07 ਅਪਰੈਲ, 2025 – ਅੰਮ੍ਰਿਤਸਰ : ਇਸ ਵੇਲੇ ਜਦੋਂ ਪੂਰਾ ਦੇਸ਼ ਵਕਫ਼ (ਸੋਧ) ਬਿੱਲ ਨੂੰ ਸੰਸਦ ਵਿੱਚ ਮਨਜ਼ੂਰੀ ਦੇ ਪ੍ਰਭਾਵ ਬਾਰੇ ਬਹਿਸ ਕਰ ਰਿਹਾ ਹੈ, ਅਜਿਹੇ ਵਿੱਚ ਇਸ ਗੱਲ ਤੋਂ ਜ਼ਿਆਦਾਤਰ ਲੋਕ ਬੇਖ਼ਬਰ ਹਨ ਕਿ ਇਕੱਲੇ ਅੰਮ੍ਰਿਤਸਰ ਵਿੱਚ ਇਸ ਮੁਸਲਿਮ ਸੰਸਥਾ ਕੋਲ ਕਰੀਬ 1400 ਜਾਇਦਾਦਾਂ ਹਨ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ ਸੈਂਕੜੇ ਕਰੋੜ ਵਿੱਚ ਹੈ। ਇਨ੍ਹਾਂ ’ਚੋਂ 30 ਜਾਇਦਾਦਾਂ ਜਲ੍ਹਿਆਂਵਾਲਾ ਬਾਗ ਅਤੇ ਹਰਿਮੰਦਰ ਸਾਹਿਬ ਵੱਲ ਜਾਣ ਵਾਲੀ ਸੜਕ ਕੰਢੇ ਪ੍ਰਮੁੱਖ ਖੇਤਰ ਵਿੱਚ ਸਥਿਤ ਹਨ। ਇਹ ਜਾਇਦਾਦਾਂ ਵੰਡ ਤੋਂ ਪਹਿਲਾਂ ਉਸ ਸਮੇਂ ਦੀਆਂ ਹਨ ਜਦੋਂ ਚਾਰਦੀਵਾਰੀ ਵਾਲੇ ਇਸ ਸ਼ਹਿਰ ਵਿੱਚ ਮੁਸਲਮਾਨ ਬਹੁਗਿਣਤੀ ਵਿੱਚ ਸਨ।
ਵਕਫ਼ ਅਧਿਕਾਰੀਆਂ ਨੇ 9 ਜਨਵਰੀ 1971 ਨੂੰ ਜਾਰੀ ਨੋਟੀਫਿਕੇਸ਼ਨ ਤਹਿਤ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ 3378 ਸੁੰਨੀ ਜਾਇਦਾਦਾਂ ਦੀ ਪਛਾਣ ਕੀਤੀ ਸੀ। ਇਨ੍ਹਾਂ ਵਿੱਚ ਮਸਜਿਦਾਂ, ਕਬਰਿਸਤਾਨ, ਤਕੀਆ (ਮਕਬਰਾ) ਅਤੇ ਖਾਨਕਾਹ (ਅਧਿਆਤਮਕ ਕੇਂਦਰ) ਸ਼ਾਮਲ ਸਨ। ਪੱਟੀ, ਤਰਨ ਤਾਰਨ ਅਤੇ ਅਜਨਾਲਾ ਵਿੱਚ ਕ੍ਰਮਵਾਰ 416, 867 ਅਤੇ 834 ਅਜਿਹੀਆਂ ਜਾਇਦਾਦਾਂ ਹਨ, ਜਿਨ੍ਹਾਂ ਵਿੱਚ ਖੇਤੀ ਵਾਲੀ ਜ਼ਮੀਨ ਦੇ ਵੱਡੇ ਹਿੱਸੇ ਹਨ। ਵਕਫ਼ ਬੋਰਡ ਇਨ੍ਹਾਂ ਜਾਇਦਾਦਾਂ ਦਾ ਇਕਮਾਤਰ ਰਖਵਾਲਾ ਹੈ। ਇਕੱਤਰ ਕੀਤੇ ਕਿਰਾਏ ਦਾ ਇਸਤੇਮਾਲ ਮੁੱਖ ਤੌਰ ’ਤੇ ਇਮਾਮਾਂ (ਹਰੇਕ ਨੂੰ 6000 