ਪ੍ਰਦਰਸ਼ਨਕਾਰੀਆਂ ਨੇ ਡੀ ਐੱਸ ਪੀ ਦੇ ਭਰੋਸੇ ’ਤੇ ਧਰਨਾ ਚੁੱਕਿਆ; ਚੋਰ ਫਡ਼ਨ ਤੱਕ ਸੰਘਰਸ਼ ਦਾ ਐਲਾਨ
03 ਨਵੰਬਰ, 2025 – ਬੋਹਾ (ਮਾਨਸਾ) : ਮਾਨਸਾ ਜ਼ਿਲ੍ਹੇ ਕਸਬਾ ਬੋਹਾ ਵਿੱਚ ਲੰਘੀ ਰਾਤ ਚੋਰਾਂ ਵੱਲੋਂ ਇੱਕ ਦਰਜਨ ਦੇ ਕਰੀਬ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਹੋਰ ਸਮਾਨ ਚੋਰੀ ਕਰਨ ਨੂੰ ਲੈ ਕੇ ਬੁਢਲਾਡਾ-ਰਤੀਆ ਰੋਡ ’ਤੇ ਪੁਲੀਸ ਖਿਲਾਫ਼ ਧਰਨਾ ਲਾਇਆ। ਧਰਨਾਕਾਰੀਆਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਸਾਰੇ ਮੁਲਜ਼ਮਾਂ ਨੂੰ ਨਹੀਂ ਫੜਿਆ ਜਾਂਦਾ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ। ਜਾਣਕਾਰੀ ਅਨੁਸਾਰ ਲੰਘੀ 1 ਨਵੰਬਰ ਦੀ ਰਾਤ ਨੂੰ ਬੋਹਾ ਦੇ ਬਾਜ਼ਾਰ ’ਚ ਚੋਰਾਂ ਵੱਲੋਂ ਦਰਜਨ ਦੇ ਕਰੀਬ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਗਦੀ ਅਤੇ ਹੋਰ ਸਾਮਾਨ ਚੋਰੀ ਕਰਨ ਮੌਕੇ ਕੁੱਝ ਦੁਕਾਨਦਾਰਾਂ ਵੱਲੋਂ ਸ਼ੱਕ ਪੈਣ ’ਤੇ ਚੋਰਾਂ ਨੂੰ ਦਬੋਚ ਲਿਆ। ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਕੁਮਾਰ ਛਿੰਦਾ, ਨਿਖਲ ਗੋਇਲ, ਕਮਲਦੀਪ ਬਾਵਾ ਅਤੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਦਿਨੋ-ਦਿਨ ਲੁੱਟਾਂ, ਖੋਹਾਂ ਅਤੇ ਚੋਰੀਆਂ ਦਿਨੋ-ਦਿਨ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਗਸ਼ਤ ਘਟਣ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਚੁਸਤੀ ਕਾਰਨ ਤੇ ਰਾਤ ਨੂੰ ਨਾਕੇਬੰਦੀਆਂ ਕਾਰਨ ਚੋਰੀਆਂ ਦੇ ਰੁਝਾਨ ਨੂੰ ਵੱਡੀ ਪੱਧਰ ’ਤੇ ਠੱਲ ਪੈ ਸਕਦੀ ਹੈ, ਪਰ ਇਸ ਪਾਸੇ ਵੱਲ ਪੁਲੀਸ ਵੱਲੋਂ ਸਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਪੁਲੀਸ ਦੀ ਦੇਰੀ ਨਾਲ ਪਹੁੰਚਣ ਕਾਰਨ ਗੁੱਸੇ ਵਿੱਚ ਆਏ ਦੁਕਾਨਦਾਰਾਂ ਵੱਲੋਂ ਬੁਢਲਾਡਾ-ਰਤੀਆ ਰੋਡ ’ਤੇ ਜਾਮ ਲਾ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਜਾਮ ਲੱਗਣ ਤੋਂ ਬਾਅਦ ਜਦੋਂ ਟਰੈਫ਼ਿਕ ਸਮੱਸਿਆ ਖੜ੍ਹੀ ਹੋ ਗਈ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਸਬ-ਡਵੀਜ਼ ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਚੀਮਾ ਮੌਕੇ ’ਤੇ ਪਹੁੰਚਕੇ ਦੁਕਾਨਦਾਰਾਂ ਨੂੰ ਸ਼ਾਂਤ ਕਰਦਿਆਂ ਚੋਰੀ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦੇਕੇ ਧਰਨਾ ਚੁਕਵਾਇਆ।
ਪੰਜਾਬੀ ਟ੍ਰਿਬਯੂਨ