ਮਹਿਲਾ ਰੰਗਰੂਟਾਂ ਦੀ ਪਾਸਿੰਗ-ਆਊਟ ਪਰੇਡ ਵਿੱਚ ਸ਼ਾਮਲ ਹੋਏ ਰਾਜਪਾਲ
09 ਫਰਵਰੀ, 2026 – ਹੁਸ਼ਿਆਰਪੁਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਅੰਦਰਲੀ ਮੌਜੂਦਾ ਕਾਨੂੰਨ ਵਿਵਸਥਾ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਅਪਰਾਧੀਆਂ ਦੇ ਮਨਾਂ ’ਚੋਂ ਕਾਨੂੰਨ ਦਾ ਭੈਅ ਖਤਮ ਹੋ ਚੁੱਕਿਆ ਹੈ। ਕੁਝ ਲੋਕ ਬਦਲਾਖੋਰੀ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬਾ ਸਰਕਾਰ ਉਪਰਾਲਾ ਕਰ ਰਹੀ ਹੈ ਅਤੇ ਇਸ ਸਬੰਧੀ ਕੇਂਦਰ ਤੋਂ ਵੀ ਮਦਦ ਮੰਗੀ ਗਈ ਹੈ। ਸੀਮਾ ਸੁਰੱਖਿਆ ਬਲ ਦੇ ਖੜਕਾਂ ਕੈਂਪ ਵਿੱਚ ਪਾਸਿੰਗ-ਆਊਟ ਪਰੇਡ ’ਚ ਸ਼ਾਮਲ ਹੋਣ ਆਏ ਰਾਜਪਾਲ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਵੀ ਗੰਭੀਰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਜਨ ਅੰਦੋਲਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਪੈਦਲ ਯਾਤਰਾ ਕੀਤੀ ਸੀ ਅਤੇ ਆਉਣ ਵਾਲੇ ਦਿਨਾਂ ’ਚ ਉਹ ਫਿਰ ਤਿੰਨ ਸਰਹੱਦੀ ਜ਼ਿਲ੍ਹਿਆਂ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ।
ਰਾਜਪਾਲ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਡਰੋਨਾਂ ਦੇ ਮਾਧਿਅਮ ਰਾਹੀਂ ਹੋ ਰਹੀ ਤਸਕਰੀ ਰੋਕਣ ਲਈ ਸਰਹੱਦ ਦੇ ਨਾਲ ਪਹਿਲੇ ਪੜਾਅ ਵਿੱਚ 10 ਐਂਟੀ ਡਰੋਨ ਸਿਸਟਮ ਲਗਾਏ ਗਏ ਸਨ ਅਤੇ ਕੇਂਦਰ ਸਰਕਾਰ ਨੇ 23 ਹੋਰ ਸਿਸਟਮ ਮਨਜ਼ੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ 553 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਨੂੰ ਐਂਟੀ ਡਰੋਨ ਸਿਸਟਮ ਨਾਲ ਪੂਰੀ ਤਰ੍ਹਾਂ ਕਵਰ ਕਰ ਲਿਆ ਜਾਵੇ ਤਾਂ ਸਰਹੱਦ ਪਾਰ ਤੋਂ ਕੋਈ ਡਰੋਨ ਭਾਰਤੀ ਖੇਤਰ ’ਚ ਦਾਖਲ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਬੀ ਐੱਸ ਐੱਫ, ਭਾਰਤੀ ਫੌਜ ਅਤੇ ਪੰਜਾਬ ਪੁਲੀਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ।
ਇਸ ਤੋਂ ਪਹਿਲਾਂ ਰਾਜਪਾਲ ਨੇ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ਼) ਦੇ ਖੜਕਾਂ ਸਥਿਤ ਸਹਾਇਕ ਟਰੇਨਿੰਗ ਸੈਂਟਰ ਵਿੱਚ ਅੱਜ 447 ਮਹਿਲਾ ਰੰਗਰੂਟਾਂ ਦੀ ਪਾਸਿੰਗ-ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਪਾਸਿੰਗ-ਆਊਟ ਪਰੇਡ ਤੋਂ ਸਲਾਮੀ ਲਈ। ਉਨ੍ਹਾਂ ਇਨਡੋਰ ਤੇ ਆਊਟਡੋਰ ਵਿਸ਼ਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਰੰਗਰੂਟਾਂ ਨੂੰ ਸਨਮਾਨਿਤ ਕੀਤਾ। ਪਰੇਡ ਦੀ ਅਗਵਾਈ ਮਹਾਰਾਸ਼ਟਰ ਦੀ ਸਈਅਦ ਸਾਨੀਆ ਫਿਰੋਜ਼ ਨੇ ਕੀਤੀ।
