ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ
10 ਜਨਵਰੀ, 2026 – ਸ੍ਰੀ ਗੋਇੰਦਵਾਲ ਸਾਹਿਬ : ਆਮ ਆਦਮੀ ਪਾਰਟੀ ਨਾਲ ਸਬੰਧਿਤ ਅਤੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਕਰੀਬੀ ਸਰਪੰਚ ਕੇਵਲ ਕ੍ਰਿਸ਼ਨ ਨਈਅਰ ਨੂੰ ਪੰਜਾਬ ਸਰਕਾਰ ਵੱਲੋਂ 85 ਲੱਖ ਰੁਪਏ ਦੇ ਗਬਨ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਆਦੇਸ਼ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਅੱਜ ਜਾਰੀ ਕੀਤੇ ਗਏ।
ਆਮ ਆਦਮੀ ਪਾਰਟੀ ਦੇ ਸਰਪੰਚ ਕੇਵਲ ਨਈਅਰ ਜੋ ਕਸਬਾ ਚੋਹਲਾ ਸਾਹਿਬ ਤੋਂ ਸਰਪੰਚ ਹਨ ਦੇ ਖਿਲਾਫ਼ ਸਰਕਾਰੀ ਗਰਾਂਟਾਂ ਵਿੱਚ ਹੇਰਾਫੇਰੀ ਦੇ ਦੋਸ਼ ਲੱਗੇ ਸਨ।
ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ 15ਵੇਂ ਵਿੱਤ ਕਮਿਸ਼ਨ ਅਤੇ ਐਮਪੀ ਲਾਈਨ ਫੰਡ ਵਿੱਚੋਂ ਪੰਚਾਇਤ ਨੂੰ 89 ਲੱਖ 50 ਹਾਜ਼ਰ 806 ਦੀ ਰਾਸ਼ੀ ਆਈ। ਜਦ ਕਿ 3 ਲੱਖ 34 ਹਜ਼ਾਰ 89 ਰੁਪਏ ਪੰਚਾਇਤ ਦੇ ਖਾਤੇ ਵਿੱਚ ਬਾਕੀ ਹਨ। ਸਰਪੰਚ ਕੇਵਲ ਨਈਅਰ ਨੇ ਵੱਖ-ਵੱਖ ਜਾਅਲੀ ਕਾਗਜ਼ ਤਿਆਰ ਕਰਵਾਏ ਅਤੇ 86 ਲੱਖ 16 ਹਜ਼ਾਰ 717 ਰੁਪਏ ਦੇ ਵਿਕਾਸ ਕਾਰਜ ਗਿਣਵਾਏ। ਇਸ ਮਾਮਲੇ ਦੀ ਜਦੋਂ ਉੱਚ ਪੱਧਰੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਪੰਚਾਇਤ ਵੱਲੋਂ ਕੇਵਲ 1 ਲੱਖ ਰੁਪਏ ਦੇ ਹੀ ਕੰਮ ਕਰਵਾਏ ਗਏ ਹਨ। ਕੁੱਲ ਮਿਲਾ ਕੇ 85 ਲੱਖ 16, ਹਜ਼ਾਰ 717 ਦਾ ਸਰਪੰਚ ਵੱਲੋਂ ਘਪਲਾ ਕੀਤਾ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਰਾਹੁਲ ਨੇ ਸਰਪੰਚ ਕੇਵਲ ਨਈਅਰ ਨੂੰ ਤੁਰੰਤ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। ਕੇਵਲ ਨਈਅਰ ਨੇ ਆਖਿਆ ਕਿ ਉਸ ਨੂੰ ਨਾ ਤਾਂ ਮੁਅੱਤਲੀ ਸਬੰਧੀ ਅਤੇ ਨਾ ਹੀ ਗਬਨ ਸਬੰਧੀ ਕੋਈ ਨੋਟਿਸ ਭੇਜਿਆ ਗਿਆ ਹੈ। ਉਸ ਖਿਲਾਫ਼ ਕਾਰਵਾਈ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ।
ਪੰਜਾਬੀ ਟ੍ਰਿਬਯੂਨ