05 ਅਗਸਤ, 2025 – ਚੰਡੀਗੜ੍ਹ : ਪੰਜਾਬ ਦੇ ਕੁੱਝ ਆਈਏਐੱਸ ਅਫ਼ਸਰਾਂ ਦੇ ਹਵਾਈ ਸਫ਼ਰ ’ਤੇ ਉਂਗਲ ਉੱਠੀ ਹੈ, ਜਿਨ੍ਹਾਂ ਨੇ ਹਵਾਈ ਟਿਕਟਾਂ ਦੀ ਖ਼ਰੀਦ ’ਤੇ ਵਾਧੂ ਖਰਚਾ ਕੀਤਾ ਹੈ। ਕੰਪਟ੍ਰੋਲਰ ਐਂਡ ਆਡਿਟਰ ਜਨਰਲ (ਕੈਗ) ਨੇ ਇਨ੍ਹਾਂ ਆਈਏਐੱਸ ਅਫ਼ਸਰਾਂ ਵੱਲੋਂ ਹਵਾਈ ਟਿਕਟਾਂ ਦੀ ਕੀਤੀ ਖ਼ਰੀਦ ’ਤੇ ਸੁਆਲ ਖੜ੍ਹੇ ਕੀਤੇ ਹਨ ਅਤੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਬਾਰੇ ਜੁਆਬ ਤਲਬ ਕੀਤਾ ਹੈ। ਲੇਖਾ ਜਾਂਚ ਦੌਰਾਨ ਕੁੱਝ ਨੁਕਤੇ ਉਠਾਏ ਗਏ ਹਨ ਜਿਨ੍ਹਾਂ ਬਾਰੇ ਪੰਜਾਬ ਨੇ ਹਾਲੇ ਸਪੱਸ਼ਟ ਕਰਨਾ ਹੈ। ਕਾਫ਼ੀ ਸਾਲ ਪਹਿਲਾਂ ਚੰਡੀਗੜ੍ਹ ਯੂਟੀ ’ਚ ਤਾਇਨਾਤ ਤਿੰਨ ਆਈਏਐੱਸ ਅਫ਼ਸਰਾਂ ਦੀ ਪੈਰਿਸ ਯਾਤਰਾ ’ਤੇ ਕੀਤੇ ਵਾਧੂ ਖ਼ਰਚ ਦਾ ਵੀ ਕਾਫ਼ੀ ਰੌਲਾ ਪਿਆ ਸੀ।
ਇਹ ਅਧਿਕਾਰੀ ਪੈਰਿਸ ਦੇ ਸੱਤ ਦਿਨਾਂ ਦੌਰੇ ’ਤੇ ਗਏ ਸਨ ਅਤੇ ਇਨ੍ਹਾਂ ਵੱਲੋਂ ਕਰੀਬ 6.71 ਲੱਖ ਦਾ ਵਾਧੂ ਖ਼ਰਚ ਕੀਤਾ ਗਿਆ ਸੀ। ਇਨ੍ਹਾਂ ਅਧਿਕਾਰੀਆਂ ਨੇ ਬਿਜ਼ਨਸ ਕਲਾਸ ਵਿੱਚ ਹਵਾਈ ਸਫ਼ਰ ਕੀਤਾ ਸੀ। ਉਸ ਵੇਲੇ ਇਨ੍ਹਾਂ ਅਫ਼ਸਰਾਂ ਦੇ ਪੈਰਿਸ ਟੂਰ ’ਤੇ ਆਡਿਟ ਇਤਰਾਜ਼ ਲੱਗੇ ਸਨ। ਹੁਣ ਵੀ ਆਈਏਐੱਸ ਅਫ਼ਸਰਾਂ ਦੀਆਂ ਹਵਾਈ ਟਿਕਟਾਂ ’ਤੇ ਇਤਰਾਜ਼ ਲੱਗੇ ਹਨ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੰਜਾਬ ਦੇ ਅਜਿਹੇ ਆਈਏਐੱਸ ਅਫ਼ਸਰਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ। ਇਤਰਾਜ਼ ਇਹ ਉੱਠੇ ਹਨ ਕਿ ਪੰਜਾਬ ਦੇ ਕੁੱਝ ਆਈਏਐੱਸ ਅਫ਼ਸਰਾਂ ਵੱਲੋਂ ਜੋ ਯਾਤਰਾ ਭੱਤਾ ਲਿਆ ਗਿਆ ਹੈ, ਉਸ ’ਚ ਹਵਾਈ ਟਿਕਟਾਂ ਦੀ ਖ਼ਰੀਦ ਮੌਕੇ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।
