01 ਸਤੰਬਰ, 2025 – ਰਾਜਗੀਰ (ਬਿਹਾਰ) : ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ‘ਏ’ ਮੈਚ ਵਿੱਚ ਜਪਾਨ ਨੂੰ 3-2 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਅਤੇ ਸੁਪਰ-4 ਗੇੜ ਲਈ ਕੁਆਲੀਫਾਈ ਕਰ ਲਿਆ ਹੈ। ਚੀਨ ਖ਼ਿਲਾਫ਼ ਪਹਿਲੇ ਮੈਚ ਵਿੱਚ ਹੈਟ੍ਰਿਕ ਲਾਉਣ ਵਾਲੇ ਹਰਮਨਪ੍ਰੀਤ ਨੇ ਅੱਜ ਪੰਜਵੇਂ ਅਤੇ 46ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ’ਤੇ ਦੋ ਗੋਲ ਕੀਤੇ, ਜਦਕਿ ਭਾਰਤ ਲਈ ਤੀਜਾ ਗੋਲ ਮਨਦੀਪ ਸਿੰਘ ਨੇ ਚੌਥੇ ਮਿੰਟ ਵਿੱਚ ਕੀਤਾ। ਜਪਾਨ ਲਈ ਦੋਵੇਂ ਗੋਲ ਕੋਸੇਈ ਕਵਾਬੇ ਨੇ 38ਵੇਂ ਅਤੇ 59ਵੇਂ ਮਿੰਟ ਵਿੱਚ ਕੀਤੇ।
ਭਾਰਤ ਨੇ ਅੱਜ ਪਿਛਲੇ ਮੈਚ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ। ਟੀਮ ਨੇ ਬਿਹਤਰ ਤਾਲਮੇਲ ਦਿਖਾਇਆ ਅਤੇ ਤੇਜ਼ ਹਾਕੀ ਖੇਡੀ। ਮੇਜ਼ਬਾਨ ਟੀਮ ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਚੀਨ ’ਤੇ 4-3 ਦੀ ਜਿੱਤ ਨਾਲ ਕੀਤੀ ਸੀ। ਦੋ ਮੈਚਾਂ ਵਿੱਚ ਦੋ ਜਿੱਤਾਂ ਤੋਂ ਬਾਅਦ ਭਾਰਤ ਛੇ ਅੰਕਾਂ ਨਾਲ ਪੂਲ ‘ਏ’ ਵਿੱਚ ਸਿਖਰ ’ਤੇ ਹੈ। ਜਪਾਨ ਅਤੇ ਚੀਨ ਨੇ ਇੱਕ-ਇੱਕ ਜਿੱਤ ਦਰਜ ਕੀਤੀ ਹੈ। ਮੇਜ਼ਬਾਨ ਟੀਮ ਸੋਮਵਾਰ ਨੂੰ ਕਜ਼ਾਖਸਤਾਨ ਖ਼ਿਲਾਫ਼ ਆਪਣਾ ਆਖਰੀ ਪੂਲ ਮੈਚ ਖੇਡੇਗੀ, ਜਦਕਿ ਜਪਾਨ ਅਤੇ ਚੀਨ ਵਿਚਾਲੇ ਮੈਚ ਪੂਲ ‘ਏ’ ਤੋਂ ਸੁਪਰ-4 ਵਿੱਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਦਾ ਫੈਸਲਾ ਕਰੇਗਾ।
ਚੀਨ ਨੇ ਕਜ਼ਾਖਸਤਾਨ ਨੂੰ 13-1 ਨਾਲ ਹਰਾਇਆ
ਪੂਲ ‘ਏ’ ਦੇ ਇੱਕ ਹੋਰ ਮੈਚ ਵਿੱਚ ਚੀਨ ਨੇ ਕਜ਼ਾਖਸਤਾਨ ਨੂੰ 13-1 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਅਤੇ ਸੁਪਰ-4 ਵਿੱਚ ਜਗ੍ਹਾ ਬਣਾਉਣ ਦੀ ਆਪਣੀ ਉਮੀਦ ਬਰਕਰਾਰ ਰੱਖੀ ਹੈ। ਮੈਚ ਸ਼ੁਰੂ ਹੋਣ ਦੇ 12 ਸੈਕਿੰਡ ਦੇ ਅੰਦਰ ਕਜ਼ਾਖਸਤਾਨ ਨੂੰ ਪੈਨਲਟੀ ਮਿਲੀ ਅਤੇ ਐਜੀਮਟੇ ਡੁਇਸੇਂਗਜ਼ੀ ਨੇ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ। ਹਾਲਾਂਕਿ ਇਸ ਤੋਂ ਬਾਅਦ ਪੂਰੇ ਮੈਚ ਵਿੱਚ ਚੀਨ ਦਾ ਦਬਦਬਾ ਰਿਹਾ। ਇਸ ਟੂਰਨਾਮੈਂਟ ਦਾ ਜੇਤੂ ਅਗਲੇ ਸਾਲ ਬੈਲਜੀਅਮ ਅਤੇ ਨੈਦਰਲੈਂਡਜ਼ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰੇਗਾ।
ਪੰਜਾਬੀ ਟ੍ਰਿਬਯੂਨ