30 ਅਪਰੈਲ, 2025 – ਪਠਾਨਕੋਟ : ਗੁਰਦੁਆਰਾ ਬਾਰਠ ਸਾਹਿਬ ਕੋਲ ਇੱਕ ਕਿਸਾਨ ਦੇ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਅੱਗ ਵਿੱਚ 2 ਪਸ਼ੂ ਵੀ ਝੁਲਸ ਗਏ। ਪ੍ਰਭਾਵਿਤ ਕਿਸਾਨ ਬਲਬੀਰ ਸਿੰਘ ਹੋਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮੌਕੇ ਉੱਤੇ ਪੁੱਜੇ ਜਿਨ੍ਹਾਂ ਅੱਗ ’ਤੇ ਕਾਬੂ ਪਾਇਆ। ਅਸੂਚਨਾ ਮਿਲਦੇ ਸਾਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੀ ਮੌਕੇ ’ਤੇ ਕਿਸਾਨ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ।
ਕਿਸਾਨ ਬਲਬੀਰ ਸਿੰਘ ਦਾ ਦੋਸ਼ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਜਾਣਬੁੱਝ ਕੇ ਖੇਤਾਂ ਵਿੱਚ ਅੱਗ ਲਗਾਈ ਹੈ ਜਿਸ ਦੇ ਬਾਅਦ ਅੱਗ ਉਸ ਦੇ ਡੇਰੇ ਤੱਕ ਵੀ ਪੁੱਜ ਗਈ। ਡੇਰੇ ਵਿੱਚ ਤੂੜੀ ਦੇ ਮੂਸਲ ਅਤੇ 2 ਪਸ਼ੂ ਵੀ ਅੱਗ ਕਾਰਨ ਝੁਲਸ ਗਏ ਜਦਕਿ 15 ਰੀਪਰ ਤੂੜੀ ਅਲੱਗ ਵੀ ਸੜ ਕੇ ਸੁਆਹ ਹੋ ਗਈ। ਉਸ ਨੇ ਦੱਸਿਆ ਕਿ ਇਸ ਅੱਗ ਦੀ ਲਪੇਟ ਵਿੱਚ ਆ ਕੇ ਕਰੀਬ ਡੇਢ ਏਕੜ ਫਸਲ ਬਰਬਾਦ ਹੋ ਗਈ ਤੇ ਬਾਕੀ ਨੁਕਸਾਨ ਵੱਖਰਾ ਹੋਇਆ। ਕਿਸਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਵੀ ਕਹਿਣਾ ਸੀ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਜਿੱਥੇ ਵੀ ਅੱਗ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ, ਉਨ੍ਹਾਂ ਸਾਰੇ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਰਪੰਚ ਬਲਦੇਵ ਰਾਜ, ਸਾਬਕਾ ਸਰਪੰਚ ਜਰਨੈਲ ਸਿੰਘ, ਪੰਚਾਇਤ ਮੈਂਬਰ ਭੁਪਿੰਦਰ ਸਿੰਘ, ਜੱਸੀ ਸਿੰਘ ਤੇ ਅਰੁਣ ਕੁਮਾਰ ਵੀ ਹਾਜ਼ਰ ਸਨ।
ਘਰ ਦੀ ਪਹਿਲੀ ਮੰਜ਼ਿਲ ’ਤੇ ਅੱਗ ਲੱਗੀ
ਜਲੰਧਰ : ਇੱਥੇ ਸੰਘਾ ਚੌਕ ਨੇੜੇ ਇੱਕ ਘਰ ਦੀ ਪਹਿਲੀ ਮੰਜ਼ਿਲ ’ਤੇ ਅੱਗ ਲੱਗ ਗਈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਫਾਇਰ ਬ੍ਰਿਗੇਡ ਟੀਮ ਦੇ ਅਨੁਸਾਰ, ਅੱਗ ਸਿਲੰਡਰ ਨਾਲ ਜੁੜੇ ਰੈਗੂਲੇਟਰ ਵਿੱਚ ਲੀਕੇਜ ਕਾਰਨ ਲੱਗੀ ਹੋ ਸਕਦੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰਮੈਨ ਰਵਿੰਦਰ ਸਿੰਘ ਨੇ ਕਿਹਾ ਕਿ ਸਵੇਰੇ ਕਰੀਬ 10:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਘਰ ਦੀ ਪਹਿਲੀ ਮੰਜ਼ਿਲ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ ਸੀ ਅਤੇ ਲਗਭਗ ਇੱਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਰਵਿੰਦਰ ਸਿੰਘ ਅਨੁਸਾਰ ਘਟਨਾ ਵਾਲੀ ਥਾਂ ਤੋਂ ਇੱਕ ਸਿਲੰਡਰ ਵੀ ਮਿਲਿਆ ਹੈ, ਜੋ ਅੱਗ ਲੱਗਣ ਵਾਲੀ ਜਗ੍ਹਾ ਦੇ ਨੇੜੇ ਪਿਆ ਸੀ। ਘਟਨਾ ਸਮੇਂ ਪਿਓ-ਪੁੱਤਰ ਘਰ ਦੇ ਅੰਦਰ ਸਨ ਜੋ ਸੁਰੱਖਿਅਤ ਬਾਹਰ ਆ ਗਏ ਸਨ। ਇਸ ਘਟਨਾ ਵਿੱਚ ਘਰ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਰੇਲਵੇ ਕਲੋਨੀ ਵਿੱਚ ਅੱਗ ਲੱਗੀ
ਪਠਾਨਕੋਟ : ਸਿਟੀ ਰੇਲਵੇ ਸਟੇਸ਼ਨ ਸਥਿਤ ਰੇਲਵੇ ਕਲੋਨੀ ਨੰਬਰ-1 ਵਿੱਚ ਅੱਜ ਦੁਪਹਿਰ 12:30 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਬਾਰੇ ਪਤਾ ਲੱਗਣ ’ਤੇ ਲੋਕਾਂ ਨੇ ਆਪੋ-ਆਪਣੇ ਸਾਧਨਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਅੱਗ ਬੇਕਾਬੂ ਹੋ ਗਈ ਤਾਂ ਇਸ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜੀ ਅਤੇ ਫਾਇਰ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ। ਇਸ ਅੱਗ ਨਾਲ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਅੱਗ ਲੱਗਣ ਦਾ ਕਾਰਨ ਲੋਕਾਂ ਨੇ ਕਲੋਨੀ ਵਿੱਚ ਡਿੱਗੇ ਹੋਏ ਸਫੈਦੇ ਦੇ ਦਰੱਖਤ ਨੂੰ ਦੱਸਿਆ ਜੋ ਕੁੱਝ ਦਿਨ ਪਹਿਲਾਂ ਤੇਜ਼ ਹਨੇਰੀ ਕਾਰਨ ਡਿੱਗਾ ਸੀ। ਇਸਦੀਆਂ ਟਹਿਣੀਆਂ ਅਤੇ ਸੁੱਕੇ ਪੱਤੇ ਥੱਲੇ ਡਿੱਗੇ ਹੋਏ ਸਨ, ਜਿਨ੍ਹਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਜੋ ਅੱਗੇ ਫੈਲ ਗਈ।
ਪੰਜਾਬੀ ਟ੍ਰਿਬਯੂਨ
test