ਰੁਪਏ ਮਹੀਨਾ) ਨੂੰ ਤਨਖ਼ਾਹਾਂ ਦੇਣ ਲਈ ਕੀਤਾ ਜਾਂਦਾ ਹੈ। ਧਨ ਦਾ ਇਸਤੇਮਾਲ ਇਮਾਰਤਾਂ ਜਾਂ ਢਾਂਚਿਆਂ ਦੇ ਰੱਖ-ਰਖਾਓ ਅਤੇ ਕਾਨੂੰਨ ਖਰਚਿਆਂ ਨੂੰ ਪੂਰਾ ਕਰਨ ਲਈ ਵੀ ਕੀਤਾ ਜਾਂਦਾ ਹੈ ਕਿਉਂਕਿ ਕਈ ਜਾਇਦਾਦਾਂ ਕਾਨੂੰਨ ਵਿਵਾਦਾਂ ਵਿੱਚ ਫਸੀਆਂ ਹੋਈਆਂ ਹਨ। ਨੇਮਾਂ ਮੁਤਾਬਕ, ਬੋਰਡ ਮੌਜੂਦਾ ਕੁਲੈਕਟਰ ਦਰ ਦੇ 2.5 ਫੀਸਦ ਤੋਂ ਜ਼ਿਆਦਾ ਕਿਰਾਇਆ ਨਹੀਂ ਲੈ ਸਕਦਾ ਹੈ।
ਅੰਮ੍ਰਿਤਸਰ ਵਿੱਚ ਜਾਮਾ ਮਸਜਿਦ ਖ਼ਲੀਫਾ ਰਜ਼ਾ-ਏ-ਮੁਸਾਫ਼ਾ ਨੂੰ ਸੰਚਾਲਿਤ ਮਸਜਿਦਾਂ ’ਚੋਂ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਉਸ ਥਾਂ ’ਤੇ ਹੈ ਜਿੱਥੇ ਸੂਫੀ ਸੰਤ ਸਾਈਂ ਹਜ਼ਰਤ ਮੀਆਂ ਮੀਰ ਨੇ ਸ਼ਹਿਰ ਦੀ ਅਮੀਰ ਸਭਿਆਚਾਰ ਇਕਸੁਰਤਾ ਦੇ ਪ੍ਰਤੀਕ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਤੋਂ ਬਾਅਦ ਨਮਾਜ਼ ਅਦਾ ਕੀਤੀ ਸੀ। ਹਰਿਮੰਦਰ ਸਾਹਿਬ ਤੋਂ ਸਿਰਫ਼ 100 ਗਜ਼ ਦੂਰ ਸਥਿਤ ਇਹ ਮਸਜਿਦ ਜਲ੍ਹਿਆਂਵਾਲਾ ਬਾਗ ਦੇ ਨਾਲ ਕੰਧ ਸਾਂਝੀ ਕਰਦੀ ਹੈ। ਮਸਜਿਦ ਦੇ ਰੱਖ-ਰਖਾਓ ਵਾਸਤੇ ਕਈ ਦੁਕਾਨਾਂ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਮੰਨਿਆ ਜਾਂਦਾ ਹੈ ਕਿ ਸਾਈਂ ਮੀਆਂ ਮੀਰ ਵੱਲੋਂ ਰੱਖੀ ਗਈ ਡਾਇਰੀ ਵਿੱਚ ਜ਼ਿਕਰ ਹੈ ਕਿ ਸੂਫੀ ਸੰਤ ਨੇ ਇੱਥੇ 14 ਦਿਨਾਂ ਤੱਕ ਨਮਾਜ਼ ਅਦਾ ਕੀਤੀ ਸੀ। ਡਾਇਰੀ ਨੂੰ ਉਨ੍ਹਾਂ ਦੇ ਵੰਸ਼ਜਾਂ ਨੇ ਲਾਹੌਰ ਦੇ ਇਕ ਬੈਂਕ ਦੇ ਲਾਕਰ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ।