ਪਾਸ ਆਊਟ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੀਆਂ ਲੜਕੀਆਂ ਨੂੰ ਦੇਸ਼ ਸੇਵਾ ਲਈ ਸੀਮਾ ਸੁਰੱਖਿਆ ਬਲ ’ਚ ਭੇਜਿਆ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਨੂੰ ਪੇਸ਼ੇ ਵਜੋਂ ਚੁਣਨਾ ਸਾਹਸ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪਾਸ-ਆਊਟ ਹੋ ਕੇ ਜਾ ਰਹੀਆਂ ਮਹਿਲਾਵਾਂ ਹੋਰਨਾਂ ਲਈ ਵੀ ਪ੍ਰੇਰਨਾਸ੍ਰੋਤ ਬਣਨਗੀਆਂ। ਉਨ੍ਹਾਂ ਰੰਗਰੂਟਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਟਰੇਨਿੰਗ ਸੈਂਟਰ ਦੇ ਇੰਸਪੈਕਟਰ ਜਨਰਲ ਚਾਰੂ ਧਵੱਜ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਬੈਚ ਨੰਬਰ-275 ਵਿੱਚੋਂ ਮਹਿਲਾ ਰੰਗਰੂਟ ਮੋਨਿਕਾ ਅਤੇ ਬੈਚ ਨੰਬਰ-276 ਵਿੱਚੋਂ ਮਹਿਲਾ ਰੰਗਰੂਟ ਅੰਸ਼ੂ ਚੌਧਰੀ ਨੂੰ ਸਰਵੋਤਮ ਰੰਗਰੂਟ ਐਲਾਨਿਆ ਗਿਆ। ਇਸੇ ਤਰ੍ਹਾਂ ਤਾਨੀਆ ਵਰਮਾ ਅਤੇ ਪ੍ਰਿਅੰਕਾ ਚੌਧਰੀ ਦੋਹਾਂ ਬੈਚਾਂ ’ਚ ਦੂਜੇ ਸਥਾਨ ’ਤੇ ਰਹੀਆ।
ਪੰਜਾਬੀ ਟ੍ਰਿਬਯੂਨ
ਖਡੂਰ ਸਾਹਿਬ ਨਤਮਸਤਕ ਹੋਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ
ਰਾਜਪਾਲ ਨੇ ਨਿਸ਼ਾਨ-ਏ-ਸਿੱਖੀ ਸੰਸਥਾ ਦੇ ਕੰਮਾਂ ਦੀ ਕੀਤੀ ਸ਼ਲਾਘਾ
09 ਫਰਵਰੀ, 2026 – ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਖਡੂਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਰਾਜਪਾਲ ‘ਨਿਸ਼ਾਨ-ਏ-ਸਿੱਖੀ’ ਸੰਸਥਾ ਪਹੁੰਚੇ, ਜਿੱਥੇ ਬਾਬਾ ਸੇਵਾ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਪਾਲ ਨੇ ਉੱਥੇ UPSC ਅਤੇ JEE ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਿਹਨਤ ਨਾਲ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਰਾਜਪਾਲ ਨੇ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਵਿੱਚ ਬਹੁਤ ਮਦਦਗਾਰ ਹਨ। ਇਸ ਮੌਕੇ ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਸੰਸਥਾ ਵਿੱਚ ਅੰਬ ਦਾ ਬੂਟਾ ਵੀ ਲਗਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ, ਐਸ.ਐਸ.ਪੀ. ਸੁਰੇਂਦਰ ਲਾਂਬਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