ਸੰਪਾਦਕੀ
ਅਮਰੀਕਾ ਵੱਲੋਂ ਟੈਰਿਫ ਨੀਤੀ ਦੇ ਜਵਾਬ ਵਿਚ ਹਾਲਾਂਕਿ ਕੈਨੇਡਾ ਤੇ ਮੈਕਸੀਕੋ ਨੇ ਵੀ ਮੋੜਵੇਂ ਜਵਾਬ ਦਿੱਤੇ ਜਿਸ ਨਾਲ ਆਲਮੀ ਪੱਧਰ ’ਤੇ ਅਮਰੀਕਾ ਤੇ ਨਵੇਂ ਰਾਸ਼ਟਰਪਤੀ ਪ੍ਰਤੀ ਇਕ ਖਾਸ ਸੰਦੇਸ਼ ਗਿਆ। ਭਾਰਤ ਨੂੰ ਦਿੱਤਾ ਜਾਂਦਾ ਚੋਣ ਫੰਡ ਵੀ ਅਮਰੀਕੀ ਪ੍ਰਸ਼ਾਸਨ ਵੱਲੋਂ ਇਸ ਖਾਸ ਟਿੱਪਣੀ ਨਾਲ ਬੰਦ ਕੀਤਾ ਗਿਆ ਕਿ ਇਸ ਦੀ ਕੋਈ ਲੋੜ ਨਹੀਂ ਹੈ।
ਜਦੋਂ ਤੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਰਸੀ ਸਾਂਭੀ ਹੈ, ਉਦੋਂ ਤੋਂ ਉਨ੍ਹਾਂ ਦੀਆਂ ਨੀਤੀਆਂ ਕਾਰਨ ਦੂਜੇ ਦੇਸ਼ਾਂ ਵਿਚ ਤਣਾਅ ਪੈਦਾ ਹੋ ਰਿਹਾ ਹੈ। ਆਉਂਦੇ ਸਾਰ ਹੀ ਟਰੰਪ ਨੇ ਨਵੀਂ ਟੈਰਿਫ ਨੀਤੀ ਨਾਲ ਕੈਨੇਡਾ ਤੇ ਮੈਕਸੀਕੋ ਨੂੰ ਪਰੇਸ਼ਾਨੀਆਂ ਵਿਚ ਪਾ ਦਿੱਤਾ ਸੀ।
ਅਮਰੀਕਾ ਵੱਲੋਂ ਟੈਰਿਫ ਨੀਤੀ ਦੇ ਜਵਾਬ ਵਿਚ ਹਾਲਾਂਕਿ ਕੈਨੇਡਾ ਤੇ ਮੈਕਸੀਕੋ ਨੇ ਵੀ ਮੋੜਵੇਂ ਜਵਾਬ ਦਿੱਤੇ ਜਿਸ ਨਾਲ ਆਲਮੀ ਪੱਧਰ ’ਤੇ ਅਮਰੀਕਾ ਤੇ ਨਵੇਂ ਰਾਸ਼ਟਰਪਤੀ ਪ੍ਰਤੀ ਇਕ ਖਾਸ ਸੰਦੇਸ਼ ਗਿਆ। ਭਾਰਤ ਨੂੰ ਦਿੱਤਾ ਜਾਂਦਾ ਚੋਣ ਫੰਡ ਵੀ ਅਮਰੀਕੀ ਪ੍ਰਸ਼ਾਸਨ ਵੱਲੋਂ ਇਸ ਖਾਸ ਟਿੱਪਣੀ ਨਾਲ ਬੰਦ ਕੀਤਾ ਗਿਆ ਕਿ ਇਸ ਦੀ ਕੋਈ ਲੋੜ ਨਹੀਂ ਹੈ। ਇਹ ਉਸ ਵੇਲੇ ਹੋਇਆ ਜਦੋਂ ਅਮਰੀਕਾ ਦੌਰੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਪਸੀ ਹੋਈ ਸੀ। ਅਮਰੀਕਾ ਦਾ ਹੁਣ ਤਾਜ਼ਾ ਰੌਲ਼ਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਪਿਆ ਹੈ।
