ਕਡ਼ਿਆਂ ਵਿੱਚ ਫੇਰ-ਬਦਲ ਕਰ ਕੇ ਵਿਭਾਗ ਨੂੰ ਮੁਨਾਫ਼ੇ ’ਚ ਦਿਖਾਉਣ ਦੇ ਦੋਸ਼ ਲਾਏ
10 ਮਾਰਚ, 2026 – ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਆਪ’ ਸਰਕਾਰ ’ਤੇ ਕਾਗਜ਼ਾਂ ਵਿੱਚ ਬਿਜਲੀ ਨਿਗਮ ਨੂੰ ਮੁਨਾਫ਼ੇ ਵਿੱਚ ਦਿਖਾ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਬਿਜਲੀ ਨਿਗਮ ਨੂੰ ਆਰਥਿਕ ਤੌਰ ’ਤੇ ਫੇਲ੍ਹ ਕਰ ਕੇ ਇਸ ਨੂੰ ਨਿੱਜੀਕਰਨ ਵੱਲ ਧੱਕਣ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਪਿਛਲੇ ਸਾਲ 28 ਨਵੰਬਰ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਆਪਣੀ ਸਾਲਾਨਾ ਰੈਵੇਨਿਉ ਰਿਕਾਰਡ ਪਟੀਸ਼ਨ ਫਾਈਲ ਕੀਤੀ ਗਈ ਸੀ, ਜੋ ਕਿ ਨਿਯਮਾਂ ਅਨੁਸਾਰ ਬੋਰਡ ਨੂੰ ਹਰ ਸਾਲ 30 ਨਵੰਬਰ ਤੋਂ ਪਹਿਲਾਂ ਕਰਨੀ ਹੁੰਦੀ ਹੈ।
ਇਸ ਵਿੱਚ ਨਿਗਮ ਵੱਲੋਂ ਦਰਸਾਇਆ ਗਿਆ ਸੀ ਕਿ ਨਿਗਮ 1715 ਕਰੋੜ ਰੁਪਏ ਘਾਟੇ ਵਿੱਚ ਹੈ ਪਰ ਅਚਾਨਕ 4 ਫਰਵਰੀ 2026 ਨੂੰ ਪਹਿਲੀ ਵਾਰ ਬਿਜਲੀ ਨਿਗਮ ਵੱਲੋਂ ਰਿਵੀਜ਼ਨ ਪਟੀਸ਼ਨ ਦਾਖ਼ਲ ਕੀਤੀ ਜਾਂਦੀ ਹੈ। ਰਿਵੀਜ਼ਨ ਪਟੀਸ਼ਨ ਵਿੱਚ ਨਿਗਮ ਨੇ ਦਾਅਵਾ ਕੀਤਾ ਕਿ ਨਿਗਮ ਕੋਲ 7852 ਕਰੋੜ ਰੁਪਏ ਸਰਪਲਸ ਹਨ ਅਤੇ ਉਸ ਨੂੰ ਬਿਜਲੀ ਸਬਸਿਡੀ 19600 ਕਰੋੜ ਦੀ ਬਜਾਏ 15200 ਕਰੋੜ ਰੁਪਏ ਦੀ ਲੋੜ ਹੋਵੇਗੀ। ਸੁਨੀਲ ਜਾਖੜ ਨੇ ਕਿਹਾ ਕਿ ਰਿਵਾਈਜ਼ ਪਟੀਸ਼ਨ ਦੇ ਆਧਾਰ ’ਤੇ ਬਿਜਲੀ ਦਰਾਂ ਵਿੱਚ ਕਮੀ ਦਾ ਵਿਖਾਵਾ ਕੀਤਾ ਗਿਆ ਹੈ, ਪਰ ਅਸਲ ਵਿੱਚ ਇਹ ਲੋਕਾਂ ਨਾਲ ਧੋਖਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਕਮੀ 300 ਯੂਨਿਟ ਤੱਕ ਘਰੇਲੂ ਖਪਤ ਵਿੱਚ ਕੀਤੀ ਗਈ ਹੈ, ਜਿਸ ਦਾ ਲਾਭ ਲੋਕਾਂ ਨੂੰ ਨਹੀਂ ਬਲਕਿ ਸਰਕਾਰ ਵੱਲੋਂ ਅਦਾ ਕੀਤੀ ਜਾਣ ਵਾਲੀ ਸਬਸਿਡੀ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 31 ਮਾਰਚ 2025 ਤੱਕ ਦੀ 11109.70 ਕਰੋੜ ਦੀ ਸਬਸਿਡੀ ਬਕਾਇਆ ਹੈ। ਜਦੋਂ ਕਿ ਚਾਲੂ ਵਿੱਤੀ ਸਾਲ ਲਈ 31 ਦਸੰਬਰ 2025 ਤੱਕ ਦਾ 4300 ਕਰੋੜ ਰੁਪਏ ਅਤੇ ਸਰਕਾਰੀ ਵਿਭਾਗਾਂ ਵੱਲ 2600 ਕਰੋੜ ਰੁਪਏ ਦਾ ਬਕਾਇਆ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਿਜਲੀ ਵਿਭਾਗ ਦੇ ਅੰਕੜਿਆਂ ਵਿੱਚ ਹੇਰ ਫੇਰ ਕਰ ਕੇ ਕੰਗਾਲੀ ਵੱਧ ਧੱਕਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਨਿੱਜੀਕਰਨ ਦਾ ਰਾਹ ਹੀ ਬਚੇਗਾ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਬਿਜਲੀ ਨਿਗਮ ਦਾ ਨਿਯਮਿਤ ਚੇਅਰਮੈਨ ਨਾ ਲਗਾਏ ਜਾਣ ’ਤੇ ਸਰਕਾਰ ਦੀ ਆਲੋਚਨਾ ਕੀਤੀ।
ਪੰਜਾਬੀ ਟ੍ਰਿਬਯੂਨ