ਕੇਂਦਰੀ ਵਿੱਤ ਮੰਤਰਾਲੇ ਨੇ 16 ਜੂਨ 2022 ਨੂੰ ਹਵਾਈ ਟਿਕਟਾਂ ਨੂੰ ਲੈ ਕੇ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਸਨ, ਜੋ ਸਮੁੱਚੇ ਦੇਸ਼ ਦੇ ਉੱਚ ਅਫ਼ਸਰਾਂ ’ਤੇ ਲਾਗੂ ਸਨ। ਕੇਂਦਰੀ ਵਿੱਤ ਮੰਤਰਾਲੇ ਨੇ ਇਨ੍ਹਾਂ ਹਦਾਇਤਾਂ ’ਚ ਹਵਾਈ ਟਿਕਟਾਂ ਦੀ ਖ਼ਰੀਦ ਲਈ ਤਿੰਨ ਟਰੈਵਲ ਏਜੰਟਾਂ ਨੂੰ ਅਧਿਕਾਰਤ ਕੀਤਾ ਸੀ, ਜਿਨ੍ਹਾਂ ’ਚ ਮੈਸਰਜ਼ ਬਾਲਮਰ ਲਾਰੀ ਐਂਡ ਕੰਪਨੀ ਲਿਮਟਿਡ, ਮੈਸਰਜ਼ ਅਸ਼ੋਕ ਟਰੈਵਲਜ਼ ਐਂਡ ਟੂਰਜ਼ ਅਤੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਸ਼ਾਮਲ ਹਨ। ਜੇ ਹਵਾਈ ਟਿਕਟਾਂ ਦੀ ਬੁਕਿੰਗ ਇਨ੍ਹਾਂ ਤਿੰਨੋਂ ਏਜੰਸੀਆਂ ਜ਼ਰੀਏ ਕੀਤੀ ਜਾਂਦੀ ਤਾਂ ਇਨ੍ਹਾਂ ਏਜੰਸੀਆਂ ਵੱਲੋਂ ਕੋਈ ਏਜੰਸੀ ਚਾਰਜਿਜ਼ ਜਾਂ ਹੋਰ ਕੋਈ ਫ਼ੀਸ ਨਹੀਂ ਲਈ ਜਾਣੀ ਸੀ।
ਨਿਰਧਾਰਤ ਏਜੰਟਾਂ ਦੀ ਥਾਂ ਪ੍ਰਾਈਵੇਟ ਏਜੰਟਾਂ ਤੋਂ ਖਰੀਦੀਆਂ ਹਵਾਈ ਟਿਕਟਾਂ
ਪੰਜਾਬ ਦੇ ਕੁੱਝ ਆਈਏਐੱਸ ਅਫ਼ਸਰਾਂ ਨੇ ਇਨ੍ਹਾਂ ਨਿਰਧਾਰਤ ਏਜੰਟਾਂ ਦੀ ਥਾਂ ਪ੍ਰਾਈਵੇਟ ਏਜੰਟਾਂ ਤੋਂ ਹਵਾਈ ਟਿਕਟਾਂ ਖ਼ਰੀਦੀਆਂ ਅਤੇ ਪ੍ਰਾਈਵੇਟ ਏਜੰਟਾਂ ਵੱਲੋਂ ਹਵਾਈ ਟਿਕਟਾਂ ’ਤੇ ਸਰਵਿਸ ਫ਼ੀਸ ਲਾਈ ਗਈ ਸੀ। ਅਜਿਹਾ ਕਰਨਾ ਨਿਰਧਾਰਿਤ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਇਸੇ ਤਰ੍ਹਾਂ ਆਈਏਐੱਸ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ ਨਿਰਧਾਰਿਤ ਫਾਰਮ ’ਤੇ ਆਪਣੇ ਬਿੱਲ ਜਮ੍ਹਾਂ ਨਹੀਂ ਕਰਵਾਏ ਹਨ। ਇਹ ਸਾਫ਼ ਕਿਹਾ ਗਿਆ ਹੈ ਕਿ ਅਜਿਹਾ ਕਰਨਾ ਵੀ ਸਿੱਧਾ ਨਿਯਮਾਂ ਦੀ ਉਲੰਘਣਾ ਹੈ।
ਪੰਜਾਬੀ ਟ੍ਰਿਬਯੂਨ