22 ਮਈ, 2025 – ਮਾਨਸਾ : ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਇਥੇ ਆਪਣੀਆਂ ਮੰਗਾਂ ਲਈ ਡੀਸੀ ਦਫ਼ਤਰ ਮਾਨਸਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਟਾਲ-ਮਟੋਲ ਦੀ ਨੀਤੀ ਅਪਣਾ ਕੇ ਮਸਲਿਆਂ ਨੂੰ ਹੱਲ ਨਹੀਂ ਕਰ ਰਹੀ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਰਾਹੀਂ ਕੇਂਦਰੀ ਮੰਤਰੀ ਅੰਨਾਪੂਰਨ ਨੂੰ ਮੰਗ ਪੱਤਰ ਵੀ ਭੇਜਿਆ।
ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਪੋਸ਼ਣ ਟ੍ਰੈਕ ਦੇ ਨਾਂਅ ’ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇੰਨੀ ਬੇਵਿਸ਼ਵਾਸੀ ’ਤੇ ਆ ਗਈ ਹੈ ਕਿ ਪਹਿਲਾਂ ਆਧਾਰ ਕਾਰਡ ਦੇ ਨਾਲ ਬੱਚਿਆਂ ਦੀ ਗਿਣਤੀ ਪੋਸ਼ਣ ਟਰੈਕ ਉੱਤੇ ਲਈ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਵੰਡਿਆ ਜਾਣ ਵਾਲਾ ਨਿਗੂਣਾ ਜਿਹਾ ਸਪਲੀਮੈਂਟਰੀ ਨਿਊਟਰੇਸ਼ਨ, ਜੋ 15 ਦਿਨਾਂ ਦਾ 300 ਗ੍ਰਾਮ ਬਣਦਾ ਹੈ ਅਤੇ ਮਹੀਨੇ ਵਿੱਚ ਦੋ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ, ਉਹ ਵੀ ਮੋਬਾਈਲ ਦੀ ਕੇਵਾਈਸੀ ਕਰਕੇ ਅਤੇ ਓਟੀਪੀ ਲੈ ਕੇ ਪ੍ਰਾਪਤ ਕਰਤਾ ਦੀ ਫੋਟੋ ਖਿੱਚਕੇ ਦੇਣਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਰਤਾਂ ਕਾਰਨ ਸਰਕਾਰ ਦੀਆਂ ਨਿੱਤ ਨਵੀਆਂ ਨੀਤੀਆਂ ਆਈਡੀਸੀਐੱਸ ਸਕੀਮ ਨੂੰ ਖਾਤਮੇ ਵੱਲ ਲੈਕੇ ਜਾ ਰਹੀਆਂ ਹਨ। ਯੂਨੀਅਨ ਆਗੂ ਸ਼ਿੰਦਰ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਅੱਖੋਂ-ਪਰੋਖੇ ਕਰ ਰਹੀ ਹੈ ਅਤੇ ਬਜ਼ਟ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਕੌਰ, ਡੇਜ਼ੀ ਗੁਪਤਾ, ਦਲਜੀਤ ਕੌਰ, ਅਵਿਨਾਸ਼ ਕੌਰ, ਸੁਮਨ ਲਤਾ, ਸੁਖਪਾਲ ਕੌਰ ਨੇ ਵੀ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ
test