾ ਦੀ ਕਹਾਣੀ ਨੂੰ ਨੈੱਟਫਲਿਕਸ ਦੀ ਬਾਇਓਪਿਕ ‘ਅਮਰ ਸਿੰਘ ਚਮਕੀਲਾ’ ਵਿੱਚ ਦਿਖਾਇਆ ਗਿਆ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ। ਦਿਲਜੀਤ ਦੋਸਾਂਝ ਨੂੰ ਇਸ ਸਮੇਂ ਦੁਨੀਆ ਦਾ ਵੱਡਾ ਪੰਜਾਬੀ ਕਲਾਕਾਰ ਕਿਹਾ ਜਾਂਦਾ ਹਨ।
ਅਮਰ ਸਿੰਘ ਚਮਕੀਲਾ ਦੇ ਬਹੁਤ ਸਾਰੇ ਹਿੱਟ ਗੀਤ ਅਮਰਜੋਤ ਨਾਲ ਦੋਗਾਣੇ ਸਨ, ਜਿਸ ਦਾ ਕਿਰਦਾਰ ਫਿਲਮ ਵਿੱਚ ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਨਿਭਾਇਆ ਸੀ।
ਫਿਲਮ ਦੀ ਰਿਲੀਜ਼ ਤੋਂ ਇੱਕ ਮਹੀਨੇ ਬਾਅਦ ਰੈਪਰ ਅਤੇ ਗੀਤਕਾਰ ਰਾਜਾ ਕੁਮਾਰੀ ਨੇ ਗੁਰੂ ਰੰਧਾਵਾ ਦੇ ਨਾਲ ਇੱਕ ਰਵਾਇਤੀ ਦੋਗਾਣਾ ਸ਼ੈਲੀ ਦਾ ਗੀਤ ‘ਇਨ ਲਵ’ ਕੱਢਿਆ।
ਇਸ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਪੰਜਾਬ ’ਚ ਕੀਤੀ ਗਈ ਅਤੇ ਯੂਟਿਊਬ ’ਤੇ ਇਸ ਨੂੰ 37 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
‘ਮੂਲ ਧੁਨਾਂ ਨੂੰ ਸਾਂਭ ਕੇ ਰੱਖਣਾ ਮਹੱਤਵਪੂਰਨ‘
ਰਾਜਾ ਕੁਮਾਰੀ ਨੇ ਬੀਬੀਸੀ ਏਸ਼ੀਅਨ ਨੈੱਟਵਰਕ ਨੂੰ ਦੱਸਿਆ, ‘‘ਅਸੀਂ ਸਾਰੇ ਪੁਰਾਣੇ ਸ਼ਾਹਕਾਰ ਦੇਖ ਰਹੇ ਹਾਂ ਅਤੇ ਇਹ ਸਮਝ ਰਹੇ ਹਾਂ ਕਿ ਉਨ੍ਹਾਂ ਵਿੱਚ ਵਿੱਚ ਕੀ ਖਾਸ ਸੀ।’’
ਭਾਰਤੀ ਮੂਲ ਦੀ ਅਮਰੀਕੀ ਰਾਜਾ ਕੁਮਾਰੀ ਨੇ ਇਸ ਤੋਂ ਪਹਿਲਾਂ ਇਗੀ ਅਜ਼ਾਲੀਆ, ਫਿਫਥ ਹਾਰਮਨੀ, ਸਿੱਧੂ ਮੂਸੇਵਾਲਾ ਅਤੇ ਫਾਲ ਆਊਟ ਬੌਇ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ‘‘ਹਰ ਕੋਈ ਹਮੇਸ਼ਾ ਆਪਣੀਆਂ ਜੜ੍ਹਾਂ ਵੱਲ ਪਰਤਣ ਦੀ ਕੋਸ਼ਿਸ਼ ਕਰਦਾ ਹੈ।’’
