08 ਅਪਰੈਲ, 2025 – ਪਟਿਆਲਾ : ਐਂਟੀ ਨਾਰਕੋਟਿਕਸ ਫੋਰਸ (ਏਐੱਨਟੀਐੱਫ) ਦੀ ਮੁਹਾਲੀ ਟੀਮ ਵੱਲੋਂ ਪਟਿਆਲਾ ਜ਼ਿਲ੍ਹੇ ਦੇ ‘ਆਪ’ ਆਗੂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੁੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਬਹਾਦਰਗੜ੍ਹ ਤੋਂ ਘਨੌਰ ਰੋਡ ’ਤੇ ਸਥਿਤ ਪਿੰਡ ਰਾਏਪੁਰ ਮੰਡਲਾਂ ਦੀ ਸਰਪੰਚ ਸਰਬਜੀਤ ਕੌਰ ਦੇ ਪਤੀ ਧਰਮਿੰਦਰ ਸਿੰਘ ਵਜੋਂ ਹੈ। ਧਰਮਿੰਦਰ ਸਿੰਘ ਖਿਲਾਫ਼ ਏਐੱਨਟੀਐੱਫ ਦੇ ਮੁਹਾਲੀ ਦੇ ਸੈਕਟਰ 79 ’ਚ ਸਥਿਤ ਥਾਣੇ ’ਚ ਪਹਿਲੀ ਅਪਰੈਲ ਨੂੰ ਦਰਜ ਕੀਤੀ ਗਈ ਐੱਫਆਈਆਰ ਨੰਬਰ-83 ਮੁਤਾਬਿਕ ਮੁਲਜ਼ਮ ਦੇ ਸਾਥੀ ਵਜੋਂ ਦਿਲਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਲ ਹਨ।
ਐੱਫਆਈਆਰ ਮੁਤਾਬਕ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਪਹਿਲੀ ਅਪਰੈਲ ਨੂੰ ਕਥਿਤ ਤੌਰ ’ਤੇ ਲੁਧਿਆਣਾ ਅਤੇ ਫਗਵਾੜਾ ਇਲਾਕੇ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਕੇ ਸਰਹਿੰਦ ਅਤੇ ਰਾਜਪੁਰਾ ਹੁੰਦੇ ਹੋਏ ਪਿੰਡ ਰਾਏਪੁਰ ਮੰਡਲਾਂ ਪਹੁੰਚਣਗੇ। ਇਸ ਦੌਰਾਨ ਧਰਮਿੰਦਰ ਸਿੰਘ ਨੂੰ ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਸਥਿਤ ਟੌਲ ਪਲਾਜ਼ੇ ਤੋਂ ਕਾਬੂ ਕੀਤਾ ਗਿਆ। ਉਸ ਦੀ ਨਿਸ਼ਾਨਦੇਹੀ ’ਤੇ ਕਥਿਤ ਰੂਪ ’ਚ 70 ਕਿਲੋ ਭੁੱਕੀ, 50 ਕਿਲੋ ਡੋਡੇ, 77 ਕਿੱਲੋ ਗਾਂਜਾ ਅਤੇ ਪਾਈਆ ਅਫੀਮ ਸਣੇ 13 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਏਐੱਨਟੀਐੱਫ ਦੇ ਮੁਹਾਲੀ ਸਥਿਤ ਡੀਐੱਸਪੀ ਅਕਾਸ਼ਦੀਪ ਸਿੰਘ ਔਲਖ ਨੇ ਮੁਲਜ਼ਮ ਦੀ ਗ੍ਰਿਫਤਾਰੀ ਅਤੇ ਉਸ ਕੋਲ਼ੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਸ਼ੋਸਲ ਮੀਡੀਆ ’ਤੇ ਮੁੱਖ ਮੰਤਰੀ ਨੂੰ ਦੂਜਿਆਂ ਦੇ ਘਰਾਂ ’ਤੇ ਪੀਲਾ ਪੰਜਾ ਚਲਾਉਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਵਰਕਰਾਂ ’ਤੇ ਨਜ਼ਰ ਮਾਰਨ ਦੀ ਸਲਾਹ ਦਿੱਤੀ ਹੈ।
ਪੰਜਾਬੀ ਟ੍ਰਿਬਯੂਨ
test