ਪਵਿੱਤਰ ਸ਼ਹਿਰ ਵਿੱਚ ਇਕ ਹੋਰ ਪ੍ਰਮੁੱਖ ਧਾਰਮਿਕ ਸਥਾਨ ਜਾਨ ਮੁਹੰਮਦ ਮਸਜਿਦ ਹੈ, ਜਿਸ ਨੂੰ ਲਗਪਗ 165 ਸਾਲ ਪਹਿਲਾਂ ਕਾਰੋਬਾਰੀ ਜਾਨ ਮੁਹੰਮਦ ਨੇ ਬਣਵਾਇਆ ਸੀ। ਟਾਊਨ ਹਾਲ ਦੇ ਸਾਹਮਣੇ ਅਤੇ ਜਲ੍ਹਿਆਂਵਾਲਾ ਬਾਗ਼ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ 500 ਮੀਟਰ ਤੋਂ ਵੀ ਘੱਟ ਦੂਰ ਸਥਿਤ ਇਸ ਮਸਜਿਦ ਵਿੱਚ ਗਰਾਊਂਡ ਫਲੋਰ ’ਤੇ 15 ਦੁਕਾਨਾਂ ਹਨ ਜਦਕਿ ਇਸ ਦਾ ਮੁੱਖ ਹਾਲ ਜੋ ਗੁੰਬਦ ਹੇਠ ਸਥਿਤ ਹੈ, ਪਹਿਲੀ ਮੰਜ਼ਿਲ ’ਤੇ ਹੈ।
ਮਸਜਿਦ ਖੈ਼ਰੂਦੀਨ ਵਕਫ਼ ਦੀ ਮਾਲਕੀ ਵਾਲਾ ਸਭ ਤੋਂ ਵੱਡਾ ਧਾਰਮਿਕ ਢਾਂਚਾ
ਬਸਤੀਵਾਦੀ ਯੁੱਗ ਦੇ ਰੇਲਵੇ ਡਾਇਰੈਕਟਰ ਖੈ਼ਰੂਦੀਨ ਵੱਲੋਂ ਬਣਵਾਈ ਗਈ ਮਸਜਿਦ ਖੈ਼ਰੂਦੀਨ 156 ਸਾਲ ਪੁਰਾਣੀ ਮਸਜਿਦ ਹੈ ਜੋ ਸ਼ਹਿਰ ਵਿੱਚ ਵਕਫ਼ ਦੀ ਮਾਲਕੀ ਵਾਲਾ ਸਭ ਤੋਂ ਵੱਡਾ ਧਾਰਮਿਕ ਢਾਂਹਾ ਹੈ। ਇਹ ਪ੍ਰਾਈਮ ਹਾਲ ਗੇਟ ਇਲਾਕੇ ਵਿੱਚ ਲਗਪਗ ਏਕੜ ’ਚ ਫੈਲੀ ਹੋਈ ਹੈ। ਇਸ ਵਿੱਚ ਸੱਤ ਦੁਕਾਨਾਂ ਹਨ, ਜਿਨ੍ਹਾਂ ਵਿੱਚੋਂ ਚਾਰ ਦੁਕਾਨਾਂ ਦੇ ਕੇਸ ਅਦਾਲਤਾਂ ’ਚ ਵਿਚਾਰਅਧੀਨ ਹਨ। ਉਸੇ ਸੜਕ ’ਤੇ ਮਸਜਿਦ ਸਿਕੰਦਰ ਖ਼ਾਨ ਹੈ, ਜਿਸ ਵਿੱਚ ਪੰਜ ਦੁਕਾਨਾਂ ਜੁੜੀਆਂ ਹੋਈਆਂ ਹਨ। ਮਸਜਿਦ ਹਮਜ਼ਾ ਸ਼ਰੀਫ਼ ਜੋ 150 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ, ਵਿੱਚ ਵੀ ਪੰਜ ਦੁਕਾਨਾਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਾਨੂੰਨੀ ਵਿਵਾਦਾਂ ਹੇਠ ਹਨ।
ਪੰਜਾਬੀ ਟ੍ਰਿਬਯੂਨ
test