05 ਫਰਵਰੀ, 2026 – ਗਾਜ਼ੀਆਬਾਦ : ਇੱਥੇ ਮੰਗਲਵਾਰ ਦੇਰ ਰਾਤ ਨੌਵੀਂ ਮੰਜ਼ਿਲ ’ਤੇ ਸਥਿਤ ਫਲੈਟ ਦੀ ਬਾਲਕੋਨੀ ਤੋਂ ਕਥਿਤ ਤੌਰ ’ਤੇ ਛਾਲ ਮਾਰਨ ਮਗਰੋਂ ਤਿੰਨ ਨਾਬਾਲਗ ਭੈਣਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਆਨਲਾਈਨ ਕੋਰੀਅਨ ਗੇਮ ਦੀ ਝੱਸ ਸਬੰਧੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਸਹਾਇਕ ਪੁਲੀਸ ਕਮਿਸ਼ਨਰ (ਸ਼ਾਲੀਮਾਰ ਗਾਰਡਨ) ਅਤੁਲ ਕੁਮਾਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਤਿੰਨੇ ਭੈਣਾਂ ਆਨਲਾਈਨ ਕੋਰੀਅਨ ਗੇਮ ‘ਲਵ ਗੇਮ’ ਖੇਡਣ ਦੀਆਂ ਆਦੀ ਸਨ ਜਿਸ ਵਿੱਚ ਟੀਚੇ ਪੂਰੇ ਕਰਨ ਲਈ ਦਿੱਤੇ ਜਾਂਦੇ ਹਨ।
ਪੁਲੀਸ ਡਿਪਟੀ ਕਮਿਸ਼ਨਰ ਨਿਮਿਸ਼ ਪਟੇਲ ਅਨੁਸਾਰ, ਜਾਂਚ ਪੜਤਾਲ ਤੋਂ ਪਤਾ ਲੱਗਿਆ ਕਿ ਲੜਕੀਆਂ ਕੋਰੀਅਨ ਸਮੱਗਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ ਅਤੇ ਮੋਬਾਈਲ ਫੋਨ ’ਤੇ ਲੰਮਾ ਸਮਾਂ ਬਿਤਾਉਂਦੀਆਂ ਸਨ, ਜਦਕਿ ਪਰਿਵਾਰਕ ਮੈਂਬਰਾਂ ਨੂੰ ਮੋਬਾਈਲ ਫੋਨ ਦੀ ਵਰਤੋਂ ’ਤੇ ਇਤਰਾਜ਼ ਸੀ।
ਪੁਲੀਸ ਨੂੰ ਤੜਕੇ ਕਰੀਬ ਸਵਾ ਦੋ ਵਜੇ ਹਾਦਸੇ ਦੀ ਜਾਣਕਾਰੀ ਮਿਲੀ। ਮੌਕੇ ’ਤੇ ਪੁੱਜੀ ਪੁਲੀਸ ਨੂੰ ਚੇਤਨ ਕੁਮਾਰ ਦੀਆਂ ਤਿੰਨ ਲੜਕੀਆਂ ਨਿਸ਼ੀਕਾ (16), ਪ੍ਰਾਚੀ (14) ਅਤੇ ਪਾਖੀ (12) ਜ਼ਮੀਨ ’ਤੇ ਖ਼ੂਨ ਨਾਲ ਲਥਪਥ ਮਿਲੀਆਂ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿੰਨੇ ਲੜਕੀਆਂ ਨਹਾਉਣ ਤੋਂ ਲੈ ਕੇ ਖਾਣਾ ਖਾਣ, ਸੌਣ ਅਤੇ ਸਕੂਲ ਜਾਣ ਤੱਕ ਹਰ ਕੰਮ ਇਕੱਠਿਆਂ ਕਰਦੀਆਂ ਸਨ। ਪੁਲੀਸ ਨੂੰ ਲੜਕੀਆਂ ਦੀ ਡਾਇਰੀ ਮਿਲੀ ਹੈ ਜਿਸ ਵਿੱਚ ਘਟਨਾ ਨਾਲ ਸਬੰਧਿਤ ਸਮੱਗਰੀ ਹੈ। ਡਾਇਰੀ ’ਚੋਂ ਮਿਲੇ ਇੱਕ ਨੋਟ ’ਚ ਰੋਂਦੇ ਹੋਏ ਚਿਹਰੇ ਦੀ ਇਮੋਜ਼ੀ ਨਾਲ ਲਿਖਿਆ ਹੈ- ‘ਮੁਆਫ਼ ਕਰਨਾ ਪਾਪਾ, ਮੈਨੂੰ ਅਫਸੋਸ ਹੈ’।
ਲੜਕੀਆਂ ਦੇ ਪਿਤਾ ਚੇਤਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਨਲਾਈਨ ਗੇਮ ਬਾਰੇ ਕੁਝ ਪਤਾ ਨਹੀਂ ਸੀ; ਹਾਲਾਂਕਿ ਤਿੰਨੇ ਲੜਕੀਆਂ ਅਕਸਰ ਕੋਰੀਆ ਜਾਣ ਬਾਰੇ ਗੱਲਾਂ ਕਰਦੀਆਂ ਰਹਿੰਦੀਆਂ ਸਨ।
ਪੰਜਾਬੀ ਟ੍ਰਿਬਯੂਨ