ਉਨ੍ਹਾਂ ਨੇ ਅੱਗੇ ਕਿਹਾ, ‘‘ਇਸ ਗੀਤ ਲਈ ਪੰਜਾਬੀ ਭਾਈਚਾਰੇ ਵੱਲੋਂ ਜੋ ਮੈਨੂੰ ਪਿਆਰ ਮਿਲਿਆ ਹੈ, ਉਸ ਤੋਂ ਮੈਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਪ੍ਰੇਰਨਾ ਮਿਲਦੀ ਹੈ।’’
ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨ ਸਰੋਤਿਆਂ ਲਈ ਮੂਲ ਧੁਨਾਂ ਨੂੰ ਸਾਂਭ ਕੇ ਰੱਖਣਾ ਮਹੱਤਵਪੂਰਨ ਹੈ।
ਮਾਣਕ ਤੇ ਸਦੀਕ ਜਿਹੇ ਗਾਇਕਾਂ ਦੇ ਇਸ ਭਾਈਚਾਰੇ ਨੂੰ ਕਿਸ ਗੱਲ ਲਈ ਲੜਾਈ ਲੜਨੀ ਪੈਂਦੀ ਹੈ।
ਰਾਜਾ ਕੁਮਾਰੀ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਜਦੋਂ ਲੋਕ ਇਨ੍ਹਾਂ ਆਧੁਨਿਕ ਜੋੜੀਆਂ ਨੂੰ ਦੇਖਣਗੇ, ਤਾਂ ਇਹ ਉਨ੍ਹਾਂ ਨੂੰ ਪਿੱਛੇ ਜਾ ਕੇ ਸਮਝਣ ਲਈ ਮਜਬੂਰ ਕਰਨਗੇ ਜਿੱਥੋਂ ਇਹ ਆਇਆ ਹੈ।’’
ਇਹ ਪੁਨਰ-ਉਥਾਨ ਮੁੱਖ ਧਾਰਾ ਦੇ ਸੰਗੀਤ ਤੱਕ ਹੀ ਸੀਮਿਤ ਨਹੀਂ ਹੈ।
ਨੈੱਟਫਲਿਕਸ ਉੱਤੇ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ, ਚਮਕੀਲਾ ਅਤੇ ਅਮਰਜੋਤ ਨੂੰ ਸ਼ਰਧਾਂਜਲੀ ਦੇਣ ਵਾਲੇ ਕਲਾਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੁਕਿੰਗ ਵਿੱਚ ਦੁਨੀਆ ਭਰ ਵਿੱਚ ਵਾਧਾ ਹੋਇਆ ਹੈ।
ਬੈਂਗਰ ਅਤੇ ਸੈਮੀ, ਜਿਨ੍ਹਾਂ ਦੀ ਜੋੜੀ ਦਾ ਨਾਂ ‘ਸਾਡੀ ਜੋੜੀ’ ਹੈ, ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਭਾਰਤ ਵਿੱਚ ਸ਼ੋਅ ਕੀਤਾ ਤਾਂ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਜ਼ਿਕਰਯੋਗ ਵਾਧਾ ਹੋਇਆ।
ਸੈਮੀ ਦਾ ਕਹਿਣਾ ਹੈ, ‘‘ਇਹ ਇੱਕ ਅਜਿਹੇ ਬਿੰਦੂ ’ਤੇ ਪਹੁੰਚ ਗਿਆ ਸੀ ਜਿੱਥੇ ਤੁਸੀਂ ਕੁਝ ਵੀ ਨਹੀਂ ਦੇਖ ਸਕਦੇ ਸੀ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਸਨ।’’