ਦੋਵਾਂ ਦੀ ਮੁਲਾਕਾਤ ਤਣਾਤਣੀ ਵਿਚ ਬਦਲ ਗਈ। ਗੱਲਬਾਤ ਸੁਖਾਵੇਂ ਮਾਹੌਲ ਵਿਚ ਸ਼ੁਰੂ ਹੋਈ ਪਰ ਹਾਲਾਤ ਇਹ ਬਣੇ ਕਿ ਜ਼ੇਲੈਂਸਕੀ ਨੂੰ ਵ੍ਹਾਈਟ ਹਾਊਸ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਸਲ ਵਿਚ ਉਨ੍ਹਾਂ ਅੱਗੇ ਅਮਰੀਕੀ ਰਾਸ਼ਟਰਪਤੀ ਨੇ ਰੂਸ ਨਾਲ ਸਮਝੌਤੇ ਦੀ ਪੇਸ਼ਕਸ਼ ਰੱਖੀ ਪਰ ਉਹ ਇਸ ਗੱਲ ’ਤੇ ਅੜੇ ਹੋਏ ਸਨ ਕਿ ਉਹ ਉਦੋਂ ਤੱਕ ਕਿਸੇ ਜੰਗਬੰਦੀ ’ਤੇ ਸਮਝੌਤੇ ਵਾਲੇ ਹਸਤਾਖ਼ਰ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਬਾਰੇ ਕੋਈ ਭਰੋਸਾ ਹਾਸਲ ਨਹੀਂ ਹੋ ਜਾਂਦਾ। ਇਸ ਬਹਿਸ ਤੋਂ ਬਾਅਦ ਹਾਲਾਂਕਿ ਜ਼ੈਲੇਂਸਕੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ ’ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਸ਼ਾਂਤੀ ਚਾਹੁੰਦੇ ਹਨ। ਉਹ ਇਸ ਗੱਲ ਲਈ ਆਸਵੰਦ ਸਨ ਕਿ ਖਣਿਜਾਂ ਬਾਰੇ ਸਮਝੌਤਾ ਸੁਰੱਖਿਆ ਦੀ ਗਾਰੰਟੀ ਅਤੇ ਸ਼ਾਂਤੀ ਦੇ ਨੇੜੇ ਜਾਣ ਵੱਲ ਪਹਿਲਾ ਕਦਮ ਹੈ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਯੂਕਰੇਨ ਇਸ ਵੇਲੇ ਮੁਸ਼ਕਲ ’ਚ ਹੈ ਪਰ ਉਹ ਲੜਾਈ ਨਹੀਂ ਰੋਕਣਾ ਚਾਹੁੰਦਾ ਇਹ ਗੱਲ ਵੀ ਕਿਤੇ ਨਾ ਕਿਤੇ ਧਿਆਨ ਮੰਗਦੀ ਹੈ। ਜ਼ੇਲੈਂਸਕੀ ਦਾ ਸਟੈਂਡ ਬੇਸ਼ੱਕ ਟਰੰਪ ਤੇ ਰੂਸ ਨੂੰ ਕਿਸੇ ਵੀ ਰੂਪ ਵਿਚ ਹਜ਼ਮ ਨਹੀਂ ਹੋ ਸਕਦਾ ਪਰ ਇਸ ਵੇਲੇ ਉਹ ਆਪਣੇ ਨਾਗਰਿਕਾਂ ਨੂੰ ਅੱਗੇ ਰੱਖ ਕੇ ਅਮਰੀਕਾ ਵਰਗੀ ਆਲਮੀ ਤਾਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰ ਰਹੇ ਹਨ। ਬੇਸ਼ੱਕ ਉਨ੍ਹਾਂ ਨੂੰ ਇਹ ਤੜ ਰੱਖਣੀ ਕਿਸੇ ਵੀ ਰੂਪ ਵਿਚ ਮਹਿੰਗੀ ਪੈ ਸਕਦੀ ਹੈ ਪਰ ਦੂਜੇ ਯੂਰਪੀ ਦੇਸ਼ਾਂ ਨੇ ਇਸ ਵੇਲੇ ਉਨ੍ਹਾਂ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ।
