ਕੌਮਾਂਤਰੀ ਮਹਿਲਾ ਦਿਵਸ ਮੌਕੇ ਕਾਲੀਆ ਚੁੰਨੀਆਂ ਲੈ ਕੇ ਮਾਨ ਸਰਕਾਰ ਦੇ ਫੂਕੇ ਜਾਣਗੇ ਪੁਤਲੇ: ਹਰਪਾਲ ਕੌਰ ਬਰਨਾਲਾ
06 ਮਾਰਚ, 2026 – ਬਰਨਾਲਾ : ਜਥੇਬੰਦੀ ਸੀਟੂ ਨਾਲ ਸਬੰਧਤ ਮਿੱਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਸਿਵਲ ਹਸਪਤਾਲ ਪਾਰਕ ਵਿੱਚ ਆਗੂ ਰਜਿੰਦਰ ਕੌਰ ਭੱਠਲ ਦੀ ਅਗਵਾਈ ਹੇਠ ਮੀਟਿੰਗ ਹੋਈ। ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫ਼ਰਵਾਹੀ ਤੇ ਮਿੱਡ ਡੇਅ ਮੀਲ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਤੇ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਚਾਰ ਸਾਲ ਦੇ ਲੰਘੇ ਕਾਰਜਕਾਲ ਦੌਰਾਨ ਮਿਡ ਡੇਅ ਮੀਲ ਵਰਕਰਾਂ ਦੀ ਉਜਰਤ ‘ਚ ਕੋਈ ਵਾਧਾ ਨਾ ਕਰਕੇ ਬੇਚੈਨੀ ਪੈਦਾ ਕਰ ਦਿੱਤੀ ਹੈ। ਬਦਲਾਅ ਦਾ ਨਾਅਰਾ ਦੇ ਕੇ ਸਤਾ ‘ਤੇ ਕਾਬਜ਼ ਹੋ ਕੇ ਮਾਨ ਸਰਕਾਰ ਨੇ ਆਪਣਾ ਅਸਲੀ ਗ਼ਰੀਬ ਵਿਰੋਧੀ ਰੰਗ ਦਿਖਾ ਦਿੱਤਾ ਹੈ।
ਸੂਬਾ ਪ੍ਰਧਾਨ ਹਰਪਾਲ ਕੌਰ ਨੇ ਕਿਹਾ ਕਿ ਵਰਕਰਾਂ ਦੇ ਲਟਕਦੇ ਮਾਮਲਿਆਂ ਸਬੰਧੀ ਭਲਕ 6 ਮਾਰਚ ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਜਥੇਬੰਦੀ ਵਫ਼ਦ ਦੀ ਮੀਟਿੰਗ ਤੈਅ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ ਮਿੱਡ ਡੇਅ ਮੀਲ ਵਰਕਰਾਂ ਵੱਲੋਂ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਾਲੀਆਂ ਚੁੰਨੀਆਂ ਲੈ ਕੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਬੁਲਾਰਿਆਂ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਹਿਲਾਂ ਵੀ ਡੀਸੀਜ਼, ਡੀਈਓਜ਼ ਅਤੇ ਵਿਧਾਇਕਾਂ ਰਾਹੀਂ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਆਗੂਆਂ ਨੇ ਮੰਗਾਂ ਦੁਹਰਾਉਂਦਿਆਂ ਕਿਹਾ ਕਿ ਮਿਡ ਡੇਅ ਮੀਲ ਵਰਕਰ ਨੂੰ ਘੱਟੋ ਘੱਟ 26 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇ ਅਤੇ ਪੀਐੱਫ ਫੰਡ ਕੱਟਿਆ ਜਾਵੇ ਤੇ ਬੁਢਾਪੇ ‘ਚ ਪੈਨਸ਼ਨ ਦਿੱਤੀ ਜਾਵੇ। ਮੀਟਿੰਗ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਦੌਰਾਨ ਭੁਪਿੰਦਰ ਕੌਰ ਨਾਈ ਵਾਲਾ, ਸੁਖਜਿੰਦਰ ਕੌਰ ਭੱਠਲ, ਮਨਜੀਤ ਕੌਰ, ਛਿੰਦਰ ਕੌਰ ਸੁਰਜੀਤਪੁਰਾ, ਪਰਵੀਨ ਕੌਰ ਧੌਲਾ, ਬੇਗਮ ਭੈਣੀ ਮਹਿਰਾਜ, ਮਨਜੀਤ ਕੌਰ, ਮਨਪ੍ਰੀਤ ਕੌਰ ਧੂਰਕੋਟ, ਰਾਜ ਕੌਰ ਕੈਰੇ, ਸੋਮਾ ਕੌਰ ਸੰਧੂ ਪੱਤੀ, ਗੁਰਪ੍ਰੀਤ ਕੌਰ ਧਨੌਲਾ ਤੇ ਕਰਮਜੀਤ ਕੌਰ ਬਰਨਾਲਾ ਮੌਜੂਦ ਸਨ।
ਪੰਜਾਬੀ ਟ੍ਰਿਬਯੂਨ