28 ਅਪਰੈਲ, 2025 – ਮਮਦੋਟ : ਮਾਰਕੀਟ ਕਮੇਟੀ ਮਮਦੋਟ ਅਧੀਨ ਪੈਂਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਮਾਰਕੀਟ ਕਮੇਟੀ ਮਮਦੋਟ ਅਨੁਸਾਰ ਕੱਲ੍ਹ ਤੱਕ 6 ਲੱਖ 18,220 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿੱਚੋਂ 996 00 ਕੁਇੰਟਲ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ| ਦੱਸਣਯੋਗ ਹੈ ਕਿ ਮਮਦੋਟ ਅਤੇ ਦੂਸਰੇ ਖਰੀਦ ਕੇਂਦਰਾਂ ਵਿੱਚ ਮਾਰਕਫੈੱਡ, ਪਨਗਰੇਨ ਅਤੇ ਪਨਸਪ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ|
ਮਾਰਕੀਟ ਕਮੇਟੀ ਦੇ ਰਿਕਾਰਡ ਮੁਤਾਬਕ 518620 ਕੁਇੰਟਲ ਕਣਕ ਦੀ ਲਿਫਟਿੰਗ ਬਕਾਇਆ ਹੈ| ਜਾਣਕਾਰੀ ਅਨੁਸਾਰ ਖਰੀਦ ਕੇਂਦਰ ਹਜ਼ਾਰਾ ਸਿੰਘ ਵਾਲਾ, ਚੱਕ ਭੰਗੇ ਵਾਲਾ, ਟਿੱਬੀ ਖੁਰਦ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਨਹੀਂ ਹੋਈ| ਮੁੱਖ ਦਾਣਾ ਮੰਡੀ ਮਮਦੋਟ ਵਿੱਚ 1 ਲੱਖ 62010 ਕੁਇੰਟਲ ਕਣਕ ਦੀ ਖਰੀਦ ਵੱਖ ਵੱਖ ਏਜੰਸੀਆਂ ਵੱਲੋਂ ਕੀਤੀ ਗਈ ਹੈ| ਪਿਛਲੇ ਕਈ ਦਿਨਾਂ ਤੋਂ ਟਰੱਕ ਅਪਰੇਟਰਾਂ ਅਤੇ ਟੈਂਡਰ ਪਾਉਣ ਵਾਲੀ ਪਾਰਟੀ ਦਾ ਆਪਸੀ ਰੌਲਾ ਚੱਲ ਰਿਹਾ ਚੱਲ ਰਿਹਾ ਹੈ, ਜਿਸ ਕਾਰਨ ਕਣਕ ਦੀ ਲਿਫਟਿੰਗ ਦਾ ਕੰਮ ਰੁਕਿਆ ਹੋਇਆ ਹੈ| ਅਪਰੇਟਰਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਕੁਝ ਲੋਕਾਂ ਨੇ ਸਿਆਸੀ ਸਰਪ੍ਰਸਤੀ ਹੇਠ ਘੱਟ ਰੇਟ ਦੇ ਟੈਂਡਰ ਪਾਏ ਹੋਏ ਸਨ ਜਿਸ ਕਾਰਨ ਟਰੱਕ ਅਪਰੇਟਰਾਂ ਨੂੰ ਬਹੁਤ ਘਾਟਾ ਪੈ ਰਿਹਾ ਸੀ|
ਡੱਬੀ: ਨਵੇਂ ਟੈਂਡਰ ਅਲਾਟ ਕਰ ਦਿੱਤੇ ਹਨ: ਹਿਮਾਂਸ਼ੂ
ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਕੰਟਰੋਲਰ ਹਿਮਾਸ਼ੂ ਕੁੱਕੜ ਨੇ ਕਿਹਾ ਕਿ ਟੈਂਡਰਾਂ ਦਾ ਮਸਲਾ ਹੱਲ ਕਰ ਲਿਆ ਗਿਆ ਹੈ ਅਤੇ ਨਵੇਂ ਟੈਂਡਰ ਅਲਾਟ ਕਰ ਦਿੱਤੇ ਗਏ ਹਨ|
ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੱਕ ਕਣਕ ਦੀ ਢੋਆ-ਢੋਆਈ ਦਾ ਕੰਮ ਤੇਜ਼ੀ ਫੜ ਲਵੇਗਾ| ਉਨ੍ਹਾਂ ਦੱਸਿਆ ਕਿ ਕੱਲ੍ਹ ਤੱਕ 6 ਲੱਖ 27,966 ਮੀਟ੍ਰਿਕ ਟਨ ਕਣਕ ਦੀ ਖਰੀਦ ਪੂਰੇ ਜ਼ਿਲ੍ਹੇ ਵਿੱਚ ਕੀਤੀ ਜਾ ਚੁੱਕੀ ਹੈ ਇਸ ਦੀ ਪੇਮੈਂਟ ਵੀ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ| ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਣਕ ਵੇਚੇ ਹਫਤੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਏ|
ਪੰਜਾਬੀ ਟ੍ਰਿਬਯੂਨ
test