ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰਨ ਦੇ ਐਲਾਨ ਕਰਨ ਦੇ ਨਾਲ ਹੀ ਪ੍ਰਸ਼ਾਸਨ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਹੁਕਮ ਵੀ ਜਾਰੀ ਕੀਤੇ ਗਏ ਸਨ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ।
03 ਅਪ੍ਰੈਲ, 2026 – ਤਪਾ ਮੰਡੀ : ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰਨ ਦੇ ਐਲਾਨ ਕਰਨ ਦੇ ਨਾਲ ਹੀ ਪ੍ਰਸ਼ਾਸਨ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਹੁਕਮ ਵੀ ਜਾਰੀ ਕੀਤੇ ਗਏ ਸਨ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ। ਇੱਥੇ ਅਨਾਜ ਮੰਡੀ ਦੇ ਫੜ੍ਹ ’ਤੇ ਪਾਥੀਆਂ ਪੱਥੀਆਂ ਹੋਈਆਂ ਪਈਆਂ ਸਨ। ਮਾਰਕੀਟ ਕਮੇਟੀ ਦੇ ਅਧੀਨ ਆਉਂਦੇ ਖਰੀਦ ਕੇਂਦਰਾਂ ਦੀ ਸਥਿਤੀ ਕਾਫੀ ਨਿਰਾਸ਼ਾਜਨਕ ਹੈ। ਖਰੀਦ ਕੇਂਦਰਾਂ ’ਚ ਬੁਨਿਆਦੀ ਸਹੂਲਤਾਂ ਦੀ ਘਾਟ ਦੇਖਣ ਨੂੰ ਮਿਲੀ। ਖਰੀਦ ਕੇਂਦਰਾਂ ’ਚ ਨਾ ਤਾਂ ਸਫਾਈ ਦਾ ਕੋਈ ਪ੍ਰਬੰਧ ਸੀ ਅਤੇ ਨਾ ਹੀ ਢੰਗ ਨਾਲ ਅਨਾਜ ਰੱਖਣ ਲਈ ਥਾਂ ਤਿਆਰ ਕੀਤੀ ਗਈ ਸੀ।
ਕਈ ਥਾਵਾਂ ’ਤੇ ਪਾਥੀਆਂ ਅਤੇ ਤੂੜੀ ਦੇ ਢੇਰ ਪਏ ਹੋਏ ਸਨ, ਜਿਨ੍ਹਾਂ ਦੇ ਨਾਲ ਹੀ ਸਰ੍ਹੋਂ ਦੀਆਂ ਫਲੀਆਂ ਅਤੇ ਹੋਰ ਬੇਕਾਰ ਸਾਮਾਨ ਵੀ ਵਿਖਾਈ ਦਿੱਤਾ। ਇਸ ਨਾਲ ਅਨਾਜ ਦੀ ਸੰਭਾਲ ਅਤੇ ਕਿਸਾਨਾਂ ਦੀ ਸਹੂਲਤ ਦੋਵੇਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਤੋਂ ਇਲਾਵਾ, ਖਰੀਦ ਕੇਂਦਰਾਂ ’ਤੇ ਪੀਣ ਵਾਲੇ ਪਾਣੀ ਅਤੇ ਬਿਜਲੀ ਵਰਗੀਆਂ ਸਹੂਲਤਾਂ ਦਾ ਵੀ ਘਾਟ ਹੈ। ਕਿਸਾਨਾਂ ਨੂੰ ਨਾ ਛਾਂ ਦਾ ਪ੍ਰਬੰਧ ਹੈ ਅਤੇ ਨਾ ਹੀ ਬੈਠਣ ਕੋਈ ਵਿਵਸਥਾ ਕੀਤੀ ਗਈ ਹੈ। ਇਹ ਸਾਰੀਆਂ ਕਮੀਆਂ ਸਰਕਾਰ ਦੇ ਦਾਵਿਆਂ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਰਹੀਆਂ ਹਨ।
ਅਨਾਜ ਮੰਡੀਆਂ ਵਿੱਚ ਕਣਕ ਨਹੀਂ ਪੁੱਜੀ
ਮਾਨਸਾ : ਬੇਸ਼ੱਕ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਪਹਿਲੀ ਅਪਰੈਲ ਤੋਂ ਕਰਨ ਦੇ ਪ੍ਰਬੰਧ ਕੀਤੇ ਹੋਏ ਹਨ, ਪਰ ਇਸ ਦੇ ਬਾਵਜੂਦ ਅੱਜ ਮਾਲਵਾ ਪੱਟੀ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਬੇਈਮਾਨ ਹੋਣ ਕਾਰਨ ਸਾਰੀਆਂ ਅਨਾਜ ਮੰਡੀਆਂ ਵਿਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਇੱਕ ਵੀ ਦਾਣਾ ਵਿਕਣ ਲਈ ਨਹੀਂ ਆਇਆ। ਇਸ ਇਲਾਕੇ ਵਿੱਚ ਅਜੇ ਤੱਕ ਕਿਧਰੇ ਕੰਬਾਈਨਾਂ ਚੱਲਣ ਦੀ ਜਾਣਕਾਰੀ ਨਹੀਂ ਮਿਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਸੇਵਾਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਇਸ ਵਾਰ ਬੇਸ਼ੱਕ ਮਾਲਵਾ ਪੱਟੀ ਵਿਚ ਕਣਕ ਦੀ ਬਿਜਾਈ ਇਸ ਵਾਰ ਸਹੀ ਸਮੇਂ ’ਤੇ ਹੋ ਗਈ ਸੀ, ਪਰ ਕਣਕ ਦੀ ਫ਼ਸਲ ਮਾਲਵਾ ਪੱਟੀ ਵਿਚ ਘੱਟੋ-ਘੱਟ ਹਫ਼ਤੇ ਤੱਕ ਸਹੀ ਰੂਪ ਵਿੱਚ ਪੱਕ ਕੇ ਅਨਾਜ ਮੰਡੀਆਂ ਵਿਚ ਪਹੁੰਚੇਗੀ। ਉਧਰ ਇਸੇ ਦੌਰਾਨ ਡੀ ਸੀ ਨਵਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਉਤੇ ਪ੍ਰਸ਼ਾਸਨ ਵਲੋਂ ਖਰੀਦ ਲਈ ਵਿਆਪਕ ਬੰਦੋਬਸਤ ਕਰ ਲਏ ਹਨ, ਪਰ ਅੱਜ ਕੋਈ ਵੀ ਕਿਸਾਨ ਕਿਸੇ ਮੰਡੀ ਵਿਚ ਆਪਣੀ ਜਿਣਸ ਲੈ ਕੇ ਨਹੀਂ ਪੁੱਜਿਆ। ਉਨ੍ਹਾਂ ਦੱਸਿਆ ਕਿ ਵੈਸੇ ਪੂਰੇ ਜ਼ਿਲ੍ਹੇ ਦੀਆਂ ਵੱਡੀਆਂ ਅਨਾਜ ਮੰਡੀਆਂ ਵਿਚ ਅੱਜ ਅਧਿਕਾਰੀ ਕਣਕ ਆਉਣ ਦੀ ਆਸ ਨਾਲ ਗਏ ਸਨ, ਪਰ ਕਿਧਰੇ ਕਣਕ ਨਹੀਂ ਆਈ।
ਪੰਜਾਬੀ ਟ੍ਰਿਬਯੂਨ