ਇਸ ਕਾਰਨ 10ਵੀਂ ਤੇ 12ਵੀਂ ਵਿੱਚੋਂ ਵੀ ਚੰਗੇ ਨੰਬਰ ਲੈਣ ਦਾ ਦਬਾਅ ਰਹਿੰਦਾ ਹੈ। ਜੇ ਚੰਗੇ ਨੰਬਰ ਨਹੀਂ ਆਉਣਗੇ ਤਾਂ ਚੰਗੇ ਵਿੱਦਿਅਕ ਅਦਾਰਿਆਂ ਵਿਚ ਦਾਖ਼ਲਾ ਮੁਸ਼ਕਲ ਮਿਲੇਗਾ। ਚੰਗੇ ਕੋਰਸਾਂ ਵਿਚ ਦਾਖ਼ਲੇ ਲਈ ਕੱਟਆਫ ਹੀ 90% ਤੋਂ ਉੱਪਰ ਜਾ ਚੁੱਕੀ ਹੈ।
ਕੁਝ ਸਾਲ ਪਹਿਲਾਂ ਤੱਕ ਵਿਦਿਆਰਥੀਆਂ ’ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਦਬਾਅ ਹੀ ਵਧੇਰੇ ਹੁੰਦਾ ਸੀ। ਇਨ੍ਹਾਂ ਵਿਚ ਸਫਲਤਾ ਹਾਸਲ ਨਾ ਹੋਣ ’ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਖ਼ੁਦਕੁਸ਼ੀਆਂ ਦਾ ਰਾਹ ਚੁਣ ਲੈਂਦੇ ਸਨ। ਇਸ ਦੌਰਾਨ ਹਰ ਜਗ੍ਹਾ ਪੜ੍ਹਾਈ ਦਾ ਬੋਝ ਬਰਦਾਸ਼ਤ ਤੋਂ ਬਾਹਰ ਹੋਣ ਲੱਗਾ ਤਾਂ ਵਿਦਿਆਰਥੀਆਂ ਵਿਚ ਖ਼ੁਦਕੁਸ਼ੀਆਂ ਦਾ ਰੁਝਾਨ ਵੀ ਵਧਣ ਲੱਗਾ। ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਨਤੀਜਿਆਂ ਦਾ ਦਬਾਅ ਵੀ ਵਿਦਿਆਰਥੀ ਝੱਲ ਨਹੀਂ ਪਾ ਰਹੇ ਹਨ। ਘੱਟ ਨੰਬਰ ਆਉਣ ’ਤੇ ਵੀ ਉਹ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰਨ ਲੱਗੇ ਹਨ।
ਇਸ ਵਰਤਾਰੇ ਨੂੰ ਇਸ ਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਮੰਗਲਵਾਰ ਨੂੰ ਨੰਗਲ ਨੇੜਲੇ ਪਿੰਡ ਸੰਗਤਪੁਰ ’ਚ ਬਾਰ੍ਹਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਨੰਬਰ ਘੱਟ ਆਉਣ ਕਰ ਕੇ ਖ਼ੁਦਕੁਸ਼ੀ ਕਰ ਲਈ। ਅਜਿਹਾ ਨਹੀਂ ਹੈ ਕਿ ਇਸ ਵਿਦਿਆਰਥੀ ਦੇ ਨੰਬਰ ਘੱਟ ਸਨ ਪਰ ਉਸ ਨੂੰ ਲੱਗਦਾ ਸੀ ਕਿ ਉਹ ਬਾਕੀਆਂ ਨਾਲੋਂ ਪੱਛੜ ਗਿਆ ਹੈ। ਸੀਬੀਐੱਸਈ ਸਣੇ ਲਗਪਗ ਸਾਰੇ ਸਕੂਲ ਬੋਰਡਾਂ ਨੇ 10ਵੀਂ ਤੇ 12ਵੀਂ ਜਮਾਤਾਂ ਦੇ ਨਤੀਜੇ ਐਲਾਨ ਦਿੱਤੇ ਹਨ।
ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚੋਂ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ। ਦਰਅਸਲ, ਸਮਾਜ ਵਿਚ ਚੱਲ ਰਹੀ ਗਲਾ-ਵੱਢ ਮੁਕਾਬਲੇਬਾਜ਼ੀ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਬਣਾਉਣਾ ਲੋਚਦੇ ਹਨ ਜਾਂ ਫਿਰ ਸਿਵਲ ਸੇਵਾਵਾਂ ਵਿਚ ਸਿਲੈਕਸ਼ਨ ਚਾਹੁੰਦੇ ਹਨ ਕਿਉਂਕਿ ਸਫਲਤਾ ਦਾ ਪੈਮਾਨਾ ਇਹੀ ਸਭ ਕੁਝ ਬਣ ਗਿਆ ਜਾਪਦਾ ਹੈ। ਇਸ ਵਜ੍ਹਾ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਲੱਖਾਂ ਵਿਦਿਆਰਥੀ ਸ਼ਾਮਲ ਹੁੰਦੇ ਹਨ ਜਦਕਿ ਉਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਚੁਣੇ ਜਾਣੇ ਹੁੰਦੇ ਹਨ।
