ਮੌਜੂਦਾ ਭਾਅ ਨਾਲ ਖ਼ਰਚੇ ਵੀ ਨਹੀਂ ਹੋ ਰਹੇ ਪੂਰੇ; ਸਰਕਾਰ ਨੂੰ ਸਾਰ ਲੈਣ ਦੀ ਅਪੀਲ
16 ਫਰਵਰੀ, 2026 – ਬਨੂੜ : ਆਲੂਆਂ ਦੇ ਭਾਅ ਵਿੱਚ ਗਿਰਾਵਟ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਆਲੂਆਂ ਦੀ ਬੇਹੱਦ ਘੱਟ ਕੀਮਤ ਕਾਰਨ ਕਿਸਾਨਾਂ ਦੇ ਫ਼ਸਲ ਉੱਤੇ ਹੋਏ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਬਨੂੜ ਖੇਤਰ ਵਿੱਚ ਵੱਡੀ ਪੱਧਰ ’ਤੇ ਆਲੂਆਂ ਦੀ ਕਾਸ਼ਤ ਹੁੰਦੀ ਹੈ। ਘੱਟ ਭਾਅ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਆਲੂਆਂ ਦਾ ਬੀਜ ਆਪਣਾ ਹੋਣ ਦੇ ਬਾਵਜੂਦ ਉਨ੍ਹਾਂ ਦਾ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖ਼ਰਚਾ ਫ਼ਸਲ ਦੀ ਲੁਆਈ ਤੋਂ ਲੈ ਕੇ ਪੁਟਾਈ ਤੱਕ ਆ ਰਿਹਾ ਹੈ। ਆਲੂ ਦਾ ਇਨ੍ਹੀਂ ਦਿਨੀਂ ਮਾਰਕੀਟ ਵਿੱਚ ਭਾਅ 600 ਤੋਂ 700 ਰੁਪਏ ਪ੍ਰਤੀ ਕੁਇੰਟਲ ਹੈ, ਜਿਸ ਕਾਰਨ ਇੱਕ ਏਕੜ ਵਿੱਚ ਮੁਸ਼ਕਲ ਨਾਲ 35-40 ਹਜ਼ਾਰ ਦੇ ਆਲੂ ਨਿਕਲ ਰਹੇ ਹਨ। ਕਿਸਾਨਾਂ ਨੂੰ ਪ੍ਰਤੀ ਏਕੜ ਦਸ ਹਜ਼ਾਰ ਤੱਕ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਹਾਲਾਂ ਕਿ ਲੋਕਾਂ ਨੂੰ ਆਲੂ 14-15 ਰੁਪਏ ਕਿਲੋ ਮਿਲ ਰਿਹਾ ਹੈ ਪਰ ਕਾਸ਼ਤਕਾਰਾਂ ਕੋਲੋਂ ਸਿਰਫ਼ 6-7 ਰੁਪਏ ਪ੍ਰਤੀ ਕਿਲੋ ਭਾਅ ’ਤੇ ਖ਼ਰੀਦਿਆ ਜਾ ਰਿਹਾ ਹੈ। ਆਲੂਆਂ ਦੀ ਕੋਈ ਵੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਉਤਪਾਦਕ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ-ਕਰਮ ਉੱਤੇ ਨਿਰਭਰ ਹਨ।
ਆਲੂ ਉਤਪਾਦਕ ਕਿਸਾਨਾਂ ਮਨਜੀਤ ਸਿੰਘ ਮੋਟੇਮਾਜਰਾ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਸਾਬਕਾ ਸਰਪੰਚ ਲੱਖੀ ਅਬਰਾਵਾਂ, ਜਸਪਾਲ ਸਿੰਘ ਜੰਗਪੁਰਾ, ਕੁਲਵੰਤ ਸਿੰਘ ਨੰਡਿਆਲੀ, ਗੁਰਵਿੰਦਰ ਸਿੰਘ ਰਾਮਪੁਰ ਅਤੇ ਹੋਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਲੂਆਂ ਦੀ ਤੁਰੰਤ ਸਰਕਾਰੀ ਖ਼ਰੀਦ ਆਰੰਭ ਕੀਤੀ ਜਾਵੇ। ਆਲੂਆਂ ਦਾ ਘੱਟੋ-ਘੱਟ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਭਾਅ ਯਕੀਨੀ ਬਣਾਇਆ ਜਾਵੇ ਤਾਂ ਕਿ ਕਿਸਾਨਾਂ ਦਾ ਖ਼ਰਚਾ ਪੂਰਾ ਹੋ ਸਕੇ। ਉਨ੍ਹਾਂ ਕੋਲਡ ਸਟੋਰਾਂ ਵਿੱਚ ਆਲੂ ਰੱਖਣ ਲਈ ਸਬਸਿਡੀ ਦੀ ਮੰਗ ਕੀਤੀ।
ਪੰਜਾਬ ਸਰਕਾਰ ਤੋਂ ਆਲੂਆਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਮੰਗੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ’ਚ ਆਲੂ ਕਾਸ਼ਤਕਾਰਾਂ ’ਤੇ ਛਾਈ ਮੰਦੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਲੂਆਂ ਦਾ ਘੱਟੋ-ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤੈਅ ਕਰਕੇ ਸਰਕਾਰੀ ਖ਼ਰੀਦ ਦੀ ਗਾਰੰਟੀ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕੇ ਪੰਜਾਬ ਵਿੱਚ ਲਗਪਗ 3 ਲੱਖ ਏਕੜ ਜ਼ਮੀਨ ਆਲੂਆਂ ਦੀ ਫ਼ਸਲ ਹੇਠ ਹੈ ਅਤੇ ਮੁਲਕ ਦਾ 60 ਫ਼ੀਸਦ ਆਲੂ ਬੀਜ ਦੇ ਰੂਪ ’ਚ ਪੰਜਾਬ ’ਚੋਂ ਵਰਤਿਆ ਜਾਂਦਾ ਹੈ। ਆਗੂਆਂ ਦਾ ਕਹਿਣਾ ਹੈ ਕਿ ਆਲੂਆਂ ਦੀ ਫ਼ਸਲ ਨੂੰ ਰੁਲਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ। ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿਾ ਸੂਬੇ ’ਚ ਆਲੂ 3 ਤੋਂ 5 ਰੁਪਏ ਦੇ ਦਰਮਿਆਨ ਵਿਕ ਰਿਹਾ ਹੈ ਅਤੇ ਕਿਸਾਨਾਂ ਦੇ ਲਾਗਤ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ।
ਪੰਜਾਬੀ ਟ੍ਰਿਬਯੂਨ