‘‘ਸਾਨੂੰ ਆਪਣੀ ਕਾਰ ਤੋਂ ਸਟੇਜ ਤੱਕ ਪਹੁੰਚਣ ਲਈ ਦੋ ਮਿੰਟ ਲੱਗੇ ਪਰ ਸਟੇਜ ਤੋਂ ਵਾਪਸ ਆਪਣੀ ਕਾਰ ਤੱਕ ਪਹੁੰਚਣ ਲਈ ਸਾਨੂੰ ਦੋ ਘੰਟੇ ਲੱਗ ਗਏ।’’
‘ਇਹ ਕੋਈ ਫੈਸ਼ਨ ਨਹੀਂ ਹੈ’
‘‘ਇਹ ਕੋਈ ਫੈਸ਼ਨ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਹਮੇਸ਼ਾ ਤੋਂ ਹੀ ਇੱਥੇ ਰਿਹਾ ਹੈ, ਪਰ ਹੁਣ ਇਹ ਸਾਹਮਣੇ ਆ ਰਿਹਾ ਹੈ ਅਤੇ ਲੋਕਾਂ ਨੂੰ ਇਸ ’ਤੇ ਮਾਣ ਹੈ।’’
ਬੈਂਗਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਥਾਵਾਂ ਤੋਂ ਬੁਕਿੰਗ ਮਿਲ ਰਹੀ ਹੈ ਜਿੱਥੇ ਚਮਕੀਲੇ ਨੇ ਅਸਲ ਵਿੱਚ ਪੇਸ਼ਕਾਰੀ ਦਿੱਤੀ ਸੀ, ਇਸ ਦੇ ਨਾਲ ਹੀ ਦੁਬਈ, ਬੁਲਗਾਰੀਆ, ਆਸਟਰੇਲੀਆ ਅਤੇ ਇਟਲੀ ਤੋਂ ਵੀ ਬੁਕਿੰਗ ਮਿਲ ਰਹੀ ਹੈ।
‘‘ਪੰਜਾਬੀ ਦੋਗਾਣਾ ਗਾਇਕੀ ਦਾ ਦੌਰ ਯਕੀਨੀ ਤੌਰ ’ਤੇ ਵਾਪਸ ਆ ਗਿਆ ਹੈ, ਇਹ ਬਹੁਤ ਮਕਬੂਲ ਹੋ ਰਹੀ ਹੈ।
ਬੈਂਗਰ ਕਹਿੰਦੇ ਹਨ, ‘‘ਇਹ ਮੇਰੇ ਲਈ ਹਮੇਸ਼ਾ ਮੌਜੂਦ ਰਿਹਾ ਹੈ, ਪਰ ਹਾਲ ਹੀ ਵਿੱਚ, ਇਹ ਅਚਾਨਕ ਵੱਡੀ ਛਾਲ ਮਾਰ ਗਿਆ ਹੈ ਅਤੇ ਪੂਰੀ ਤਰ੍ਹਾਂ ਨਾਲ ਬੇਕਾਬੂ ਹੋ ਗਿਆ ਹੈ।’’
ਪੀਆਰਐੱਸ ਫਾਰ ਮਿਊਜ਼ਿਕ ਗਰੁੱਪ ਦੀ ਰੁਪਿੰਦਰ ਵਿਰਦੀ ਦੇ ਅਨੁਸਾਰ, ਕਿਸੇ ਵੀ ਹੋਰ ਸ਼ੈਲੀ ਦੀ ਤਰ੍ਹਾਂ, ਇਸ ਵਿੱਚ ਵੀ ‘ਉਚਾਣ ਅਤੇ ਨਿਵਾਣ’ ਹਨ ਪਰ ‘‘ਇਸ ਸ਼ੈਲੀ ਦੇ ਮੂਲ ਰੂਪ ਵਿੱਚ ਵੱਡੇ ਪ੍ਰਸ਼ੰਸਕ ਨਿਰੰਤਰ ਬਣੇ ਹੋਏ ਹਨ।’’
ਉਨ੍ਹਾਂ ਦਾ ਮੰਨਣਾ ਹੈ ਕਿ ਹਾਲ ਹੀ ਵਿੱਚ ਪੰਜਾਬੀ ਸੰਗੀਤ ਵਿੱਚ ਵਧੇਰੇ ਦਿਲਚਸਪੀ ਲਈ ਕੁਝ ਕਾਰਕ ਜ਼ਿੰਮੇਵਾਰ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਵਿਸ਼ਵ ਪੱਧਰ ’ਤੇ ਪੰਜਾਬੀ ਸੰਗੀਤ ’ਤੇ ਵਧ ਰਿਹਾ ਧਿਆਨ।