ਇਸ ਕਾਰਨ 10ਵੀਂ ਤੇ 12ਵੀਂ ਵਿੱਚੋਂ ਵੀ ਚੰਗੇ ਨੰਬਰ ਲੈਣ ਦਾ ਦਬਾਅ ਰਹਿੰਦਾ ਹੈ। ਜੇ ਚੰਗੇ ਨੰਬਰ ਨਹੀਂ ਆਉਣਗੇ ਤਾਂ ਚੰਗੇ ਵਿੱਦਿਅਕ ਅਦਾਰਿਆਂ ਵਿਚ ਦਾਖ਼ਲਾ ਮੁਸ਼ਕਲ ਮਿਲੇਗਾ। ਚੰਗੇ ਕੋਰਸਾਂ ਵਿਚ ਦਾਖ਼ਲੇ ਲਈ ਕੱਟਆਫ ਹੀ 90% ਤੋਂ ਉੱਪਰ ਜਾ ਚੁੱਕੀ ਹੈ। ਤਸਵੀਰ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਬੋਰਡ ਪ੍ਰੀਖਿਆਵਾਂ ’ਚ ਵੱਧ ਤੋਂ ਵੱਧ ਨੰਬਰ ਹਾਸਲ ਕਰਨਾ ਵੀ ਇਕ ਸਟੇਟਸ ਸਿੰਬਲ ਬਣ ਚੁੱਕਾ ਹੈ। ਇਸ ਨਾਲ ਮਾਪੇ ਸਮਾਜ ਵਿਚ ਆਪਣਾ ਸਿਰ ਉੱਚਾ ਹੋਇਆ ਮਹਿਸੂਸ ਕਰਦੇ ਹਨ, ਇਹ ਸਮਝੇ ਬਿਨਾਂ ਕਿ ਬੱਚੇ ’ਤੇ ਕੀ ਬੀਤ ਰਹੀ ਹੈ।
ਹਰ ਬੱਚੇ ਦੀ ਕੁਦਰਤੀ ਪ੍ਰਤਿਭਾ ਵੱਖੋ-ਵੱਖ ਹੁੰਦੀ ਹੈ ਪਰ ਮਾਪੇ ਇਸ ਤੋਂ ਅਣਜਾਣ ਆਪਣੀਆਂ ਇੱਛਾਵਾਂ ਬੱਚਿਆਂ ’ਤੇ ਥੋਪੀ ਜਾ ਰਹੇ ਹਨ। ਇਸ ਨੂੰ ਮੌਜੂਦਾ ਵਿੱਦਿਅਕ ਪ੍ਰਬੰਧ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਨਤੀਜਿਆਂ ਦੇ ਦਬਾਅ ਹੇਠ ਵਿਦਿਆਰਥੀਆਂ ਵਿਚ ਖ਼ੁਦਕੁਸ਼ੀਆਂ ਦੀ ਦਰ 5 ਤੋਂ 10 ਫ਼ੀਸਦੀ ਤੱਕ ਵਧ ਚੁੱਕੀ ਹੈ। ਇੱਛਿਤ ਨਤੀਜਿਆਂ ਦੀ ਹੋੜ ਵਿਚ ਸਮਾਜ, ਮਾਪਿਆਂ ਨੇ ਵਿਦਿਆਰਥੀਆਂ ’ਤੇ ਮੁਕਾਬਲੇਬਾਜ਼ੀ ਹੱਦ ਤੋਂ ਵੱਧ ਥੋਪ ਦਿੱਤੀ ਹੈ ਪਰ ਉਹ ਇਹ ਸਭ ਕੁਝ ਝੱਲਣ ’ਚ ਅਸਮਰੱਥ ਹੋ ਰਹੇ ਹਨ। ਮੌਜੂਦਾ ਸਿਆਸੀ, ਸਮਾਜਿਕ ਪ੍ਰਬੰਧ ਇਸ ਸਭ ਨੂੰ ਸਮਝਣ ਤੋਂ ਇਨਕਾਰੀ ਹੈ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਕੋਚਿੰਗ ਹੱਬ ਦੇ ਰੂਪ ਵਿਚ ਜਾਣੇ ਜਾਂਦੇ ਰਾਜਸਥਾਨ ਦੇ ਕੋਟਾ ਸ਼ਹਿਰ ’ਚ ਹਰ ਸਾਲ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਤਾਦਾਦ ਵਧਦੀ ਜਾ ਰਹੀ ਹੈ। ਇਕੱਲਾ ਕੋਟਾ ਹੀ ਨਹੀਂ, ਜਿੱਥੇ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ, ਉੱਥੇ ਨੌਜਵਾਨਾਂ ’ਚ ਖ਼ੁਦਕੁਸ਼ੀਆਂ ਦਾ ਰੁਝਾਨ ਹੈ। ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਸਮਾਂ ਰਹਿੰਦੇ ਹੀ ਇਸ ਗੰਭੀਰ ਮਸਲੇ ’ਤੇ ਸਰਕਾਰਾਂ, ਸਮਾਜ ਅਤੇ ਮਾਪਿਆਂ ਨੂੰ ਡੂੰਘੀ ਸੋਚ-ਵਿਚਾਰ ਕਰਨ ਦੀ ਜ਼ਰੂਰਤ ਹੈ।
ਆਭਾਰ : https://www.punjabijagran.com/editorial/general-results-pressure-on-students-9362845.html
test