ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਨੁਸਾਰ ਸਮਾਜਸੇਵੀ ਕਰਵਾ ਰਹੇ ਹਨ ਨਿਰਮਾਣ
21 ਜਨਵਰੀ, 2026 – ਰਾਏਕੋਟ : ਗੁਰੂ ਗੋਬਿੰਦ ਸਿੰਘ ਦੇ ਸ਼ਰਧਾਲੂ ਰਾਏਕੋਟ ਦੇ ਨਵਾਬ ਰਾਏ ਕਲ੍ਹਾ ਦੀ ਵਿਰਾਸਤ ਨਾਲ ਸਬੰਧਤ ਇਤਿਹਾਸਕ ਤਲਵੰਡੀ ਗੇਟ ਦਾ ਮੁੜ ਨਿਰਮਾਣ ਸ਼ਹਿਰ ਵਾਸੀਆਂ ਲਈ ਬੁਝਾਰਤ ਬਣ ਗਿਆ ਹੈ। ਨਾਨਕਸ਼ਾਹੀ ਇੱਟਾਂ ਨਾਲ ਉਸਾਰੇ ਇਸ ਵਿਰਾਸਤੀ ਗੇਟ ਦਾ ਸਤੰਬਰ ਮਹੀਨੇ ਹੋਈ ਭਾਰੀ ਬਰਸਾਤ ਨੇ ਕਾਫ਼ੀ ਨੁਕਸਾਨ ਕੀਤਾ ਸੀ ਅਤੇ ਨਤੀਜੇ ਵਜੋਂ ਇਸ ਦੀ ਛੱਤ ਡਿੱਗ ਗਈ ਸੀ। ਹੁਣ ਇਸ ਗੇਟ ਦੇ ਪੁਨਰਨਿਰਮਾਣ ਦਾ ਕੰਮ ਜਾਰੀ ਹੈ ਪਰ ਇਹ ਕੰਮ ਕੌਣ ਕਰਵਾ ਰਿਹਾ ਹੈ, ਇਸ ਬਾਰੇ ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ। ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਅਨੁਸਾਰ ਕੁਝ ਸਮਾਜਸੇਵੀ ਇਹ ਨਿਰਮਾਣ ਕਰਵਾ ਰਹੇ ਹਨ ਪਰ ਆਸ-ਪਾਸ ਦੇ ਲੋਕਾਂ ਅਨੁਸਾਰ ਤਲਵੰਡੀ ਗੇਟ ਵਿੱਚ ਚੱਲ ਰਹੀਆਂ ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕ ਇਹ ਕੰਮ ਕਰਵਾ ਰਹੇ ਹਨ।
ਵਿਰਾਸਤੀ ਤਲਵੰਡੀ ਵਿੱਚ ਚੱਲ ਰਹੇ ਦੇਸੂ ਕਰਿਆਨਾ ਸਟੋਰ ਦੇ ਮਾਲਕ ਪ੍ਰਦੀਪ ਕੁਮਾਰ ਅਤੇ ਰਤਨ ਕਰਿਆਨਾ ਸਟੋਰ ਦੇ ਮਾਲਕ ਕੀਮਤੀ ਲਾਲ ਅਨੁਸਾਰ ਉਨ੍ਹਾਂ ਦਾ ਇਸ ਕੰਮ ਵਿੱਚ ਕੋਈ ਯੋਗਦਾਨ ਨਹੀਂ ਹੈ। ਨਿਰਮਾਣ ਕਾਰਜ ਕਰ ਰਹੇ ਠੇਕੇਦਾਰ ਜਸਮੇਲ ਸਿੰਘ ਅਨੁਸਾਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਨਿਰਮਾਣ ਸਮੱਗਰੀ ਅਤੇ ਲੇਬਰ ਦੀ ਅਦਾਇਗੀ ਦਾ ਭਰੋਸਾ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਹਾਲੇ ਤੱਕ ਕਿਸੇ ਸਮਾਜਸੇਵੀ ਨੇ ਵੀ ਸਾਹਮਣੇ ਆ ਕੇ ਨਿਰਮਾਣ ਕਾਰਜ ਕਰਵਾਉਣ ਦੀ ਜ਼ਿੰਮੇਵਾਰੀ ਨਹੀਂ ਲਈ। ਉੱਧਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਸਿੱਖ ਇਤਿਹਾਸ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਨੂੰ ਇਕ-ਇਕ ਕਰ ਕੇ ਦਫ਼ਨ ਕੀਤਾ ਜਾ ਰਿਹਾ ਹੈ। ਚਮਕੌਰ ਦੀ ਜੰਗ ਸਮੇਂ ਮਾਛੀਵਾੜੇ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਨੇ ਰਾਏਕੋਟ ਦੀ ਧਰਤੀ ਉਪਰ ਚਰਨ ਪਾਏ ਸਨ। ਨਵਾਬ ਰਾਏ ਕਲ੍ਹਾ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਗੰਗਾਸਾਗਰ ਸਮੇਤ ਹੋਰ ਕੀਮਤੀ ਨਿਸ਼ਾਨੀਆਂ ਨਵਾਬ ਦੇ ਪਰਿਵਾਰ ਨੂੰ ਸੌਂਪੀਆਂ ਸਨ, ਜਿਨ੍ਹਾਂ ਨੂੰ ਨਵਾਬ ਦੇ ਵਾਰਸਾਂ ਦੀ ਨੌਵੀਂ ਪੀੜ੍ਹੀ ਅੱਜ ਵੀ ਸਤਿਕਾਰ ਨਾਲ ਸਾਂਭ ਸੰਭਾਲ ਕਰ ਰਹੀ ਹੈ ਪਰ ਇੱਥੇ ਉਨ੍ਹਾਂ ਦੀ ਵਿਰਾਸਤ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਰਾਤਤਵ ਵਿਭਾਗ ਤੋਂ ਇਤਿਹਾਸਕ ਨਿਸ਼ਾਨੀ ਸੰਭਾਲਣ ਦੀ ਮੰਗ ਕੀਤੀ ਹੈ।
ਰਾਏਕੋਟ ਸ਼ਹਿਰ ਦੀ ਚਾਰਦੀਵਾਰੀ ਦੇ ਚਾਰੇ ਦਿਸ਼ਾਵਾਂ ਵਿੱਚ ਨਾਨਕਸ਼ਾਹੀ ਇੱਟਾਂ ਅਤੇ ਖ਼ੂਬਸੂਰਤ ਸੰਦੂਕੀ ਛੱਤਾਂ ਵਾਲੇ ਚਾਰੇ ਗੇਟਾਂ ਦੀ ਪੁਰਾਤਨ ਦਿੱਖ ਤਾਂ ਲਗਪਗ ਲੋਪ ਹੋ ਚੁੱਕੀ ਹੈ। ਕੁਤਬਾ ਗੇਟ ਅਤੇ ਕਮੇਟੀ ਗੇਟ ਦੀਆਂ ਨਾਨਕਸ਼ਾਹੀ ਇੱਟਾਂ ਟਾਈਲਾਂ ਲਾ ਕੇ ਢੱਕ ਦਿੱਤੀਆਂ ਹਨ ਅਤੇ ਸੰਦੂਕੀ ਛੱਤਾਂ ਦੀ ਜਗ੍ਹਾ ਹੁਣ ਲੈਂਟਰ ਪਾ ਦਿੱਤੇ ਗਏ ਹਨ, ਜਦਕਿ ਤਲਵੰਡੀ ਗੇਟ ਉਪਰ ਟਾਈਲਾਂ ਪਹਿਲਾਂ ਹੀ ਲਾ ਦਿੱਤੀਆਂ ਸਨ ਅਤੇ ਹੁਣ ਲੈਂਟਰ ਪਾਉਣ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ ਰਾਏਕੋਟ ਸ਼ਹਿਰੀ ਥਾਣੇ ਨੇੜਲੇ ਵਿਰਾਸਤੀ ਗੇਟ ਦਾ ਤਾਂ ਕਈ ਵਰ੍ਹੇ ਪਹਿਲਾਂ ਨਾਮੋ-ਨਿਸ਼ਾਨ ਹੀ ਮਿਟ ਚੁੱਕਾ ਹੈ।
ਦੇਰ ਰਾਤ ਇਤਿਹਾਸਕ ਤਲਵੰਡੀ ਗੇਟ ਦਾ ਪੁਨਰ ਨਿਰਮਾਣ ਰੋਕਿਆ
ਦੇਰ ਰਾਤ 8 ਵਜੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਅਮਨਦੀਪ ਸਿੰਘ ਗਿੱਲ ਨੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚ ਕੇ ਇਤਿਹਾਸਕ ਅਤੇ ਵਿਰਾਸਤੀ ਤਲਵੰਡੀ ਗੇਟ ਉਪਰ ਲੈਂਟਰ ਪਾਉਣ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਮੌਕੇ ‘ਤੇ ਪਹੁੰਚੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਦਰਮਿਆਨ ਤਿੱਖੀ ਬਹਿਸ ਹੋਈ। ਤਲਖ਼ੀ ਵਧਣ ਬਾਅਦ ਤਲਵੰਡੀ ਗੇਟ ਦਾ ਪੁਨਰਨਿਰਮਾਣ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