27 ਮਈ, 2025 – ਬਲਾਚੌਰ : ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸ਼ੁਰੂਆਤ ਕਰਨ ਵਾਲੀ ਅਤੇ ਉਸ ਦੀਆਂ ਧੱਜੀਆਂ ਉਡਾਉਣ ਵਾਲੀ ਵੀ ‘ਆਪ’ ਸਰਕਾਰ ਹੀ ਹੈ। ਉਨ੍ਹਾਂ ਦੱਸਿਆ ਕਿ ਸੁਦੇਸ਼ ਕੁਮਾਰ ਉਰਫ ਵਿੱਕੀ ਵਾਸੀ ਭਰਥਲਾ, ਜੋ ਆਮ ਆਦਮੀ ਪਾਰਟੀ ਦਾ ਵਰਕਰ ਹੈ, ਨੇ ਪਿੰਡ ਭਰਥਲਾ ਵਿੱਚ ਨਸ਼ਾ ਵੇਚਣ ਅਤੇ ਗ਼ੈਰਕਾਨੂੰਨੀ ਮਾਈਨਿੰਗ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਜਦੋਂ ਆਵਾਜ਼ ਚੁੱਕੀ ਤਾਂ ਉਨ੍ਹਾਂ ਵਿਅਕਤੀਆਂ ਵੱਲੋਂ ਸੁਦੇਸ਼ ਕੁਮਾਰ ਅਤੇ ਉਸ ਦੀ 85 ਸਾਲਾ ਮਾਤਾ ਕੈਲਾਸ਼ ਉੱਤੇ ਪਿੰਡ ਚਾਹਲ ਦੇ ਹਸਪਤਾਲ ’ਚ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿੱਕੀ ਅਤੇ ਮਾਤਾ ਕੈਲਾਸ਼ ਗੰਭੀਰ ਜ਼ਖ਼ਮੀ ਹੋ ਗਏ। ਅਜੇ ਮੰਗੂਪੁਰ ਨੇ ਖੂਨ ਨਾਲ ਲਿੱਬੜੇ ਕੱਪੜੇ ਵੀ ਪ੍ਰੈਸ ਕਾਨਫਰੰਸ ਦੌਰਾਨ ਦਿਖਾਏ।
ਸੁਦੇਸ਼ ਕੁਮਾਰ ਨੇ ਦੱਸਿਆ ਕਿ ਹਲਕੇ ਦੇ ਸੀਨੀਅਰ ‘ਆਪ’ ਆਗੂ ਅਤੇ ਲੋਕ ਨੁਮਾਇੰਦੇ ਦੀ ਸ਼ਹਿ ਉੱਤੇ ਹੀ ਹਲਕਾ ਬਲਾਚੌਰ ਵਿੱਚ ਨਸ਼ੇ ਅਤੇ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਪੁਲੀਸ ਪ੍ਰਸ਼ਾਸਨ ਵੀ ਕੋਈ ਕਾਰਵਾਈ ਕਰਨ ਵਿੱਚ ਅਸਮਰਥ ਹੈ। ਸੁਦੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਉਪਰੰਤ ਦੋਸ਼ੀਆਂ ਵੱਲੋਂ ਆਪਣੇ ਆਪ ਸੱਟਾਂ ਮਾਰ ਕੇ ਝੂਠਾ ਪਰਚਾ ਸੁਦੇਸ਼ ਕੁਮਾਰ ਵਿਰੁੱਧ ਦਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਉੱਤੇ ਕਈ ਪਰਚੇ ਦਰਜ ਹਨ ਪਰ ਸਰਕਾਰ ਦੀ ਸ਼ਹਿ ਉੱਤੇ ਇਹ ਦੋਵੇਂ ਗੈਰ ਕਾਨੂੰਨੀ ਕੰਮ ਕਰ ਰਹੇ ਹਨ।
ਅਜੇ ਮੰਗੂਪੁਰ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਸਿਰਫ ਖਾਨਾਪੂਰਤੀ ਕਰਨ ਵਾਲਾ ਸ਼ੋਸ਼ਾ ਹੈ ਜੋ ਆਮ ਜਨਤਾ ਨੂੰ ਦਿਖਾਇਆ ਜਾ ਰਿਹਾ ਹੈ। ਇਸ ਮੌਕੇ ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਪਰਮਜੀਤ ਪੰਮਾ ਮੀਡੀਆ ਇੰਚਾਰਜ ਬਲਾਕ ਕਮੇਟੀ ਬਲਾਚੌਰ, ਸੁਦੇਸ਼ ਕੁਮਾਰ ਅਤੇ ਕੈਲਾਸ਼ ਕੌਰ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test