02 ਅਪਰੈਲ, 2025 – ਮਾਨਸਾ : ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਮਾਨਸਾ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਵਿੱਚ ਬੁਢਲਾਡਾ ਵਿੱਚ ਧਰਨੇ ਦੌਰਾਨ ਬਜਟ ਦੀਆਂ ਕਾਪੀਆਂ ਸਾੜਦਿਆਂ ਦੋਸ਼ ਲਾਇਆ ਕਿ ਬਜਟ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੀ ਸੂਬਾਈ ਆਗੂ ਤੇ ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਇਹ ਬਜਟ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਅਤੇ ਲੋਕ ਸਮੱਸਿਆਵਾਂ ਨੂੰ ਦਰਕਿਨਾਰ ਕਰਨ ਵਾਲਾ ਹੈ। ਉਨ੍ਹਾਂ ਵਿਭਾਗ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਂਗਣਵਾੜੀ ਮੁਲਾਜ਼ਮਾਂ ਦੇ ਕੰਮ ਘੰਟੇ ਸਿਰਫ ਚਾਰ ਘੰਟੇ ਦੱਸਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ’ਤੇ ਵਾਧੂ ਕੰਮ ਦਾ 12-12 ਤੋਂ ਵੱਧ ਸਮੇਂ ਦਾ ਬੋਝ ਹੈ ਅਤੇ ਮਾਣਭੱਤਾ ਨਿਗੂਣਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸਿਰਫ਼ ਚਾਰ ਘੰਟੇ ਹੀ ਡਿਊਟੀ ਕਰਨਗੀਆਂ।
ਉਨ੍ਹਾਂ ਕਿਹਾ ਕਿ ਸਾਰੀਆਂ ਬਾਲਗ ਔਰਤਾਂ ਨੂੰ ਇੱਕ ਹਜ਼ਾਰ ਨਗਦ ਮਾਲੀ ਮਦਦ ਦੀ ਗਾਰੰਟੀ ਦੇਣ ਤੋਂ ਵੀ ਇਸ ਬਜਟ ਵਿੱਚ ਪਾਸਾ ਵੱਟਿਆ ਗਿਆ ਹੈ। ਸੀਟੂ ਆਗੂ ਨੇ ਕਿਹਾ ਕਿ ਆਂਗਣਵਾੜੀ, ਆਸ਼ਾ, ਮਿੱਡ-ਡੇਅ ਮੀਲ ਵਰਕਰਾਂ ਦੀਆਂ ਉਜ਼ਰਤਾਂ ਦੁੱਗਣੀਆਂ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੋਈ ਰਾਸ਼ੀ ਅਲਾਟ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਜਥੇਬੰਦੀ ਆਉਂਦੇ ਦਿਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕਰੇਗੀ। ਇਸ ਮੌਕੇ ਤੇਜਿੰਦਰ ਕੌਰ ਵਾਲੀਆ, ਸੁਮਨ ਲਤਾ, ਸੁਖਪਾਲ ਕੌਰ, ਮਨਜੀਤ ਕੌਰ ਬੀਰੋਕੇ, ਬਲਵਿੰਦਰ ਕੌਰ, ਭੋਲੀ ਕੌਰ, ਸੁਖਵਿੰਦਰ ਕੌਰ, ਸੁਮਨ ਗਰਗ, ਬੇਅੰਤ ਕੌਰ, ਨੀਲਮ ਮੰਡੇਰ ਆਦਿ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test