30 ਅਪਰੈਲ, 2025 – ਏਲਨਾਬਾਦ : ਪਿਛਲੇ ਕਰੀਬ ਇੱਕ ਮਹੀਨੇ ਤੋਂ ਹੋਈ ਨਹਿਰਬੰਦੀ ਕਾਰਨ ਏਲਨਾਬਾਦ ਖੇਤਰ ਵਿੱਚ ਨਰਮੇ ਅਤੇ ਕਪਾਹ ਦੀ ਬਿਜਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੂੰ ਉਮੀਦ ਸੀ ਕਿ 21 ਅਪਰੈਲ ਤੱਕ ਨਹਿਰਾਂ ਵਿੱਚ ਪਾਣੀ ਆਉਣ ਨਾਲ ਉਹ ਸਮੇਂ-ਸਿਰ ਬਿਜਾਈ ਕਰ ਲੈਣਗੇ ਪਰ ਹੁਣ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਆਗਾਮੀ 20 ਮਈ ਤੱਕ ਨਹਿਰਾਂ ਵਿੱਚ ਪਾਣੀ ਨਹੀਂ ਆਵੇਗਾ। ਅਜਿਹੇ ਵਿੱਚ ਕਿਸਾਨਾਂ ਦੀਆਂ ਪਰੇਸ਼ਾਨੀਆਂ ਹੋਰ ਵੱਧ ਗਈਆਂ ਹਨ।
ਨਹਿਰੀ ਪਾਣੀ ਨਾ ਆਉਣ ਕਾਰਨ ਕਿਸਾਨ ਹੁਣ ਟਿਊਬਵੈੱਲਾਂ ਦਾ ਪਾਣੀ ਲਾਕੇ ਬਿਜਾਈ ਕਰ ਰਹੇ ਹਨ ਪਰ ਏਲਨਾਬਾਦ ਦੇ ਜ਼ਿਆਦਾਤਰ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਟਿਊਬਵੈੱਲਾਂ ਦੇ ਪਾਣੀ ਨਾਲ ਕੀਤੀ ਗਈ ਬਿਜਾਈ ਵਿੱਚ ਨਰਮੇ ਅਤੇ ਕਪਾਹ ਦੀ ਫ਼ਸਲ ਪੂਰੀ ਤਰ੍ਹਾਂ ਨਹੀਂ ਉੱਗ ਰਹੀ ਜਿਸ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਕਿਸਾਨ ਕੁਲਦੀਪ ਮੁਦਲੀਆ, ਬੂਟਾ ਸਿੰਘ, ਨਿਰਭੈ ਸਿੰਘ, ਤਾਰਾ ਸਿੰਘ ਅਦਿ ਨੇ ਦੱਸਿਆ ਕਿ ਟਿਊਬਵੈੱਲਾਂ ਨਾਲ ਪਾਣੀ ਲਾ ਕੇ ਬਿਜਾਈ ਕਰਨ ਨਾਲ ਜਿੱਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਪੂਰਾ ਬੀਜ ਵੀ ਨਹੀਂ ਉੱਗ ਰਿਹਾ।
ਕਿਸਾਨਾਂ ਨੇ ਦੱਸਿਆ ਕਿ ਇੱਕ ਏਕੜ ਵਿੱਚ ਕਰੀਬ 2000 ਤੋਂ 2500 ਰੁਪਏ ਦਾ ਬੀਜ ਪੈ ਰਿਹਾ ਹੈ ਪਰ ਪਾਣੀ ਦੀ ਵੱਡੀ ਘਾਟ ਕਾਰਨ ਨਰਮੇ-ਕਪਾਹ ਦੇ ਬੂਟੇ ਉੱਗਣ ਸਾਰ ਹੀ ਝੁਲਸ ਰਹੇ ਹਨ, ਜਿਸ ਕਾਰਨ ਕਿਸਾਨ ਕਾਫ਼ੀ ਖਰਚ ਕਰਨ ਤੋਂ ਬਾਅਦ ਵੀ ਨਿਰਾਸ਼ ਹਨ ਅਤੇ ਮਹਿੰਗੇ ਭਾਅ ਦਾ ਡੀਜ਼ਲ ਖਰਚ ਕਰਕੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ। ਏਲਨਾਬਾਦ ਖੇਤਰ ਵਿੱਚ ਨਰਮੇ-ਕਪਾਹ ਦੀ ਬਿਜਾਈ ਜ਼ਿਆਦਾਤਰ ਨਹਿਰੀ ਪਾਣੀ ’ਤੇ ਨਿਰਭਰ ਹੋਣ ਕਾਰਨ ਅਤੇ ਇਸ ਵਾਰ ਨਹਿਰਬੰਦੀ ਹੋਣ ਕਾਰਨ ਬਹੁਤੇ ਏਰੀਏ ਵਿੱਚ ਨਰਮੇ-ਕਪਾਹ ਦੀ ਬਿਜਾਈ ਨਹੀਂ ਹੋ ਸਕੀ ਹੈ।
ਪੰਜਾਬੀ ਟ੍ਰਿਬਯੂਨ
test