ਅਮਰੀਕਾ ਵੱਲੋਂ ਵੀ ਜਦੋਂ ਕਦੇ ਉੱਥੇ ਵਸਣ ਵਾਲੇ ਗ਼ੈਰਕਾਨੂੰਨੀ ਨਾਗਰਿਕਾਂ ਬਾਰੇ ਕੋਈ ਨੀਤੀ ਘੜੀ ਜਾਂਦੀ ਹੈ ਜਾਂ ਕੋਈ ਨਵਾਂ ਟੈਰਿਫ ਲਗਾਇਆ ਜਾਂਦਾ ਹੈ ਤਾਂ ਇਸ ਦੇ ਨਾਲ ਹੀ ਟਰੰਪ ਇਹ ਬਿਆਨ ਦਿੰਦੇ ਹਨ ਕਿ ਉਹ ਸਾਰਾ ਕੁਝ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਕਰ ਰਹੇ ਹਨ। ਜ਼ੇਲੈਂਸਕੀ ਦਾ ਅਜਿਹਾ ਵਰਤਾਓ ਕਰਨ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਰੂਸ ਦੇ ਰਾਸ਼ਟਪਤੀ ਪਹਿਲਾਂ ਵੀ ਜੰਗਬੰਦੀ ਦੀ ਉਲੰਘਣਾ ਕਰ ਚੁੱਕੇ ਹਨ ਤੇ ਮੁੜ ਤੋਂ ਵੀ ਹਾਲਾਤ ਇਹੋ ਜਿਹੇ ਬਣ ਸਕਦੇ ਹਨ। ਪਰ ਇਕ ਗੱਲ ਜੋ ਹੈਰਾਨ ਕਰਨ ਵਾਲੀ ਹੈ ਕਿ ਅਮਰੀਕਾ ਲਗਾਤਾਰ ਟਰੰਪ ਦੀ ਸੱਤਾ ਆਉਣ ਤੋਂ ਬਾਅਦ ਦੂਜੇ ਦੇਸ਼ਾਂ ਖ਼ਿਲਾਫ਼ ਹਮਲਾਵਰ ਹੋ ਰਿਹਾ ਹੈ।
ਉਸ ਦੀ ਗੱਲ ਨਾ ਮੰਨਣ ਦੀ ਸੂਰਤ ਵਿਚ ਗੰਭੀਰ ਸਿੱਟੇ ਭੁਗਤਣੇ ਪੈ ਰਹੇ ਹਨ। ਹਾਲਾਂਕਿ ਅਮਰੀਕਾ ਦੀ ਵਪਾਰਕ ਤੇ ਹੋਰ ਹਰ ਤਰ੍ਹਾਂ ਦੀ ਸਾਂਝ ਤਕਰੀਬਨ ਸਾਰੇ ਦੇਸ਼ਾਂ ਨਾਲ ਹੈ। ਇਸ ਲਈ ਅਮਰੀਕੀ ਪ੍ਰਸ਼ਾਸਨ ਤੇ ਹੁਕਮਰਾਨਾਂ ਨੂੰ ਠੰਢੇ ਦਿਮਾਗ਼ ਨਾਲ ਇਸ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਜਿਹੇ ਦਬਾਅ ਨਾਲ ਆਲਮੀ ਪੱਧਰ ’ਤੇ ਉਸ ਪ੍ਰਤੀ ਬਣ ਰਹੀ ਸੋਚ ਕਿਸੇ ਮੋੜ ’ਤੇ ਜਾ ਕੇ ਉਲਟ ਹਾਲਾਤ ਵੀ ਪੈਦਾ ਕਰ ਸਕਦੀ ਹੈ।
ਆਭਾਰ : https://www.punjabijagran.com/editorial/general-global-fear-of-america-9462810.html
test