‘‘ਅਸੀਂ ਲਾਈਵ ਸ਼ੋਅ’ਜ਼ ਲਈ ਗਲਾਸਟਨਬਰੀ, ਕੋਚੇਲਾ, ਹਾਲ ਹੀ ਵਿੱਚ ਲੈਟੀਚਿਊਡ ਅਤੇ ਲੋਲਾਪਾਲੂਜ਼ਾ ਵਰਗੇ ਵਿਆਪਕ ਮੰਚਾਂ ’ਤੇ ਪੰਜਾਬੀ ਕਲਾਕਾਰਾਂ ਨੂੰ ਸ਼ਾਮਲ ਹੁੰਦੇ ਦੇਖ ਰਹੇ ਹਾਂ।’’
ਉਹ ਅੱਗੇ ਕਹਿੰਦੇ ਹਨ ਹੈ ਕਿ ਸਟ੍ਰੀਮਿੰਗ ਅਤੇ ਪਬਲਿਸ਼ਿੰਗ ਦੇ ਮਾਮਲੇ ਵਿੱਚ ‘‘ਭਾਰਤ ਵਿੱਚ ਸੰਗੀਤ ਦਾ ਵਿਕਾਸ ਹੋਇਆ ਹੈ’’ ਜਿਸ ਨਾਲ ਦੇਸ਼ ਦੀ ਉਭਰਦੀ ਆਰਥਿਕ ਸ਼ਕਤੀ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਸ਼ੈਲੀ ਦੇ ਸੰਗੀਤ ਨੂੰ ਵਿਸ਼ਵ ਪੱਧਰ ‘ਤੇ ਫੈਲਾਉਣ ਵਿੱਚ ਮਦਦ ਮਿਲ ਰਹੀ ਹੈ।
ਉਨ੍ਹਾਂ ਨੇ ਕਿਹਾ, ‘‘ਪ੍ਰੋਡਕਸ਼ਨ, ਬੀਟਸ ਅਤੇ ਭਾਸ਼ਾ ਪੱਖੋਂ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਪੰਜਾਬੀ ਸੰਗੀਤ ਸੱਭਿਆਚਾਰ ’ਤੇ ਮਾਣ ਹੈ ਜਿਸਦੀ ਸ਼ਲਾਘਾ ਕੀਤੀ ਜਾ ਰਹੀ ਹੈ।’’
ਉਹ ਕਹਿੰਦੀ ਹੈ, ‘‘ਭਾਸ਼ਾ ਸਬੰਧੀ ਰੁਕਾਵਟਾਂ ਦੇ ਬਾਵਜੂਦ ਜ਼ਿਆਦਾ ਲੋਕ ਧੁਨਾਂ ਪ੍ਰਤੀ ਖੁੱਲ੍ਹੇ ਸੁਭਾਅ ਦੇ ਹਨ।’’
ਰੁਪਿੰਦਰ ਦਾ ਅਨੁਮਾਨ ਹੈ ਕਿ ਵਿਕਾਸ ‘‘ਉਸੇ ਤਰ੍ਹਾਂ ਜਾਰੀ ਰਹੇਗਾ ਜਿਵੇਂ ਐਫਰੋਬੀਟਸ ਵਧਦਾ ਹੈ’’ ਪਰ ਇਹ ਸਹੀ ਸਾਧਨ ਪ੍ਰਦਾਨ ਕਰਨ ’ਤੇ ਨਿਰਭਰ ਕਰਦਾ ਹੈ।
‘‘ਇਸ ਲਈ ਸਾਨੂੰ ਸਹਾਇਕ ਬੁਨਿਆਦੀ ਢਾਂਚੇ ਅਤੇ ਗਲੋਬਲ ਕਨੈਕਟੀਵਿਟੀ ਦਾ ਨਿਰਮਾਣ ਕਰਨ ਲਈ ਆਪਣੇ ਅਧਿਕਾਰੀਆਂ ਤੋਂ ਮਜ਼ਬੂਤ ਪ੍ਰਤਿਭਾ ਪਾਈਪਲਾਈਨ, ਨਿਵੇਸ਼, ਰਣਨੀਤੀ ਅਤੇ ਸਮਰਥਨ ਦੀ ਲੋੜ ਹੈ।’’
ਆਭਾਰ : https://www.bbc.com/punjabi/articles/cxe2ev7gvg4o
test